Vigilance Action: ਸਾਬਕਾ ਕਾਂਗਰਸੀ ਵਿਧਾਇਕ ਸਤਿਕਾਰ ਕੌਰ ਵਿਜੀਲੈਂਸ ਜਾਂਚ ਦੇ ਘੇਰੇ ‘ਚ
Satkar Kaur ਨੇ 2017 ਵਿੱਚ ਕਾਂਗਰਸ ਪਾਰਟੀ ਤੋਂ ਫਿਰੋਜ਼ਪੁਰ ਦਿਹਾਤੀ ਤੋਂ ਚੋਣ ਲੜੀ ਅਤੇ 2022 ਵਿੱਚ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਕਾਰਨ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਈ।
ਫਿਰੋਜ਼ਪੁਰ ਨਿਊਜ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਜੀਲੈਂਸ ਵਿਭਾਗ (Vigilance Department) ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੀ ਸਰਕਾਰ ਦੇ ਕਈ ਮੰਤਰੀਆਂ ਤੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਚ ਕਾਰਵਾਈ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਸਾਬਕਾ ਕਾਂਗਰਸੀ ਵਿਧਾਇਕ ਸਤਿਕਾਰ ਕੌਰ (Ex Congress MLA Satkar Kaur) ਤੋਂ ਵਿੱਚ ਲਗਭਗ ਚਾਰ ਘੰਟੇ ਤੱਕ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੁੱਛਗਿੱਛ ਕੀਤੀ।
‘ਜਾਂਚ ਏਜੰਸੀ ਦੀ ਹਰ ਮੱਦਦ ਕੀਤੀ ਜਾਵੇਗੀ’
ਵਿਜੀਲੈਂਸ ਅੱਗੇ ਪੇਸ਼ ਹੋਣ ਮਗਰੋਂ ਸਤਿਕਾਰ ਕੌਰ ਨੇ ਕਿਹਾ ਕਿ ਮੈਂ ਜਾਂਚ ਵਿੱਚ ਸ਼ਾਮਲ ਹੋਈ ਹਾਂ ਅਤੇ ਕੁਝ ਵੀ ਗੈਰ ਕਾਨੂੰਨੀ ਨਹੀਂ ਹੈ। ਅਸੀਂ ਆਪਣੀ ਜਾਇਦਾਦ ਵਿੱਚ ਹੋਰ ਕੋਈ ਵਾਧਾ ਨਹੀਂ ਕੀਤਾ ਹੈ। ਪਰ ਅਜਿਹੇ ਦੋਸ਼ ਸਰਕਾਰ ਦੇ ਬਦਲਣ ਨਾਲ ਲਾਏ ਜਾਂਦੇ ਹਨ ਅਤੇ ਇਹ ਸਿਆਸਤ ਤੋਂ ਪ੍ਰੇਰਿਤ ਹਨ। ਮੈਨੂੰ ਕਾਨੂੰਨੀ ਪ੍ਰਣਾਲੀ ਵਿੱਚ ਵਿਸ਼ਵਾਸ ਹੈ ਅਤੇ ਡਰਨ ਦੀ ਕੋਈ ਗੱਲ ਨਹੀਂ ਹੈ। ਅਸੀਂ ਜਾਂਚ ਵਿਚ ਸਹਿਯੋਗ ਕਰ ਰਹੇ ਹਾਂ ਅਤੇ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ ਉਨ੍ਹਾਂ ਤੇ ਲਾਏ ਗਏ ਹਨ ਉਹ ਦੋਸ਼ ਬੇਬੁਨਿਆਦ ਹਨ।ਸਤਿਕਾਰ ਕੌਰ ਅਤੇ ਉਨ੍ਹਾ ਦੇ ਪਤੀ ਲਾਡੀ ਗਹਿਰੀ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਨੂੰ ਖਿਲਾਫ ਝੂਠੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ।
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਪੁੱਛਗਿੱਛ
ਦੂਜੇ ਪਾਸੇ ਵਿਜੀਲੈਂਸ ਬਿਓਰੋ ਦੀ ਤਰਫੋਂ ਡੀਐਸਪੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਸਾਨੂੰ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਜਾਂਚ ਪ੍ਰਾਪਤ ਹੋਈ ਹੈ, ਜਿਸ ਸਬੰਧੀ ਅੱਜ ਅਸੀਂ ਉਸ ਤੋਂ ਪੁੱਛਗਿੱਛ ਕੀਤੀ ਹੈ। ਜਾਂਚ ਜਾਰੀ ਰਹੇਗੀ, ਸਾਨੂੰ ਤਿੰਨ ਮਹੀਨਿਆਂ ਚ ਰਿਪੋਰਟ ਦੇਣੀ ਹੋਵੇਗੀ। ਜੇਕਰ ਲੋੜ ਪਈ ਤਾਂ ਭਵਿੱਖ ਵਿੱਚ ਵੀ ਬੁਲਾਇਆ ਜਾਵੇਗਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ