ਬਾਬਾ ਦਿਆਲਦਾਸ ਕਤਲ ਕੇਸ ‘ਚ 20 ਲੱਖ ਦੀ ਰਿਸ਼ਵਤ ਲੈਣ ਦਾ ਮਾਮਲਾ : ਵਿਜੀਲੈਂਸ ਵੱਲੋਂ ਫਰੀਦਕੋਟ ਦਾ ਡੀਐਸਪੀ ਗ੍ਰਿਫ਼ਤਾਰ

Updated On: 

19 Jul 2023 19:32 PM

Faridkot Bribe Case: ਵਿਜੀਲੈਂਸ ਦੀ ਸਿਫਾਰਿਸ਼ ਅਤੇ ਜਾਂਚ ਤੋਂ ਬਾਅਦ ਫਰੀਦਕੋਟ ਦੇ ਤਤਕਾਲੀ ਐਸਪੀ ਗਗਨੇਸ਼ ਕੁਮਾਰ, ਡੀਐਸਪੀ ਸੁਸ਼ੀਲ ਕੁਮਾਰ, ਐਸਆਈ ਖੇਮਚੰਦਰ ਪਰਾਸ਼ਰ, ਮਹੰਤ ਮਲਕੀਤ ਦਾਸ ਅਤੇ ਆਈਜੀ ਆਫਿਸ ਵਿੱਚ ਤਾਇਨਾਤ ਜਸਵਿੰਦਰ ਸਿੰਘ ਠੇਕੇਦਾਰ ਨੂੰ ਨਾਮਜ਼ਦ ਕੀਤਾ ਗਿਆ ਸੀ।

ਬਾਬਾ ਦਿਆਲਦਾਸ ਕਤਲ ਕੇਸ ਚ 20 ਲੱਖ ਦੀ ਰਿਸ਼ਵਤ ਲੈਣ ਦਾ ਮਾਮਲਾ : ਵਿਜੀਲੈਂਸ ਵੱਲੋਂ ਫਰੀਦਕੋਟ ਦਾ ਡੀਐਸਪੀ ਗ੍ਰਿਫ਼ਤਾਰ
Follow Us On

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਮਸ਼ਹੂਰ ਬਾਬਾ ਦਿਆਲਦਾਸ ਕਤਲ ਕੇਸ (Baba Dayaldas Murder Case) ਵਿੱਚ ਵਿਜੀਲੈਂਸ (Vigilance) ਨੇ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਵਾਲੇ ਡੀਐਸਪੀ ਸੁਸ਼ੀਲ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਫਿਰੋਜ਼ਪੁਰ ਵਿਜੀਲੈਂਸ ਦੇ ਐਸਐਸਪੀ ਗੁਰਮੀਤ ਸਿੰਘ ਨੇ ਕੀਤੀ ਹੈ। ਮੌਜੂਦਾ ਸਮੇਂ ਵਿੱਚ ਮੁਲਜ਼ਮ ਡੀਐਸਪੀ ਆਈਬੀਆਰ ਲੁਧਿਆਣਾ ਵਿੱਚ ਤਾਇਨਾਤ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡੀਐਸਪੀ ਸੁਸ਼ੀਲ ਕੁਮਾਰ (DSP Sushil Kumar) ਨੂੰ ਵਿਜੀਲੈਂਸ ਵੱਲੋਂ ਜਾਂਚ ਵਿੱਚ ਸ਼ਾਮਲ ਹੋਣ ਲਈ ਫਿਰੋਜ਼ਪੁਰ ਦਫ਼ਤਰ ਬੁਲਾਇਆ ਗਿਆ ਸੀ ਅਤੇ ਹੁਣ ਵੀ ਸੁਸ਼ੀਲ ਕੁਮਾਰ ਦਫ਼ਤਰ ਦੇ ਅੰਦਰ ਹੀ ਹੈ।

ਦੱਸ ਦੇਈਏ ਕਿ ਗ੍ਰਿਫਤਾਰੀ ਤੋਂ ਬਚਣ ਲਈ ਐਸਪੀ ਗਗਨੇਸ਼ ਕੁਮਾਰ, ਡੀਐਸਪੀ ਸੁਸ਼ੀਲ ਕੁਮਾਰ, ਐਸਆਈ ਖੇਮਚੰਦਰ ਪਰਾਸ਼ਰ ਅਤੇ ਡੇਰਾ ਗੋਸ਼ਾਲਾ ਬੀੜ ਸਿੱਖਾਵਾਲੇ ਦੇ ਮਹੰਤ ਮਲਕੀਤ ਦਾਸ ਅਤੇ ਜਸਵਿੰਦਰ ਸਿੰਘ ਠੇਕੇਦਾਰ ਵੱਲੋਂ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸਨੂੰ ਵਧੀਕ ਸੈਸ਼ਨ ਜੱਜ ਅਤੇ ਡਿਸਟ੍ਰਿਕਟ ਜੱਜ ਦੀ ਅਦਾਲਤ ਨੇ ਖਾਰਜ ਕਰ ਦਿੱਤਾ ਸੀ।

ਨਾਮਜ਼ਦ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਦੀ ਮੰਗ

ਮਾਮਲੇ ਵਿੱਚ ਸ਼ਿਕਾਇਤਕਰਤਾ ਅਤੇ ਬਾਬਾ ਹਰਕਾ ਦਾਸ ਡੇਰਾ ਮੁਖੀ ਬਾਬਾ ਗਗਨ ਦਾਸ ਨੇ ਦੋਸ਼ ਲਾਇਆ ਕਿ ਪੁਲਿਸ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ, ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਉਹ ਪੁਲਿਸ-ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਨ ਕਿ ਇਸ ਗੰਭੀਰ ਮਾਮਲੇ ‘ਚ ਨਾਮਜ਼ਦ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕੀਤਾ ਜਾਵੇ |2 ਜੂਨ 2023 ਨੂੰ ਬਾਬਾ ਹਰਕਾ ਦਾਸ ਡੇਰਾ ਮੁਖੀ ਬਾਬਾ ਗਗਨ ਦਾਸ ਨੇ ਕੋਟਕਪੂਰਾ ਸਦਰ ਥਾਣੇ ਵਿੱਚ ਰਿਸ਼ਵਤ ਮੰਗਣ ਦੀ ਸ਼ਿਕਾਇਤ ਦਿੱਤੀ ਸੀ।

ਇਹ ਸੀ ਪੂਰਾ ਮਾਮਲਾ

7 ਨਵੰਬਰ 2019 ਨੂੰ ਗੋਸ਼ਾਲਾ ਕੋਟਸੁਖੀਆ ਦੇ ਸੰਤ ਬਾਬਾ ਦਿਆਲਦਾਸ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਮੋਗਾ ਵਾਸੀ ਜਰਨੈਲ ਸਿੰਘ ਸਮੇਤ ਤਿੰਨ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਸੀ ਪਰ ਜਰਨੈਲ ਸਿੰਘ ਨੂੰ ਫੜਿਆ ਨਹੀਂ ਜਾ ਸਕਿਆ। ਜਰਨੈਲ ਸਿੰਘ ਵੱਲੋਂ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਅਰਜ਼ੀ ਦਿੱਤੀ ਗਈ ਸੀ। ਜਿਸ ਤੇ ਤਤਕਾਲੀ ਡੀਆਈਜੀ ਫਰੀਦਕੋਟ ਦੀ ਅਗਵਾਈ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਆਪਣੀ ਜਾਂਚ ਵਿੱਚ ਜਰਨੈਲ ਸਿੰਘ ਨੂੰ ਬਰੀ ਕਰ ਦਿੱਤਾ ਸੀ।

ਹਾਈਕੋਰਟ ਨੇ ਦਿੱਤੇ ਸਨ SIT ਗਠਿਤ ਕਰਨ ਦੇ ਹੁਕਮ

ਜਦੋਂ ਪੁਲਿਸ ਨੇ ਚਲਾਨ ਪੇਸ਼ ਕੀਤਾ ਤਾਂ ਬਾਬਾ ਗਗਨਦਾਸ ਅਦਾਲਤ ਵਿੱਚ ਹੋ ਕੇ ਕਤਲ ਦਾ ਮੁੱਖ ਮੁਲਜ਼ਮ ਜਰਨੈਲ ਸਿੰਘ ਨੂੰ ਦੱਸਿਆ। ਇਸ ਤੋਂ ਬਾਅਦ ਅਦਾਲਤ ਨੇ ਜਰਨੈਲ ਸਿੰਘ ਨੂੰ ਤਲਬ ਕੀਤਾ ਅਤੇ ਫਿਰ ਜਰਨੈਲ ਸਿੰਘ ਜ਼ਮਾਨਤ ਲਈ ਹਾਈਕੋਰਟ ਪਹੁੰਚਿਆ। ਜਿਸ ‘ਤੇ ਹਾਈਕੋਰਟ ਨੇ ਪਾਇਆ ਕਿ ਇਸ ਕਤਲ ਦੇ ਮੁੱਖ ਦੋਸ਼ੀ ਨੂੰ SIT ਨੇ ਜਾਂਚ ‘ਚ ਕਿਵੇਂ ਬੇਕਸੂਰ ਪਾਇਆ। ਜਿਸ ਤੋਂ ਬਾਅਦ ਮੌਜੂਦਾ ਆਈਜੀ ਫਰੀਦਕੋਟ ਨੂੰ ਹਾਈਕੋਰਟ ਨੇ ਐਸਆਈਟੀ ਗਠਿਤ ਕਰਕੇ ਜਾਂਚ ਕਰਨ ਦੇ ਹੁਕਮ ਦਿੱਤੇ ਸਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਆਈਜੀ ਨੂੰ ਦੇਣ ਦੇ ਨਾਂ ‘ਤੇ ਮੰਗੀ ਰਿਸ਼ਵਤ

ਐਸਆਈਟੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਰਨੈਲ ਸਿੰਘ ਨੂੰ ਕਤਲ ਦੇ ਮੁਕੱਦਮੇ ਵਿੱਚੋਂ ਬਾਹਰ ਕਰਨ ਲਈ ਇੱਕ ਕਰੋੜ ਰੁਪਏ ਦੀ ਰਿਸ਼ਵਤ ਲਈ ਗਈ ਸੀ। ਹੁਣ ਐਸਆਈਟੀ ਨੇ ਹਾਈ ਕੋਰਟ ਵਿੱਚ ਹਲਫ਼ਨਾਮਾ ਦੇਣਾ ਸੀ ਕਿ ਜਰਨੈਲ ਸਿੰਘ ਨੂੰ ਮੁਲਜ਼ਮ ਵਜੋਂ ਰੱਖਿਆ ਜਾਵੇ ਜਾਂ ਨਹੀਂ। ਇਸ ਦੇ ਲਈ ਐਸਆਈਟੀ ਮੈਂਬਰਾਂ ਨੇ ਬਾਬਾ ਗਗਨ ਦਾਸ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਜੇਕਰ ਜਰਨੈਲ ਸਿੰਘ ਨੂੰ ਕੇਸ ਵਿੱਚ ਸ਼ਾਮਲ ਕਰਨਾ ਹੈ ਤਾਂ ਆਈਜੀ ਨੂੰ 50 ਲੱਖ ਰੁਪਏ ਰਿਸ਼ਵਤ ਦੇਣੀ ਪਵੇਗੀ।

ਇਹ ਸੌਦਾ 35 ਲੱਖ ਰੁਪਏ ‘ਚ ਤੈਅ ਹੋਇਆ ਸੀ, ਜਿਸ ‘ਚੋਂ 20 ਲੱਖ ਰੁਪਏ ਉਕਤ ਮੁਲਜ਼ਮਾਂ ਨੇ ਆਈਜੀ ਫਰੀਦਕੋਟ ਦੇ ਨਾਂ ‘ਤੇ ਲੈ ਲਏ ਸਨ ਪਰ ਆਈਜੀ ਨੂੰ ਇਸਦੀ ਭਨਕ ਲੱਗ ਗਈ। ਉਨ੍ਹਾਂ ਨੇ ਤੁਰੰਤ ਜਾਂਚ ਰੋਕ ਕੇ ਮਾਮਲਾ ਵਿਜੀਲੈਂਸ ਦੇ ਧਿਆਨ ਵਿੱਚ ਲਿਆਂਦਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ