ਵਿਦੇਸ਼ ਬੈਠੇ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਪੰਜਾਬ ਦੀ ਜਵਾਨੀ, ਲਗਜ਼ਰੀ ਲਾਈਫ਼ ਦਾ ਝਾਂਸਾ ਦੇ ਨੌਜਵਾਨਾਂ ਨੂੰ ਜੁਰਮ ਦੀ ਦਲਦਲ ‘ਚ ਧੱਕ ਰਹੇ

Published: 

21 Aug 2026 14:40 PM IST

ਵਿਦੇਸ਼ਾਂ ਵਿੱਚ ਪਨਾਹ ਲਈ ਬੈਠੇ ਖ਼ਤਰਨਾਕ ਗੈਂਗਸਟਰ ਅਤੇ ਉਨ੍ਹਾਂ ਦੇ ਹੈਂਡਲਰ ਪੰਜਾਬ ਦੇ ਨੌਜਵਾਨਾਂ ਨੂੰ ਭਰਮਾ ਕੇ ਗੈਂਗਸਟਰ ਕਲਚਰ ਦੇ ਝੂਠੇ ਗਲੈਮਰ ਦੇ ਜਾਲ ਵਿੱਚ ਫਸਾ ਰਹੇ ਹਨ। 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਆਧੁਨਿਕ ਹਥਿਆਰਾਂ, ਮਹਿੰਗੀਆਂ ਲਗਜ਼ਰੀ ਗੱਡੀਆਂ, ਵਿਦੇਸ਼ਾਂ ਵਿੱਚ ਪੱਕੇ ਤੌਰ 'ਤੇ ਵਸਾਉਣ ਅਤੇ ਸਮਾਜ ਵਿੱਚ ਦਬਦਬਾ ਕਾਇਮ ਕਰਨ ਦਾ ਝਾਂਸਾ ਦੇ ਕੇ ਸੋਸ਼ਲ ਮੀਡੀਆ ਰਾਹੀਂ ਫਸਾਇਆ ਜਾ ਰਿਹਾ ਹੈ।

ਵਿਦੇਸ਼ ਬੈਠੇ ਗੈਂਗਸਟਰਾਂ ਦੇ ਨਿਸ਼ਾਨੇ ਤੇ ਪੰਜਾਬ ਦੀ ਜਵਾਨੀ, ਲਗਜ਼ਰੀ ਲਾਈਫ਼ ਦਾ ਝਾਂਸਾ ਦੇ ਨੌਜਵਾਨਾਂ ਨੂੰ ਜੁਰਮ ਦੀ ਦਲਦਲ ਚ ਧੱਕ ਰਹੇ

Ai Ganrated Image

ਵਿਦੇਸ਼ਾਂ ਵਿੱਚ ਪਨਾਹ ਲਈ ਬੈਠੇ ਖ਼ਤਰਨਾਕ ਗੈਂਗਸਟਰ ਅਤੇ ਉਨ੍ਹਾਂ ਦੇ ਹੈਂਡਲਰ ਪੰਜਾਬ ਦੇ ਨੌਜਵਾਨਾਂ ਨੂੰ ਭਰਮਾ ਕੇ ਗੈਂਗਸਟਰ ਕਲਚਰ ਦੇ ਝੂਠੇ ਗਲੈਮਰ ਦੇ ਜਾਲ ਵਿੱਚ ਫਸਾ ਰਹੇ ਹਨ। 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਆਧੁਨਿਕ ਹਥਿਆਰਾਂ, ਮਹਿੰਗੀਆਂ ਲਗਜ਼ਰੀ ਗੱਡੀਆਂ, ਵਿਦੇਸ਼ਾਂ ਵਿੱਚ ਪੱਕੇ ਤੌਰ ‘ਤੇ ਵਸਾਉਣ ਅਤੇ ਸਮਾਜ ਵਿੱਚ ਦਬਦਬਾ ਕਾਇਮ ਕਰਨ ਦਾ ਝਾਂਸਾ ਦੇ ਕੇ ਸੋਸ਼ਲ ਮੀਡੀਆ ਰਾਹੀਂ ਫਸਾਇਆ ਜਾ ਰਿਹਾ ਹੈ। ਇਨ੍ਹਾਂ ਕੱਚੀ ਉਮਰ ਦੇ ਮੁੰਡਿਆਂ ਨੂੰ ਸ਼ੁਰੂਆਤ ਵਿੱਚ ਛੋਟੇ-ਮੋਟੇ ਕੰਮ ਸੌਂਪੇ ਜਾਂਦੇ ਹਨ ਅਤੇ ਹੌਲੀ-ਹੌਲੀ ਉਨ੍ਹਾਂ ਨੂੰ ਸੰਗੀਨ ਤੇ ਹਿੰਸਕ ਅਪਰਾਧਾਂ ਦੇ ਰਾਹ ਵੱਲ ਧੱਕ ਦਿੱਤਾ ਜਾਂਦਾ ਹੈ।

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਸਮੇਤ ਹੋਰ ਜਾਂਚ ਏਜੰਸੀਆਂ ਵੱਲੋਂ ਵੱਖ-ਵੱਖ ਮਾਮਲਿਆਂ ਦੀ ਜਾਂਚ ਦੌਰਾਨ ਗੈਂਗਸਟਰਾਂ ਦੇ ਇਸ ਭਰਤੀ ਪੈਟਰਨ ਬਾਰੇ ਇਹ ਅਹਿਮ ਤੱਥ ਸਾਹਮਣੇ ਆਏ ਹਨ। ਜਾਂਚ ਵਿੱਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਹੈਂਡਲਰ ਪੰਜਾਬ ਦੇ ਨੌਜਵਾਨਾਂ ਨਾਲ ਸੰਪਰਕ ਸਾਧਣ ਲਈ ਸਿਗਨਲ ਅਤੇ ਟੈਲੀਗ੍ਰਾਮ ਵਰਗੀਆਂ ਪੂਰੀ ਤਰ੍ਹਾਂ ਐਨਕ੍ਰਿਪਟਡ ਮੈਸੇਜਿੰਗ ਐਪਸ ਦੀ ਵਰਤੋਂ ਕਰ ਰਹੇ ਹਨ।

50 ਤੋਂ ਵੱਧ ਲੋੜੀਂਦੇ ਗੈਂਗਸਟਰ ਵਿਦੇਸ਼ਾਂ ਤੋਂ ਚਲਾ ਰਹੇ ਨੈੱਟਵਰਕ

ਪੰਜਾਬ ਪੁਲਿਸ ਦੀ ਏਜੀਟੀਐੱਫ ਨਾਲ ਸਬੰਧਤ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 50 ਤੋਂ ਵੱਧ ਅਜਿਹੇ ਲੋੜੀਂਦੇ ਗੈਂਗਸਟਰ ਹਨ ਜੋ ਵਿਦੇਸ਼ੀ ਧਰਤੀ ‘ਤੇ ਬੈਠ ਕੇ ਪੰਜਾਬ ਵਿੱਚ ਆਪਣਾ ਅਪਰਾਧਿਕ ਨੈੱਟਵਰਕ ਚਲਾ ਰਹੇ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਇਸ ਵੇਲੇ ਅਮਰੀਕਾ ਵਿੱਚ ਮੌਜੂਦ ਹਨ, ਜਦਕਿ ਕਈ ਯੂਏਈ (ਦੁਬਈ), ਕੈਨੇਡਾ, ਜਰਮਨੀ, ਯੂਕੇ, ਮਲੇਸ਼ੀਆ, ਆਸਟ੍ਰੇਲੀਆ, ਪੁਰਤਗਾਲ, ਥਾਈਲੈਂਡ, ਪਾਕਿਸਤਾਨ, ਇਟਲੀ, ਬ੍ਰਾਜ਼ੀਲ, ਇੰਡੋਨੇਸ਼ੀਆ ਅਤੇ ਕੁਝ ਹੋਰ ਯੂਰਪੀ ਦੇਸ਼ਾਂ ਵਿੱਚ ਬੈਠ ਕੇ ਪੰਜਾਬ ਅੰਦਰ ਵਾਰਦਾਤਾਂ ਨੂੰ ਅੰਜਾਮ ਦਿਵਾ ਰਹੇ ਹਨ।

ਇਹ ਵਿਦੇਸ਼ੀ ਹੈਂਡਲਰ ਸਥਾਨਕ ਮੌਡਿਊਲਾਂ ਦੀ ਮਦਦ ਨਾਲ ਪੰਜਾਬ ਵਿੱਚ ਜਬਰੀ ਵਸੂਲੀ, ਫਿਰੌਤੀ, ਟਾਰਗੇਟ ਕਿਲਿੰਗ, ਕੰਟਰੈਕਟ ਕਿਲਿੰਗ, ਗੈਂਗਵਾਰ, ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ, ਲੁੱਟ-ਖੋਹ, ਡਕੈਤੀ, ਹਵਾਲਾ ਕਾਰੋਬਾਰ, ਵਾਰਦਾਤਾਂ ਲਈ ਗੱਡੀਆਂ, ਕਿਰਾਏ ਦੇ ਮਕਾਨ, ਫ਼ਰਜ਼ੀ ਸਿਮ ਕਾਰਡ ਅਤੇ ਹਥਿਆਰ ਮੁਹੱਈਆ ਕਰਵਾਉਣ ਵਰਗੇ ਗੈਰ-ਕਾਨੂੰਨੀ ਕੰਮ ਚਲਾਉਂਦੇ ਹਨ। ਇਸ ਤੋਂ ਇਲਾਵਾ ਦੇਸ਼ ਵਿਰੋਧੀ ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਦਾ ਪ੍ਰਬੰਧ ਕਰਨਾ, ਗ੍ਰਨੇਡ ਹਮਲੇ, ਆਈਈਡੀ (IED) ਧਮਾਕੇ ਅਤੇ ਹੋਰ ਹਿੰਸਕ ਹਮਲੇ ਕਰਵਾਉਣ ਲਈ ਵੀ ਸਥਾਨਕ ਨੌਜਵਾਨਾਂ ਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ।

ਲਾਲਚ ‘ਚ ਫਸ ਕੇ ਪੁਲਿਸ ਅੜਿੱਕੇ ਚੜ੍ਹੇ ਕਈ ਗੁਰਗੇ

ਵਿਦੇਸ਼ੀ ਹੈਂਡਲਰਾਂ ਦੇ ਕਈ ਅਜਿਹੇ ਕਾਰਕੁਨ ਹਨ ਜਿਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਲਾਲਚ ਦੇ ਕੇ ਜੁਰਮ ਦੀ ਦੁਨੀਆ ਵਿੱਚ ਧੱਕਿਆ ਗਿਆ ਸੀ, ਪਰ ਉਹ ਅੰਤ ਵਿੱਚ ਪੁਲਿਸ ਦੇ ਹੱਥੇ ਚੜ੍ਹ ਗਏ। ਇਹਨਾਂ ਵਿੱਚ ਏਜੀਟੀਐੱਫ ਵੱਲੋਂ ਕਾਬੂ ਕੀਤਾ ਗਿਆ ਮਨਦੀਪ ਸਿੰਘ ਉਰਫ਼ ਛੋਟਾ ਮਨੀ ਅਤੇ ਉਸਦਾ ਸਾਥੀ ਜਤਿੰਦਰ ਸਿੰਘ ਸ਼ਾਮਲ ਹਨ, ਜਿਨ੍ਹਾਂ ਨੂੰ ਵਿਦੇਸ਼ ਵਿੱਚ ਪੱਕੇ ਤੌਰ ‘ਤੇ ਵਸਾਉਣ ਦਾ ਸੁਪਨਾ ਦਿਖਾਇਆ ਗਿਆ ਸੀ। ਪੁਲਿਸ ਰਿਕਾਰਡ ਅਨੁਸਾਰ ਮਨਦੀਪ ਨੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮਾਂ ਨੂੰ ਲੁਕਣ ਲਈ ਟਿਕਾਣੇ ਮੁਹੱਈਆ ਕਰਵਾਏ ਸਨ।

ਇਸੇ ਤਰ੍ਹਾਂ ਅਮਨਪ੍ਰੀਤ ਸਿੰਘ, ਪਰਵਿੰਦਰ ਸਿੰਘ ਅਤੇ ਮਾਇਆ ਨਾਂ ਦੀ ਮੁਟਿਆਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹਨਾਂ ‘ਤੇ ਗੈਂਗਸਟਰਾਂ ਨੂੰ ਰੇਲਵੇ ਸਟੇਸ਼ਨ ਤੋਂ ਲਿਆਉਣ, ਠਹਿਰਾਉਣ ਦੇ ਪ੍ਰਬੰਧ ਕਰਨ ਅਤੇ ਹੋਰ ਲੌਜਿਸਟਿਕ ਮਦਦ ਦੇਣ ਦੇ ਇਲਜ਼ਾਮ ਸਨ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਟਿਆਰ ਮਾਇਆ ਵੀ ਗੈਂਗਸਟਰ ਗਲੈਮਰ ਕਲਚਰ ਦਾ ਸ਼ਿਕਾਰ ਬਣੀ ਸੀ। ਉਸਦੀ ਇੰਸਟਾਗ੍ਰਾਮ ਰਾਹੀਂ ਗੈਂਗਸਟਰ ਰੋਹਿਤ ਗੋਦਾਰਾ ਨਾਲ ਗੱਲਬਾਤ ਸ਼ੁਰੂ ਹੋਈ ਸੀ। ਉਸ ਦੇ ਸਰੀਰ ‘ਤੇ ਬੰਦੂਕਾਂ ਦੇ ਟੈਟੂ ਬਣੇ ਹੋਏ ਸਨ ਅਤੇ ਉਹ ਇਸ ਅਪਰਾਧਿਕ ਜੀਵਨ ਸ਼ੈਲੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਇਸੇ ਤਰ੍ਹਾਂ ਹੋਰ ਵੀ ਕਈ ਨੌਜਵਾਨ ਥੋੜ੍ਹੇ ਸਮੇਂ ਦੇ ਲਾਲਚ ਵਿੱਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਚੁੱਕੇ ਹਨ।

ਇਹ ਵੱਡੇ ਗੈਂਗਸਟਰ ਵਿਦੇਸ਼ਾਂ ਤੋਂ ਵਿਛਾ ਰਹੇ ਨੇ ਜਾਲ

ਵਿਦੇਸ਼ੀ ਧਰਤੀ ‘ਤੇ ਬੈਠ ਕੇ ਪੰਜਾਬ ਦੀ ਨੌਜਵਾਨੀ ਨੂੰ ਕੁਰਾਹੇ ਪਾਉਣ ਵਾਲੇ ਮੁੱਖ ਗੈਂਗਸਟਰਾਂ ਵਿੱਚ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਲੱਕੀ ਪਟਿਆਲ, ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ, ਲਖਬੀਰ ਸਿੰਘ ਉਰਫ਼ ਲੰਡਾ, ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ, ਰੋਹਿਤ ਗੋਦਾਰਾ, ਸੁਪ੍ਰੀਤ ਸਿੰਘ ਉਰਫ਼ ਹੈਰੀ ਚੱਠਾ, ਬਲਵਿੰਦਰ ਸਿੰਘ ਉਰਫ਼ ਡੋਨੀ ਬਾਲ, ਗੋਪੀ ਘਨਸ਼ਾਮਪੁਰੀਆ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਬਾਥ ਮੁੱਖ ਤੌਰ ‘ਤੇ ਸ਼ਾਮਲ ਹਨ, ਜੋ ਨੌਜਵਾਨਾਂ ਨੂੰ ਆਪਣੇ ਮਕਸਦ ਲਈ ਵਰਤ ਕੇ ਸੂਬੇ ਦਾ ਅਮਨ-ਕਾਨੂੰਨ ਵਿਗਾੜਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ।

Loading...
Unable to load recommendations.
Follow Us