ਬੈਂਕ ਨੇ 71 ਸਾਲਾ ਔਰਤ ਨੂੰ ਦੱਸਿਆ ‘ਤੁਸੀਂ ਮਰ ਚੁੱਕੇ ਹੋ’, ਪੈਂਸ਼ਨ ਲਈ ਭਟਕ ਰਹੀ ਬਜ਼ੁਰਗ ਮਹਿਲਾ
ਮਨਜੀਤ ਕੌਰ ਮੁਤਾਬਕ, ਜਨਵਰੀ 2025 ਤੋਂ ਉਨ੍ਹਾਂ ਦੀ ਪੈਂਸ਼ਨ ਆਉਣੀ ਬੰਦ ਹੋ ਗਈ ਸੀ। ਪਹਿਲਾਂ ਉਨ੍ਹਾਂ ਨੇ ਬੈਂਕ 'ਚ ਪਤਾ ਕੀਤਾ ਤਾਂ ਉਨ੍ਹਾਂ ਨੂੰ ਗੁਰਦਾਸਪੁਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਜਾਣ ਲਈ ਕਿਹਾ ਗਿਆ। ਜਦੋਂ ਉੱਥੇ ਗਈ ਤਾਂ ਉਨ੍ਹਾਂ ਨੇ ਬੈਂਕ 'ਚ ਵਾਪਸ ਜਾਣ ਦੀ ਸਲਾਹ ਦਿੱਤੀ। ਅੱਜ ਫਿਰ ਜਦੋਂ ਉਹ ਆਪਣੇ ਬੇਟਿਆਂ ਦੇ ਨਾਲ ਬੈਂਕ ਗਈ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਰਿਕਾਰਡ ਅਨੁਸਾਰ ਉਹ ਮ੍ਰਿਤਕ ਘੋਸ਼ਿਤ ਹੋ ਚੁੱਕੀ ਹੈ ਤੇ 85,000 ਰੁਪਏ ਦੀ ਰਕਮ ਜੋ ਤੁਸੀਂ ਪਿਛਲੇ ਚਾਰ ਸਾਲਾਂ ਤੋਂ ਗਲਤ ਤਰੀਕੇ ਨਾਲ ਕਢਵਾਈ ਹੈ, ਉਸ ਦਾ ਬਕਾਇਆ ਵੀ ਤੁਹਾਡੇ ਵੱਲ ਨਿਕਲਦਾ ਹੈ।
ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਦੀ 71 ਸਾਲਾ ਬਜ਼ੁਰਗ ਔਰਤ ਮਨਜੀਤ ਕੌਰ ਨੂੰ ਬੀਮਾਰ ਪਰਿਵਾਰ ਤੇ ਰੋਜ਼ਮਰ੍ਹਾ ਜ਼ਿੰਦਗੀ ਦਾ ਖਰਚ ਚਲਾਉਣ ਲਈ ਸਰਕਾਰੀ ਪੈਂਸ਼ਨ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਪਰ ਉਸ ‘ਤੇ ਉਸ ਵੇਲੇ ਦੁਖਾਂ ਦਾ ਪਹਾੜ ਟੁੱਟ ਪਿਆ, ਜਦੋਂ ਬੈਂਕ ਪਹੁੰਚਣ ‘ਤੇ ਪਤਾ ਲੱਗਾ ਕਿ ਬੈਂਕ ਦੇ ਰਿਕਾਰਡ ਅਨੁਸਾਰ ਉਹ ਤਾਂ ਚਾਰ ਸਾਲ ਪਹਿਲਾਂ ਮਰ ਚੁੱਕੀ ਹੈ ਅਤੇ ਉਸ ਦੀ ਪੈਂਸ਼ਨ ਰੋਕ ਦਿੱਤੀ ਗਈ ਹੈ।
ਮਨਜੀਤ ਕੌਰ ਨੇ ਦੱਸਿਆ ਕਿ ਉਹ ਦਿਲ ਦੀ ਮਰੀਜ਼ ਹੈ, ਉਨ੍ਹਾਂ ਦਾ ਇੱਕ ਪੁੱਤਰ 48 ਸਾਲਾਂ ਦਾ ਹੈ ਜੋ ਕਿ ਕੈਂਸਰ ਨਾਲ ਪੀੜਤ ਹੈ ਤੇ ਦੂਸਰਾ ਪੁੱਤਰ 42 ਸਾਲਾਂ ਦਾ ਹੈ, ਜਿਸਦਾ ਕਦ ਛੋਟਾ ਹੋਣ ਕਰਕੇ ਉਹ ਵੀ ਕਮਾਉਣ ਜੋਗ ਨਹੀਂ। ਉਨ੍ਹਾਂ ਨੇ ਕਿਹਾ ਕਿ ਪੂਰੇ ਪਰਿਵਾਰ ਦੀ ਆਮਦਨ ਸਿਰਫ਼ ਉਨ੍ਹਾਂ ਦੀ ਪੈਂਸ਼ਨ ਸੀ, ਜਿਸ ਨਾਲ ਦਵਾਈਆਂ ਤੋਂ ਲੈ ਕੇ ਖਾਣ-ਪੀਣ ਤੱਕ ਦਾ ਸਾਰਾ ਖਰਚ ਚੱਲਦਾ ਸੀ।
85,000 ਰੁਪਏ ਦਾ ਬਕਾਇਆ ਭਰਨ ਲਈ ਕਿਹਾ
ਮਨਜੀਤ ਕੌਰ ਮੁਤਾਬਕ, ਜਨਵਰੀ 2025 ਤੋਂ ਉਨ੍ਹਾਂ ਦੀ ਪੈਂਸ਼ਨ ਆਉਣੀ ਬੰਦ ਹੋ ਗਈ ਸੀ। ਪਹਿਲਾਂ ਉਨ੍ਹਾਂ ਨੇ ਬੈਂਕ ‘ਚ ਪਤਾ ਕੀਤਾ ਤਾਂ ਉਨ੍ਹਾਂ ਨੂੰ ਗੁਰਦਾਸਪੁਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਜਾਣ ਲਈ ਕਿਹਾ ਗਿਆ। ਜਦੋਂ ਉੱਥੇ ਗਈ ਤਾਂ ਉਨ੍ਹਾਂ ਨੇ ਬੈਂਕ ‘ਚ ਵਾਪਸ ਜਾਣ ਦੀ ਸਲਾਹ ਦਿੱਤੀ। ਅੱਜ ਫਿਰ ਜਦੋਂ ਉਹ ਆਪਣੇ ਬੇਟਿਆਂ ਦੇ ਨਾਲ ਬੈਂਕ ਗਈ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਰਿਕਾਰਡ ਅਨੁਸਾਰ ਉਹ ਮ੍ਰਿਤਕ ਘੋਸ਼ਿਤ ਹੋ ਚੁੱਕੀ ਹੈ ਤੇ 85,000 ਰੁਪਏ ਦੀ ਰਕਮ ਜੋ ਤੁਸੀਂ ਪਿਛਲੇ ਚਾਰ ਸਾਲਾਂ ਤੋਂ ਗਲਤ ਤਰੀਕੇ ਨਾਲ ਕਢਵਾਈ ਹੈ, ਉਸ ਦਾ ਬਕਾਇਆ ਵੀ ਤੁਹਾਡੇ ਵੱਲ ਨਿਕਲਦਾ ਹੈ।
ਇਸ ਕਾਰਨ ਉਨ੍ਹਾਂ ਦਾ ਬੈਂਕ ਖਾਤਾ ਵੀ ਸੀਲ ਕਰ ਦਿੱਤਾ ਗਿਆ ਹੈ, ਜਿਸ ‘ਚ ਉਨ੍ਹਾਂ ਦੇ ਨਿੱਜੀ ਪੈਸੇ ਵੀ ਪਏ ਹੋਏ ਹਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਪੈਂਸ਼ਨ ਬਹਾਲ ਕੀਤੀ ਜਾਵੇ ਅਤੇ ਖਾਤਾ ਖੋਲ੍ਹਿਆ ਜਾਵੇ।
ਜਿਲ੍ਹਾ ਅਧਿਕਾਰੀ ਵੱਲੋਂ ਕਾਰਵਾਈ ਦਾ ਭਰੋਸਾ
ਇਸ ਮਾਮਲੇ ਸਬੰਧੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਡਾ. ਕਿਰਤਪ੍ਰੀਤ ਕੌਰ ਨੇ ਕਿਹਾ ਕਿ ਇਹ ਸੰਭਵ ਹੈ ਕਿ ਕਿਸੇ ਹੋਰ ਮਨਜੀਤ ਕੌਰ ਦੇ ਨਾਮ-ਮਿਲਾਪ ਕਾਰਨ ਗਲਤੀ ਹੋਈ ਹੋਵੇ। ਮਾਮਲਾ ਉਨ੍ਹਾਂ ਦੇ ਧਿਆਨ ‘ਚ ਆ ਗਿਆ ਹੈ ਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜਾਂਚ ਕਰਕੇ ਜਲਦੀ ਹੀ ਪੈਂਸ਼ਨ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨੀ ਵੀ ਪੈਂਸ਼ਨ ਰੁਕ ਗਈ ਹੈ, ਉਹ ਵੀ ਵਾਪਸ ਮਿਲੇਗੀ। ਨਾਲ ਹੀ ਬੈਂਕ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਜਾਣਗੇ ਕਿ ਮਨਜੀਤ ਕੌਰ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ।
