ਗੁਰਦਾਸਪੁਰ ਦੇ ਪਰਿਵਾਰ ਨੇ ਤੋਤਾ-ਤੋਤੀ ਦੀ ਮੌਤ ਤੇ ਨਿਭਾਏ ਸਾਰੇ ਰੀਤੀ-ਰਿਵਾਜ, ਪਿਆਰ ਦੀ ਅਨੋਖੀ ਮਿਸਾਲ
Gurdaspur News: 14 ਨਵੰਬਰ 2025 ਨੂੰ ਤੋਤਾ ਮੂਨ ਦੀ ਅਚਾਨਕ ਮੌਤ ਹੋ ਗਈ, ਜਿਸ ਨਾਲ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਿਆ। ਪਰਿਵਾਰ ਨੇ ਉਸਦੀ ਮੌਤ ਤੇ ਉਹੀ ਸਾਰੇ ਰੀਤੀ-ਰਿਵਾਜ ਕੀਤੇ, ਜੋ ਇੱਕ ਇਨਸਾਨ ਦੀ ਮੌਤ ਤੇ ਕੀਤੇ ਜਾਂਦੇ ਹਨ। ਇੱਕ ਮਹੀਨੇ ਬਾਅਦ, 19 ਦਸੰਬਰ 2025 ਨੂੰ ਤੋਤੀ ਪੀਹੂ ਦੀ ਵੀ ਮੌਤ ਹੋ ਗਈ। ਦੋਵੇਂ ਪੰਛੀਆਂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਵਾਇਆ ਗਿਆ।
ਅੱਜ ਦੇ ਸਮੇਂ ਵਿੱਚ, ਜਿੱਥੇ ਮਨੁੱਖ ਆਪਸੀ ਰਿਸ਼ਤਿਆਂ ਵਿੱਚ ਵੀ ਦੂਰੀ ਮਹਿਸੂਸ ਕਰ ਰਿਹਾ ਹੈ, ਉੱਥੇ ਗੁਰਦਾਸਪੁਰ ਦੇ ਮੁਹੱਲਾ ਪ੍ਰੇਮ ਨਗਰ ਵਾਸੀ ਇੱਕ ਪਰਿਵਾਰ ਨੇ ਪੰਛੀਆਂ ਨਾਲ ਅਜਿਹਾ ਪਿਆਰ ਦਰਸਾਇਆ ਹੈ, ਜੋ ਸਮਾਜ ਲਈ ਇੱਕ ਮਿਸਾਲ ਬਣ ਗਿਆ ਹੈ। ਇਸ ਪਰਿਵਾਰ ਨੇ ਆਪਣੇ ਘਰ ਵਿੱਚ ਪਾਲੇ ਤੋਤਾ-ਤੋਤੀ ਦੀ ਮੌਤ ਤੋਂ ਬਾਅਦ ਮਨੁੱਖਾਂ ਵਾਂਗ ਪੂਰੇ ਧਾਰਮਿਕ ਅਤੇ ਸਮਾਜਿਕ ਰੀਤੀ-ਰਿਵਾਜ ਨਿਭਾਏ। ਰਿਵਾਰਕ ਮੈਂਬਰ ਬਬਲੀ ਅਤੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਸੱਤ ਸਾਲ ਪਹਿਲਾਂ ਉਹਨਾਂ ਨੇ ਇੱਕ ਤੋਤਾ ਅਤੇ ਤੋਤੀ ਦਾ ਜੋੜਾ ਲਿਆ ਸੀ, ਜਿਨ੍ਹਾਂ ਦੇ ਨਾਮ ਮੂਨ ਅਤੇ ਪੀਹੂ ਰੱਖੇ ਗਏ। ਉਹਨਾਂ ਦੱਸਿਆ ਕਿ ਉਸ ਸਮੇਂ ਪਰਿਵਾਰ ਦੀ ਆਰਥਿਕ ਹਾਲਤ ਕਾਫੀ ਕਮਜ਼ੋਰ ਸੀ। ਘਰ ਮਿੱਟੀ ਦਾ ਸੀ ਅਤੇ ਰੋਜ਼ੀ-ਰੋਟੀ ਲਈ ਸੰਘਰਸ਼ ਕਰਨਾ ਪੈਂਦਾ ਸੀ।
ਕਿਸਮਤ ਬਦਲਣ ਦਾ ਸਬੱਬ ਬਣੇ ਪੰਛੀ
ਪਰਿਵਾਰ ਦਾ ਮੰਨਣਾ ਹੈ ਕਿ ਤੋਤਾ-ਤੋਤੀ ਦੇ ਘਰ ਆਉਣ ਤੋਂ ਬਾਅਦ ਉਹਨਾਂ ਦੀ ਕਿਸਮਤ ਨੇ ਕਰਵਟ ਲਈ। ਕਈ ਥਾਵਾਂ ਤੋਂ ਰੁਕੇ ਹੋਏ ਪੈਸੇ ਮਿਲੇ, ਇੱਕ ਪੁਰਾਣਾ ਕੇਸ ਪਰਿਵਾਰ ਦੇ ਹੱਕ ਵਿੱਚ ਨਿਪਟ ਗਿਆ ਅਤੇ ਆਰਥਿਕ ਹਾਲਤ ਵਿੱਚ ਵੱਡਾ ਸੁਧਾਰ ਆਇਆ। ਇਸ ਕਾਰਨ ਉਹ ਇਨ੍ਹਾਂ ਪੰਛੀਆਂ ਨੂੰ ਆਪਣੀ ਜ਼ਿੰਦਗੀ ਦੀ ਲੱਕੀ ਨਿਸ਼ਾਨੀ ਅਤੇ ਦੈਵੀ ਰੂਹ ਮੰਨਣ ਲੱਗ ਪਏ।
ਮੌਤ ਤੋਂ ਬਾਅਦ ਨਿਭਾਏ ਗਏ ਪੂਰੇ ਰੀਤੀ-ਰਿਵਾਜ
14 ਨਵੰਬਰ 2025 ਨੂੰ ਤੋਤਾ ਮੂਨ ਦੀ ਅਚਾਨਕ ਮੌਤ ਹੋ ਗਈ, ਜਿਸ ਨਾਲ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਿਆ। ਪਰਿਵਾਰ ਨੇ ਉਸਦੀ ਮੌਤ ਤੇ ਉਹੀ ਸਾਰੇ ਰੀਤੀ-ਰਿਵਾਜ ਕੀਤੇ, ਜੋ ਇੱਕ ਇਨਸਾਨ ਦੀ ਮੌਤ ਤੇ ਕੀਤੇ ਜਾਂਦੇ ਹਨ। ਇੱਕ ਮਹੀਨੇ ਬਾਅਦ, 19 ਦਸੰਬਰ 2025 ਨੂੰ ਤੋਤੀ ਪੀਹੂ ਦੀ ਵੀ ਮੌਤ ਹੋ ਗਈ। ਦੋਵੇਂ ਪੰਛੀਆਂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਵਾਇਆ ਗਿਆ। ਦਸਵੇਂ ਦੇ ਦਿਨ 300 ਤੋਂ ਵੱਧ ਲੋਕਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ ਅਤੇ ਸਾਰੇ ਰਿਸ਼ਤੇਦਾਰਾਂ ਨੂੰ ਭੋਗ ਸਮਾਗਮ ਵਿੱਚ ਸੱਦਾ ਦਿੱਤਾ ਗਿਆ। ਤੋਤਾ-ਤੋਤੀ ਨੂੰ ਘਰ ਵਿੱਚ ਹੀ ਦਫ਼ਨਾਇਆ ਗਿਆ।
ਪਸ਼ੂ-ਪੰਛੀ ਵੀ ਹਨ ਪਰਿਵਾਰ ਦਾ ਹਿੱਸਾ
ਇਸ ਪਰਿਵਾਰ ਨੇ ਸਾਬਤ ਕਰ ਦਿੱਤਾ ਹੈ ਕਿ ਪਸ਼ੂ ਅਤੇ ਪੰਛੀ ਵੀ ਸਿਰਫ਼ ਪਾਲਤੂ ਨਹੀਂ, ਸਗੋਂ ਪਰਿਵਾਰ ਦੇ ਸੱਚੇ ਮੈਂਬਰ ਹੋ ਸਕਦੇ ਹਨ। ਇਹ ਘਟਨਾ ਮਨੁੱਖਤਾ, ਕਰੁਣਾ ਅਤੇ ਪਿਆਰ ਦੀ ਇੱਕ ਵਿਲੱਖਣ ਮਿਸਾਲ ਹੈ।