ਸ਼ੰਭੂ ਸਰਹੱਦ ਤੋਂ ਕਿੱਥੇ ਗਾਇਬ ਹੋਈ ਪੋਕਲੇਨ ਤੇ ਜੇਸੀਬੀ ? ਜਾਣੋ ਪੂਰੀ ਕਹਾਣੀ

Updated On: 

22 Feb 2024 23:45 PM

ਜਦੋਂ TV9 ਭਾਰਤਵਰਸ਼ ਨੇ ਗਰਾਊਂਡ ਜ਼ੀਰੋ 'ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕਿਸਾਨਾਂ ਵੱਲੋਂ ਸ਼ੰਭੂ ਸਰਹੱਦ 'ਤੇ ਹਰਿਆਣਾ ਪੁਲਿਸ ਨਾਲ ਟਾਕਰਾ ਕਰਨ ਲਈ ਕੀਤੇ ਗਏ ਪ੍ਰਬੰਧਾਂ ਨੂੰ ਫਿਲਹਾਲ ਹਟਾ ਦਿੱਤਾ ਗਿਆ ਹੈ। ਰਾਤ ਨੂੰ ਹੀ ਫਰੰਟ ਲਾਈਨ ਤੋਂ ਟਰੈਕਟਰ, ਪੋਕਲੇਨ ਅਤੇ ਜੇਸੀਬੀ ਮਸ਼ੀਨਾਂ ਹਟਾ ਦਿੱਤੀਆਂ ਗਈਆਂ ਹਨ। ਕਿਸਾਨ ਆਗੂਆਂ ਵੱਲੋਂ ਦੋ ਦਿਨਾਂ ਲਈ ਦਿੱਲੀ ਕੂਚ ਨਾ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕਿਸਾਨ ਆਗੂ ਅੰਦੋਲਨ ਦੀ ਅਗਲੀ ਰਣਨੀਤੀ ਤੈਅ ਕਰਨਗੇ।

ਸ਼ੰਭੂ ਸਰਹੱਦ ਤੋਂ ਕਿੱਥੇ ਗਾਇਬ ਹੋਈ ਪੋਕਲੇਨ ਤੇ ਜੇਸੀਬੀ ? ਜਾਣੋ ਪੂਰੀ ਕਹਾਣੀ

ਸ਼ੰਭੂ ਸਰਹੱਦ ਕਿਸਾਨ ਅੰਦੋਲਨ

Follow Us On

ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨ ਲਈ ਨਿਕਲੇ ਕਿਸਾਨ ਰਾਜਧਾਨੀ ਦੀਆਂ ਸਰਹੱਦਾਂ ‘ਤੇ ਖੜ੍ਹੇ ਹਨ। ਕਿਸਾਨਾਂ ਦੇ ਰਵੱਈਏ ਨੂੰ ਦੇਖਦਿਆਂ ਦਿੱਲੀ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਹੈ। ਪੁਲਿਸ ਦੀਆਂ ਤਿਆਰੀਆਂ ਅਜਿਹੀਆਂ ਹਨ ਕਿ ਕੋਈ ਵੀ ਸਰਹੱਦ ਪਾਰ ਨਾ ਕਰ ਸਕੇ ਇਸ ਦੇ ਲਈ ਸੜਕਾਂ ‘ਤੇ ਸਖ਼ਤ ਪਹਿਰਾ ਲਗਾਇਆ ਗਿਆ ਹੈ। ਰਸਤਾ ਛੱਡੋ ਸਾਰੀ ਸਰਹੱਦ ਕਿਲ੍ਹੇ ਵਿੱਚ ਤਬਦੀਲ ਹੋ ਗਈ ਹੈ। ਪੂਰੇ ਰਸਤੇ ‘ਤੇ ਬੈਰੀਕੇਡਿੰਗ ਹੈ, ਜਿਸ ਦੀਆਂ ਤਸਵੀਰਾਂ ਤੁਸੀਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹੋ। ਹਾਲਾਂਕਿ ਹੁਣ ਸ਼ੰਭੂ ਬਾਰਡਰ ਦੀ ਤਸਵੀਰ ਬਦਲਦੀ ਨਜ਼ਰ ਆ ਰਹੀ ਹੈ।

ਦਿੱਲੀ ਕੂਚ ਕਰਨ ਦੇ ਇਰਾਦੇ ਵਾਲੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਪਿਛਲੇ 10 ਦਿਨਾਂ ਤੋਂ ਸ਼ੰਭੂ ਬਾਰਡਰ ‘ਤੇ ਬੈਠੇ ਹਨ। ਬੁੱਧਵਾਰ ਨੂੰ ਕਿਸਾਨਾਂ ਅਤੇ ਹਰਿਆਣਾ ਪੁਲਿਸ ਪ੍ਰਸ਼ਾਸਨ ਵਿਚਾਲੇ ਜ਼ਬਰਦਸਤ ਝੜਪ ਹੋਈ। ਇੱਕ ਪਾਸੇ ਕਿਸਾਨ ਕਿਸੇ ਵੀ ਹਾਲਤ ਵਿੱਚ ਹਰਿਆਣਾ ਦੀ ਨਾਕਾਬੰਦੀ ਅਤੇ ਬੈਰੀਕੇਡਿੰਗ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਦੇਖੇ ਗਏ, ਦੂਜੇ ਪਾਸੇ ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਹਟਾਉਣ ਲਈ ਡਰੋਨਾਂ ਦੀ ਮਦਦ ਨਾਲ ਸੈਂਕੜੇ ਅੱਥਰੂ ਗੈਸ ਦੇ ਗੋਲੇ ਛੱਡੇ ਪਰ ਸਿਰਫ 12 ਘੰਟਿਆਂ ਦੇ ਅੰਦਰ ਹੀ ਤਸਵੀਰ ਬਦਲ ਗਈ ਹੈ। ਅਜਿਹੇ ‘ਚ ਸਵਾਲ ਇਹ ਵੀ ਉਠਾਇਆ ਜਾ ਰਿਹਾ ਹੈ ਕਿ ਕੀ ਬੁੱਧਵਾਰ ਨੂੰ ਪੂਰੀ ਕੋਸ਼ਿਸ਼ ਦੇ ਬਾਵਜੂਦ ਅੱਗੇ ਵਧਣ ‘ਚ ਨਾਕਾਮ ਰਹੇ ਕਿਸਾਨਾਂ ਦਾ ਮਨੋਬਲ ਹੁਣ ਟੁੱਟ ਰਿਹਾ ਹੈ।

ਬਖਤਰਬੰਦ ਪੋਕਲੇਨ ਤੇ ਜੇਸੀਬੀ ਸੜਕਾਂ ਤੋਂ ਗਾਇਬ

ਇਹ ਸਵਾਲ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਬੁਲਾਈ ਗਈ ਮੀਟਿੰਗ ਬਾਰੇ ਕਿਸਾਨ ਅਜੇ ਤੱਕ ਕੋਈ ਫੈਸਲਾ ਨਹੀਂ ਲੈ ਸਕੇ ਹਨ। ਕਿਸਾਨਾਂ ਨੇ ਬੁੱਧਵਾਰ ਨੂੰ ਹੀ ਦਿੱਲੀ ਕੂਚ ਨੂੰ ਦੋ ਦਿਨਾਂ ਲਈ ਰੋਕਣ ਦਾ ਐਲਾਨ ਕੀਤਾ ਸੀ। ਮੋਡੀਫਾਈਡ ਟਰੈਕਟਰ ਅਤੇ ਮਸ਼ੀਨਾਂ ਜਿਨ੍ਹਾਂ ਨਾਲ ਕਿਸਾਨ ਮੋਰਚੇ ‘ਤੇ ਤਾਇਨਾਤ ਹੋ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੇ ਸਨ, ਵੀਰਵਾਰ ਨੂੰ ਗਾਇਬ ਦਿਖਾਈ ਦਿੱਤੇ। ਜਦੋਂਕਿ ਹਰਿਆਣਾ ਵੱਲ ਤਾਇਨਾਤੀ ਪਹਿਲਾਂ ਵਾਂਗ ਹੀ ਬਣੀ ਹੋਈ ਹੈ। ਬਖਤਰਬੰਦ ਪੋਕਲੇਨ ਅਤੇ ਜੇਸੀਬੀ ਮਸ਼ੀਨਾਂ ਜਿਨ੍ਹਾਂ ਦੀ ਮਦਦ ਨਾਲ ਕਿਸਾਨ ਬੈਰੀਕੇਡ ਤੋੜ ਕੇ ਦਿੱਲੀ ਵੱਲ ਮਾਰਚ ਕਰ ਰਹੇ ਸਨ। ਉਨ੍ਹਾਂ ਨੂੰ ਅਗਲੀ ਲਾਈਨ ਤੋਂ ਹਟਾ ਕੇ ਟਰਾਲੀਆਂ ‘ਤੇ ਲੱਦ ਦਿੱਤਾ ਗਿਆ ਹੈ। ਜੇਸੀਬੀ ਮਸ਼ੀਨਾਂ ਅਤੇ ਮੋਡੀਫਾਈਡ ਟਰੈਕਟਰਾਂ ਨੂੰ ਪਿੱਛੇ ਹੱਟਾ ਦਿੱਤਾ ਗਿਆ ਹੈ।

TV9 ਭਾਰਤਵਰਸ਼ ਦੀ ਜਾਂਚ

TV9 ਭਾਰਤਵਰਸ਼ ਨੇ ਗਰਾਊਂਡ ਜ਼ੀਰੋ ‘ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕਿਸਾਨਾਂ ਵੱਲੋਂ ਸ਼ੰਭੂ ਸਰਹੱਦ ‘ਤੇ ਹਰਿਆਣਾ ਪੁਲਿਸ ਨਾਲ ਟਾਕਰਾ ਕਰਨ ਲਈ ਕੀਤੇ ਗਏ ਪ੍ਰਬੰਧਾਂ ਨੂੰ ਫਿਲਹਾਲ ਹਟਾ ਦਿੱਤਾ ਗਿਆ ਹੈ। ਰਾਤ ਨੂੰ ਹੀ ਫਰੰਟ ਲਾਈਨ ਤੋਂ ਟਰੈਕਟਰ, ਪੋਕਲੇਨ ਅਤੇ ਜੇਸੀਬੀ ਮਸ਼ੀਨਾਂ ਹਟਾ ਦਿੱਤੀਆਂ ਗਈਆਂ ਹਨ। ਸ਼ੰਭੂ ਬਾਰਡਰ ‘ਤੇ ਪੰਜਾਬ ਪੁਲਿਸ ਦੀ ਮੌਜੂਦਗੀ ਵੀ ਪਿਛਲੇ ਸਮੇਂ ਨਾਲੋਂ ਵੱਧ ਗਈ ਜਾਪਦੀ ਹੈ। ਇੰਨਾ ਹੀ ਨਹੀਂ ਸ਼ੰਭੂ ਬਾਰਡਰ ‘ਤੇ ਹਰ ਰੋਜ਼ ਮੀਡੀਆ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨ ਵਾਲੇ ਕਿਸਾਨ ਆਗੂ ਵੀ ਕੈਮਰਿਆਂ ਦੇ ਸਾਹਮਣੇ ਨਹੀਂ ਆਏ। ਅੱਜ ਦੂਜੀ ਲੀਡਰਸ਼ਿਪ ਨੂੰ ਅੱਗੇ ਰੱਖਿਆ ਗਿਆ। ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਅੱਥਰੂ ਗੈਸ ਦੇ ਗੋਲੇ ਲੱਗਣ ਤੋਂ ਬਾਅਦ ਬਿਮਾਰ ਹਨ ਅਤੇ ਹਸਪਤਾਲ ਵਿੱਚ ਦਾਖਲ ਹਨ। ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਉਹ ਜ਼ਖਮੀ ਕਿਸਾਨਾਂ ਦੀ ਦੇਖਭਾਲ ਕਰਨ ਵਿੱਚ ਲੱਗੇ ਹੋਏ ਹਨ।

ਕਿਸਾਨਾਂ ਵਿੱਚ ਆਪਸੀ ਮੱਤਭੇਦ

ਸ਼ੰਭੂ ਬਾਰਡਰ ‘ਤੇ ਬੁੱਧਵਾਰ ਨੂੰ ਹਰਿਆਣਾ ਪੁਲਿਸ ਨਾਲ ਹੋਈ ਝੜਪ ਦੌਰਾਨ ਬੈਰੀਕੇਡ ਤੋੜ ਕੇ ਅੱਗੇ ਵਧਣ ਜਾਂ ਸਰਹੱਦ ‘ਤੇ ਬਣੇ ਰਹਿਣ ਨੂੰ ਲੈ ਕੇ ਮਤਭੇਦ ਪੈਦਾ ਹੋ ਗਏ। ਇੱਕ ਪਾਸੇ ਜਿੱਥੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਕੇਂਦਰ ਸਰਕਾਰ ਨਾਲ ਗੱਲਬਾਤ ਦੀਆਂ ਰਿਪੋਰਟਾਂ ਦਰਮਿਆਨ ਰਣਨੀਤੀ ਤੈਅ ਕਰਕੇ ਹੀ ਅੱਗੇ ਵਧਣ ਦੀ ਗੱਲ ਕਰ ਰਹੇ ਸਨ, ਉੱਥੇ ਹੀ ਨੌਜਵਾਨ ਕਿਸਾਨਾਂ ਦਾ ਇੱਕ ਵਰਗ ਮਸ਼ੀਨਾਂ ਦੀ ਵਰਤੋਂ ਕਰਕੇ ਬੈਰੀਕੇਡਾਂ ਨੂੰ ਤੁਰੰਤ ਤੋੜ ਕੇ ਅੱਗੇ ਵਧਣਾ ਚਾਹੁੰਦਾ ਸੀ। ਇਸ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ। ਸ਼ਾਇਦ ਇਹੀ ਕਾਰਨ ਹੈ ਕਿ ਕਿਸਾਨ ਆਗੂਆਂ ਨੇ ਬੇਕਾਬੂ ਅਤੇ ਹਾਈਜੈਕ ਕੀਤੇ ਅੰਦੋਲਨ ਨੂੰ ਸੰਭਾਲਣ ਲਈ 2 ਦਿਨ ਦਾ ਸਮਾਂ ਲਿਆ ਹੈ। ਦੂਜੇ ਪਾਸੇ ਪੰਜਾਬ ਸਰਕਾਰ ਜੋ ਹੁਣ ਤੱਕ ਪਿਛਲੇ ਦਰਵਾਜ਼ੇ ਰਾਹੀਂ ਕਿਸਾਨਾਂ ਦੀ ਹਮਾਇਤ ਕਰਦੀ ਆ ਰਹੀ ਹੈ, ਹਾਈ ਕੋਰਟ ਵੱਲੋਂ ਕਿਸਾਨ ਅੰਦੋਲਨ ਸਬੰਧੀ ਰੁਖ਼ ਬਦਲਣ ਤੋਂ ਬਾਅਦ ਵੀ ਅੰਦਰੂਨੀ ਦਬਾਅ ਹੇਠ ਹੈ।

ਪੰਜਾਬ ਸਰਕਾਰ ਵੀ ਹਿੰਸਕ ਪ੍ਰਦਰਸ਼ਨ ਨਹੀਂ ਚਾਹੁੰਦੀ

ਹੁਣ ਤਾਂ ਪੰਜਾਬ ਸਰਕਾਰ ਵੀ ਨਹੀਂ ਚਾਹੁੰਦੀ ਕਿ ਕਿਸਾਨ ਸ਼ੰਭੂ ਸਰਹੱਦ ‘ਤੇ ਜ਼ੋਰਦਾਰ ਪ੍ਰਦਰਸ਼ਨ ਕਰਨ ਜਾਂ ਪੋਕਲੇਨ, ਜੇਸੀਬੀ ਵਰਗੀਆਂ ਮਸ਼ੀਨਾਂ ਦੀ ਵਰਤੋਂ ਕਰਨ। ਇਸ ਸਬੰਧੀ ਹਰਿਆਣਾ ਸਰਕਾਰ ਨੇ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁੱਲ੍ਹ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਕੁਰਸੀ ਦੀ ਕੋਈ ਪ੍ਰਵਾਹ ਨਹੀਂ ਹੈ। ਜੇਕਰ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਂਦਾ ਹੈ ਤਾਂ ਵੀ ਮੈਂ ਪੰਜਾਬ ਦੇ ਲੋਕਾਂ ਨਾਲ ਖੜ੍ਹਾ ਹਾਂ। ਇਸ ਤੋਂ ਇਲਾਵਾ ਪੰਜਾਬ ਸਰਕਾਰ ਸਰਹੱਦ ‘ਤੇ ਹਿੰਸਾ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਵੀ ਕੇਸ ਦਰਜ ਕਰੇਗੀ।

ਇਨਪੁਟ: ਜਤਿੰਦਰ ਭਾਟੀ

ਇਹ ਵੀ ਪੜ੍ਹੋ: AAP ਵਿਧਾਇਕ ਰਣਬੀਰ ਸਿੰਘ ਨੇ ਕਿਸਾਨਾਂ ਨਾਲ ਕੀਤਾ ਗਾਲੀ ਗਲੋਚ, ਵਾਇਰਲ ਵੀਡੀਓ ਤੋਂ ਬਾਅਦ ਭੜਕਿਆ ਵਿਵਾਦ