ਗੁਰਦਾਸਪੁਰ ਨਿਊਜ: ਬਟਾਲਾ ਦੇ ਪਿੰਡ ਚੀਮਾ ਖੁੱਡੀ ਅਤੇ ਪੇਜੋ ਚੱਕ ਦੀ ਜ਼ਮੀਨ ਐਕਵਾਇਰ ਕਰਨ ਦੇ ਖਿਲਾਫ਼ ਵਿਰੋਧ ਜਤਾਉਣ ਦੌਰਾਨ ਮਹਿਲਾ ਕਿਸਾਨ ਨੂੰ ਥੱਪੜ ਮਾਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਔਰਤ ਨੂੰ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਐਕਸ਼ਨ ਲਿਆ ਗਿਆ ਹੈ।
ਦੱਸ ਦੇਈਏ ਕਿ ਬੀਤੇ ਦਿਨ ਜ਼ਮੀਨ ਐਕਵਾਇਰ ਕਰਨ ਤੋਂ ਨਰਾਜ਼ ਕਿਸਾਨ ਦਿੱਲੀ-ਕਟੜਾ ਕੌਮੀ ਸ਼ਾਹਰਾਹ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਪੁਲਿਸ ਇੱਥੋਂ ਦੇ ਭਾਮਰੀ ਪਿੰਡ ਦੇ ਸ਼੍ਰੀ ਹਰਗੋਬਿੰਦਪੁਰ ਬਲਾਕ ਪਹੁੰਚੀ ਅਤੇ ਵੱਡੀ ਗਿਣਤੀ ਚ ਕਿਸਾਨਾਂ ਨੂੰ ਬੱਸਾਂ ਵਿਚ ਭਰ ਕੇ ਧਰਨੇ ਵਾਲੀ ਥਾਂ ਤੋਂ ਲੈ ਜਾਣ ਲੱਗੀ। ਪੁਲਿਸ ਦੀ ਇਸ ਕਾਰਵਾਈ ਦਾ ਕਿਸਾਨ ਜਥੇਬੰਦੀਆਂ ਨੇ ਸਖਤ ਵਿਰੋਧ ਕੀਤਾ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੇ ਉੱਥੇ ਮੌਜੂਦ ਮਹਿਲਾ ਕਿਸਾਨ ਨੂੰ ਥੱਪੜ ਮਾਰ ਦਿੱਤਾ। ਜਿਸ ਦਾ ਵੀਡੀਓ ਬਾਅਦ ਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਸਬੰਧਤ ਪੁਲਿਸ ਮੁਲਾਜ਼ਮ ਖਿਲਾਫ਼ ਕਾਰਵਾਈ ਕਰਦਿਆਂ ਉਸਨੂੰ ਲਾਈਨ ਹਾਜਰ ਕਰ ਦਿੱਤਾ ਹੈ।
ਉਧਰ, ਕਿਸਾਨ ਜਥੇਬੰਦੀ ਦਾ ਇਲਜਾਮ ਹੈ ਕਿ ਆਪਣੀ ਜਮੀਨ ਤੋਂ ਕਬਜ਼ਾ ਨਾ ਛੱਡਣ ਤੇ ਕਿਸਾਨਾਂ ਉਤੇ ਭਾਰੀ ਲਾਠੀਚਾਰਜ ਕੀਤਾ ਜਾ ਰਿਹਾ ਹੈ ਨਾਲ ਹੀ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਕਰਕੇ ਜਬਰਨ ਉਨ੍ਹਾਂ ਦੀ ਜਮੀਨ ਐਕੁਆਇਰ ਕੀਤੀ ਜਾ ਹੈ। ਇਹੀ ਨਹੀਂ ਕਿਸਾਨਾਂ ਨੇ ਪੁਲਿਸ ਤੇ ਉਨ੍ਹਾਂ ਨੂੰ ਖੇਤਾਂ ਵਿੱਚ ਘੜੀਸਣ ਅਤੇ ਪੱਗਾਂ ਉਤਾਰਣ ਦਾ ਵੀ ਦੋਸ਼ ਲਗਾਇਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ