ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦੇ ਸਰਪੰਚ ਦੀ ਅਨੋਖੀ ਪਹਿਲ, 3 ਕਰੋੜ ਦੀ ਵਸੀਅਤ ਪਿੰਗਲਵਾੜੇ ਨੂੰ ਕੀਤੀ ਦਾਨ
ਕੁਲਦੀਪ ਸਿੰਘ ਭੁੱਲਰ ਨੇ ਪਿੰਡ ਦੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਬੱਚਿਆਂ ਦੀ ਪੜ੍ਹਾਈ ਲਈ 10 ਲੱਖ ਰੁਪਏ ਦੀ ਐਫ.ਡੀ. ਦੇਣ ਦੀ ਗੱਲ ਕੀਤੀ ਹੈ। ਇਸ ਰਕਮ ਦੀ ਵਰਤੋਂ ਬੱਚਿਆਂ ਦੀ ਸਿੱਖਿਆ ਲਈ ਕੀਤੀ ਜਾਵੇਗੀ। ਇੱਕ ਹੋਰ 10 ਲੱਖ ਰੁਪਏ ਦੀ ਐਫ.ਡੀ. ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨਾਮ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ।
ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦੇ ਸਰਪੰਚ ਨੇ 3 ਕਰੋੜ ਦੀ ਵਸੀਅਤ ਪਿੰਗਲਵਾੜੇ ਨੂੰ ਕੀਤੀ ਦਾਨ
ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਤੋਂ ਇੱਕ ਵੱਖਰੀ ਪਹਿਲ ਸਾਹਮਣੇ ਆਈ ਹੈ। ਪਿੰਡ ਦੇ ਸਰਪੰਚ ਕੁਲਦੀਪ ਸਿੰਘ ਭੁੱਲਰ ਨੇ ਆਪਣੀ ਵਸੀਅਤ ਅੰਮ੍ਰਿਤਸਰ ਸਥਿਤ ਪਿੰਗਲਵਾੜੇ ਦੇ ਨਾਮ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੀ ਇਸ ਪਹਿਲ ਨੂੰ ਸਮਾਜ ਸੇਵਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ, ਸਰਪੰਚ ਕੁਲਦੀਪ ਸਿੰਘ ਭੁੱਲਰ ਨੇ ਆਪਣੀ ਵਸੀਅਤ ‘ਚ ਡਿਜੀਟਲ ਲੈਣ-ਦੇਣ ਨਾਲ ਸਬੰਧਤ ਰਕਮ, ਐਫ.ਡੀ. ਤੇ ਜ਼ਮੀਨ ਸਮੇਤ ਆਪਣੀ ਜਾਇਦਾਦ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਵੱਲੋਂ ਆਪਣੀ ਜਾਇਦਾਦ ਨੂੰ ਸਮਾਜ ਸੇਵਾ ਦੇ ਕੰਮਾਂ ਲਈ ਵਰਤੋਂ ‘ਚ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੁਲਦੀਪ ਸਿੰਘ ਭੁੱਲਰ ਨੇ ਪਿੰਡ ਦੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਬੱਚਿਆਂ ਦੀ ਪੜ੍ਹਾਈ ਲਈ 10 ਲੱਖ ਰੁਪਏ ਦੀ ਐਫ.ਡੀ. ਦੇਣ ਦੀ ਗੱਲ ਕੀਤੀ ਹੈ। ਇਸ ਰਕਮ ਦੀ ਵਰਤੋਂ ਬੱਚਿਆਂ ਦੀ ਸਿੱਖਿਆ ਲਈ ਕੀਤੀ ਜਾਵੇਗੀ। ਇੱਕ ਹੋਰ 10 ਲੱਖ ਰੁਪਏ ਦੀ ਐਫ.ਡੀ. ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨਾਮ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ।
ਭਗਤ ਪੂਰਨ ਦੀ ਬਰਸੀ ਵਾਲੇ ਦਿਨ ਵਸੀਅਤ ਕੀਤੀ ਦਾਨ
ਕੁਲਦੀਪ ਸਿੰਘ ਭੁੱਲਰ ਨੇ ਕਿਹਾ ਕਿ ਉਨ੍ਹਾਂ ਨੇ ਸੰਕਲਪ ਕੀਤਾ ਸੀ ਕਿ ਜਦੋਂ ਉਹ 60 ਸਾਲ ਦੇ ਹੋਣਗੇ ਤਾਂ ਭਗਤ ਪੂਰਨ ਸਿੰਘ ਦੀ ਬਰਸੀ (5 ਅਗਸਤ) ਨੂੰ ਆਪਣੀ ਹਿੱਸੇ ਦੀ ਜ਼ਾਇਦਾਦ ਨੂੰ ਪਿੰਗਲਵਾੜਾ ਦੇ ਨਾਮ ਕਰਨਗੇ। ਉਨ੍ਹਾਂ ਨੇ ਕਿਹਾ ਜ਼ਾਇਦਾਦ ‘ਚ ਗੋਲਡ ਬੌਂਡ, ਆਰਬੀਆਈ ਫਲੋਟਿੰਗ ਬੌਂਡ, ਬੈਂਕ ਬੈਲੇਂਸ ਤੇ ਕੁਝ ਜ਼ਮੀਨ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੀ ਜ਼ਾਇਦਾਦ ਵੱਖ ਕੀਤੀ ਤਾਂ ਉਸ ਦੀ ਲਗਭਗ ਕੀਮਤ 3 ਕਰੋੜ ਬਣੀ।
ਕਿਵੇਂ ਮਨ ਹੋਇਆ ਪ੍ਰੇਰਿਤ?
ਕੁਲਦੀਪ ਸਿੰਘ ਨੇ ਆਪਣੀ ਜਾਇਦਾਦ ਦਾਨ ਕਰਨ ਪਿੱਛੇ ਦਾ ਕਾਰਨ ਦੱਸਦਿਆਂ ਕਿਹਾ ਕਿ ਜਦੋਂ ਇਨਸਾਨ ਕੁਝ ਸਮਾਂ ਰੁਕ ਕੇ ਆਪਣੇ ਅਤੀਤ ਤੇ ਭਵਿੱਖ ਬਾਰੇ ਸੋਚਦਾ ਹੈ ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਜੇਕਰ ਉਸ ਕੋਲ ਲੋੜ ਤੋਂ ਵੱਧ ਹੈ ਤੇ ਸਮਾਜ ‘ਚ ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੂੰ ਉਸ ਦੀ ਲੋੜ ਹੈ, ਤਾਂ ਆਪਣੀ ਸਮਰੱਥਾ ਅਨੁਸਾਰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸੇ ਸੋਚ ਨਾਲ ਉਹ ਵੀ ਸਮਾਜ ਸੇਵਾ ਦੇ ਇਸ ਰਾਹ ਵੱਲ ਮੁੜੇ ਹਨ।
ਇਹ ਵੀ ਪੜ੍ਹੋ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ‘ਚ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਫੈਸਲਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਿਹਤ ਸਬੰਧੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇੱਕ ਵਾਰ ਗੰਭੀਰ ਸਥਿਤੀ ਤੋਂ ਬਚ ਗਏ ਸਨ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਆਪਣੀ ਜਾਇਦਾਦ ਨੂੰ ਸਮਾਜ ਲਈ ਦੇਣ ਦਾ ਫੈਸਲਾ ਕੀਤਾ।
ਕੁਲਦੀਪ ਸਿੰਘ ਭੁੱਲਰ ਦੀ ਵੱਖਰੀ ਮਿਸਾਲ
ਅੱਜ ਦੇ ਸਮੇਂ ‘ਚ ਜਿੱਥੇ ਜਾਇਦਾਦ ਨੂੰ ਲੈ ਕੇ ਅਕਸਰ ਪਰਿਵਾਰਕ ਵਿਵਾਦ ਸਾਹਮਣੇ ਆਉਂਦੇ ਹਨ, ਉੱਥੇ ਆਪਣੀ ਜਾਇਦਾਦ ਨੂੰ ਸਮਾਜ ਸੇਵਾ, ਬੱਚਿਆਂ ਦੀ ਪੜ੍ਹਾਈ ਤੇ ਧਾਰਮਿਕ ਸਥਾਨ ਲਈ ਸਮਰਪਿਤ ਕਰਨ ਦੀ ਇਹ ਪਹਿਲ ਵੱਖਰੀ ਮਿਸਾਲ ਵਜੋਂ ਦੇਖੀ ਜਾ ਰਹੀ ਹੈ। ਕੁਲਦੀਪ ਸਿੰਘ ਭੁੱਲਰ ਦੀ ਇਸ ਪਹਿਲ ‘ਚ ਆਪਣੀ ਜਾਇਦਾਦ ਨੂੰ ਸਮਾਜ ਸੇਵਾ ਤੇ ਲੋੜਵੰਦ ਬੱਚਿਆਂ ਦੀ ਸਿੱਖਿਆ ਲਈ ਵਰਤਣ ਦੀ ਸੋਚ ਨਜ਼ਰ ਆਉਂਦੀ ਹੈ।
