ਪੰਜਾਬ ਲਈ ਬਿਪਤਾ ਦੀ ਘੜੀ: ਪਿੰਡਾਂ ‘ਚ ਮੀਂਹ ਦਾ ਕਹਿਰ, ਲੋਕ ਪ੍ਰੇਸ਼ਾਨ

Updated On: 

31 Aug 2025 10:16 AM IST

Punjab Flood: ਪੰਜਾਬ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆਇਆ ਹੋਇਆ ਹੈ। ਜਿਸ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ। ਇਸ ਵੇਲੇ ਕਈ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਹਨ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੈਂਡ ਸਲਾਈਡ ਅਤੇ ਹੜ੍ਹ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਹੈ।

ਪੰਜਾਬ ਲਈ ਬਿਪਤਾ ਦੀ ਘੜੀ: ਪਿੰਡਾਂ ਚ ਮੀਂਹ ਦਾ ਕਹਿਰ, ਲੋਕ ਪ੍ਰੇਸ਼ਾਨ

Punjab Flood: ਪੰਜਾਬ ਅਤੇ ਜੰਮੂ-ਕਸ਼ਮੀਰ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਹਫੜਾ-ਦਫੜੀ ਮਚੀ ਹੋਈ ਹੈ। ਪੰਜਾਬ ਦੇ 1000 ਤੋਂ ਵੱਧ ਪਿੰਡ ਇਸ ਵੇਲੇ ਹੜ੍ਹਾਂ ਦੀ ਲਪੇਟ ਵਿੱਚ ਹਨ। ਲੋਕਾਂ ਨੂੰ ਇੱਥੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਲਿਜਾਇਆ ਗਿਆ ਹੈ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਇਸ ਦੇ ਨਾਲ ਹੀ ਹਰ ਰੋਜ਼ ਬੱਦਲ ਫਟਣ ਅਤੇ ਲੈਂਡ ਸਲਾਈਡਿੰਗ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਤੱਕ ਇਨ੍ਹਾਂ ਘਟਨਾਵਾਂ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦੀ ਸਥਿਤੀ ਖਰਾਬ ਹੈ। ਹੜ੍ਹਾਂ ਨਾਲ 1,000 ਤੋਂ ਵੱਧ ਪਿੰਡ ਅਤੇ 61,000 ਹੈਕਟੇਅਰ ਤੋਂ ਵੱਧ ਖੇਤੀਬਾੜੀ ਜ਼ਮੀਨ ਪ੍ਰਭਾਵਿਤ ਹੋਈ ਹੈ, ਜਦੋਂ ਕਿ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ। ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਭਾਰੀ ਬਾਰਿਸ਼ ਕਾਰਨ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਪੰਜਾਬ ਭਿਆਨਕ ਹੜ੍ਹਾਂ ਦੀ ਲਪੇਟ ਵਿੱਚ ਹੈ। ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਜ਼ਿਆਦਾਤਰ ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ।

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਕਾਰਜ ਜਾਰੀ

ਐਨਡੀਆਰਐਫ, ਫੌਜ, ਬੀਐਸਐਫ ਅਤੇ ਜ਼ਿਲ੍ਹਾ ਅਧਿਕਾਰੀਆਂ ਨੇ ਬਚਾਅ ਕਾਰਜ ਚਲਾਏ ਹਨ ਅਤੇ ਹੁਣ ਤੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਕੁੱਲ 11,330 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ। ਇਨ੍ਹਾਂ ਵਿੱਚ ਫਿਰੋਜ਼ਪੁਰ ਤੋਂ 2,819, ਹੁਸ਼ਿਆਰਪੁਰ ਤੋਂ 1,052, ਕਪੂਰਥਲਾ ਤੋਂ 240, ਗੁਰਦਾਸਪੁਰ ਤੋਂ 4,771, ਮੋਗਾ ਤੋਂ 24, ਪਠਾਨਕੋਟ ਤੋਂ 1,100, ਤਰਨਤਾਰਨ ਤੋਂ 60, ਬਰਨਾਲਾ ਤੋਂ 25 ਅਤੇ ਫਾਜ਼ਿਲਕਾ ਤੋਂ 1,239 ਲੋਕ ਸ਼ਾਮਲ ਹਨ।

24 ਘੰਟਿਆਂ ਵਿੱਚ 4,711 ਲੋਕਾਂ ਨੂੰ ਬਚਾਇਆ

ਦੱਸਿਆ ਗਿਆ ਕਿ ਪਿਛਲੇ 24 ਘੰਟਿਆਂ ਦੌਰਾਨ 4,711 ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਇਨ੍ਹਾਂ ਵਿੱਚ ਫਿਰੋਜ਼ਪੁਰ ਦੇ 812, ਗੁਰਦਾਸਪੁਰ ਦੇ 2,571, ਮੋਗਾ ਦੇ 4, ਤਰਨਤਾਰਨ ਦੇ 60, ਬਰਨਾਲਾ ਦੇ 25 ਅਤੇ ਫਾਜ਼ਿਲਕਾ ਦੇ 1,239 ਲੋਕ ਸ਼ਾਮਲ ਹਨ। ਇਸ ਵੇਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 87 ਰਾਹਤ ਕੈਂਪ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 77 ਪੂਰੀ ਤਰ੍ਹਾਂ ਭਰੇ ਹੋਏ ਹਨ, ਜਿੱਥੇ 4,729 ਲੋਕ ਰਹਿ ਰਹੇ ਹਨ। ਲੋਕਾਂ ਨੂੰ ਸਾਰੀਆਂ ਜ਼ਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਕਪੂਰਥਲਾ ਦੇ ਚਾਰ ਕੈਂਪਾਂ ਵਿੱਚ 110 ਲੋਕ, ਫਿਰੋਜ਼ਪੁਰ ਦੇ ਅੱਠ ਕੈਂਪਾਂ ਵਿੱਚ 3,450, ਹੁਸ਼ਿਆਰਪੁਰ ਦੇ 20 ਕੈਂਪਾਂ ਵਿੱਚ 478, ਗੁਰਦਾਸਪੁਰ ਦੇ 12 ਕੈਂਪਾਂ ਵਿੱਚ 255, ਪਠਾਨਕੋਟ ਦੇ 14 ਕੈਂਪਾਂ ਵਿੱਚ 411 ਅਤੇ ਬਰਨਾਲਾ ਦੇ ਇੱਕ ਕੈਂਪ ਵਿੱਚ 25 ਲੋਕ ਹਨ। ਇਸ ਤੋਂ ਇਲਾਵਾ, ਫਾਜ਼ਿਲਕਾ ਵਿੱਚ 11 ਕੈਂਪ, ਮੋਗਾ ਵਿੱਚ ਪੰਜ ਅਤੇ ਅੰਮ੍ਰਿਤਸਰ ਵਿੱਚ ਦੋ ਕੈਂਪ ਹਨ। ਐਨਡੀਆਰਐਫ, ਐਸਡੀਆਰਐਫ, ਪੰਜਾਬ ਪੁਲਿਸ ਅਤੇ ਫੌਜ ਅਤੇ ਸਥਾਨਕ ਭਾਈਚਾਰਿਆਂ ਦੀ ਮਦਦ ਨਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ।

ਗੁਰਦਾਸਪੁਰ ਵਿੱਚ ਐਨਡੀਆਰਐਫ ਦੀਆਂ ਸੱਤ ਟੀਮਾਂ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਇੱਕ-ਇੱਕ ਅਤੇ ਪਠਾਨਕੋਟ ਵਿੱਚ ਦੋ ਟੀਮਾਂ ਤਾਇਨਾਤ ਹਨ। ਐਸਡੀਆਰਐਫ ਨੇ ਕਪੂਰਥਲਾ ਵਿੱਚ ਦੋ ਟੀਮਾਂ ਤਾਇਨਾਤ ਕੀਤੀਆਂ ਹਨ। ਕਪੂਰਥਲਾ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਪਠਾਨਕੋਟ ਵਿੱਚ ਫੌਜ, ਬੀਐਸਐਫ ਅਤੇ ਹਵਾਈ ਸੈਨਾ ਵੀ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਹੈ। ਪੰਜਾਬ ਪੁਲਿਸ ਵੀ ਪ੍ਰਭਾਵਿਤ ਲੋਕਾਂ ਨੂੰ ਪੂਰੀ ਸਹਾਇਤਾ ਦੇ ਰਹੀ ਹੈ। ਮੁੱਖ ਸਕੱਤਰ ਦੇ ਨਾਲ ਪ੍ਰਮੁੱਖ ਸਕੱਤਰ (ਜਲ ਸਰੋਤ) ਕ੍ਰਿਸ਼ਨ ਕੁਮਾਰ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਸੀਨੀਅਰ ਪੁਲਿਸ ਸੁਪਰਡੈਂਟ ਸੰਦੀਪ ਕੁਮਾਰ ਮਲਿਕ ਵੀ ਮੌਜੂਦ ਸਨ।

Follow Us