ਬਹਿਬਲਕਲਾਂ ਗੋਲੀਕਾਂਡ : SIT ਮੈਂਬਰ ਦਾ ਇਨਸਾਫ ਮੋਰਚੇ ਦੇ ਆਗੂ ਨੂੰ ਛੇਤੀ ਜਾਂਚ ਮੁਕੰਮਲ ਕਰਨ ਦਾ ਭਰੋਸਾ, ਆਗੂ ਬੋਲੇ – ਨਹੀਂ ਹੈ ਭਰੋਸਾ

Updated On: 

29 Aug 2023 19:18 PM

ਬਹਿਬਲਕਲਾਂ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨੇ ਦੱਸਿਆ ਕਿ ਵਿਸ਼ੇਸ ਜਾਂਚ ਟੀਮ ਦੇ ਮੈਂਬਰ ਵੱਲੋਂ ਉਨ੍ਹਾਂ ਨੂੰ ਜਾਂਚ ਜਲਦ ਮੁਕੰਮਲ ਕਰ ਲਏ ਜਾਣ ਦਾ ਭਰੋਸਾ ਦਿੱਤਾ ਗਿਆ ਹੈ। ਨਾਲ ਹੀ ਜਲਦ ਹੀ ਇਸ ਮਾਮਲੇ ਦਾ ਚਲਾਨ ਮਾਨਯੋਗ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਵੀ ਗੱਲ ਕਹੀ ਗਈ ਹੈ। ਉਹਨਾਂ ਕਿਹਾ ਕਿ ਹਾਲਾਂਕਿ, ਉਹਨਾਂ ਨੂੰ ਸਰਕਾਰ ਦੇ ਨੁਮਾਇੰਦਿਆ ਤੇ ਹੁਣ ਵਿਸ਼ਵਾਸ ਨਹੀਂ ਰਿਹਾ।

ਬਹਿਬਲਕਲਾਂ ਗੋਲੀਕਾਂਡ : SIT ਮੈਂਬਰ ਦਾ ਇਨਸਾਫ ਮੋਰਚੇ ਦੇ ਆਗੂ ਨੂੰ ਛੇਤੀ ਜਾਂਚ ਮੁਕੰਮਲ ਕਰਨ ਦਾ ਭਰੋਸਾ, ਆਗੂ ਬੋਲੇ - ਨਹੀਂ ਹੈ ਭਰੋਸਾ
Follow Us On

ਸਾਲ 2015 ਵਿਚ ਬਰਗਾੜੀ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਹਿਬਲਕਲਾਂ (Bahbal Kalan) ਵਿਖੇ ਰੋਸ਼ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਅਤੇ ਪੁਲਿਸ ਵਿਚਕਾਰ ਵਾਪਰੇ ਗੋਲੀਕਾਡ ਮਾਮਲੇ ਦੌਰਾਨ ਦੋ ਸਿੱਖ ਨੌਜਵਾਨਾਂ ਦੀ ਗੋਲੀ ਵੱਜਣ ਨਾਲ ਮੌਤ ਹੋ ਗਈ ਸੀ ਜਿਸ ਦੇ ਇਨਸਾਫ ਲਈ ਬੀਤੇ ਕਰੀਬ ਸਾਢੇ 7 ਸਾਲਾਂ ਤੋਂ ਪੀੜਤ ਪਰਿਵਾਰ ਅਤੇ ਸਿੱਖ ਜਥੇਬੰਦੀਆ ਇਨਸਾਫ ਦੀ ਮੰਗ ਕਰਦੀਆ ਆ ਰਹੀਆ ਹਨ।ਇਸੇ ਦੇ ਚਲਦੇ ਬੀਤੇ ਕਰੀਬ 600 ਤੋਂ ਵੱਦ ਦਿਨਾਂ ਤੋਂ ਬਹਿਬਲਕਲਾਂ ਗੋਲੀਕਾਡ ਵਿਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਨਸਾਫ ਮੋਰਚਾ ਚਲਾਇਆ ਜਾ ਰਿਹਾ ਹੈ ਅਤੇ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

ਬੀਤੇ ਦਿਨੀ ਸੁਖਰਾਜ ਸਿੰਘ ਵੱਲੋਂ ਇਕ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਤੋਂ ਇਸ ਮਾਮਲੇ ਵਿਚ ਜਲਦ ਕਾਰਵਾਈ ਕਰਨ ਅਤੇ ਗਵਾਹਾਂ ਦੇ ਬਿਆਨ ਮੁੜ ਤੋਂ ਦਰਜ ਕਰਨ ਦੀ ਮੰਗ ਰੱਖੀ ਗਈ ਸੀ। ਨਾਲ ਹੀ ਅਜਿਹਾ ਨਾ ਕਰਨ ਤੇ ਆਪਣਾ ਸੰਘਰਸ਼ ਤੇਜ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਸੀ। ਉਨ੍ਹਾਂ ਦੀ ਚੇਤਾਵਨੀ ਤੋਂ ਬਾਅਦ ਮੰਗਲਵਾਰ ਨੂੰ ਇਸ ਮਾਮਲੇ ਦੀ ਜਾਂਚ ਕਰ ਰਹੀ ਆਈਪੀਐਸ ਨੌਂਨਿਹਾਲ ਸਿੰਘ ਦੀ ਅਗਵਾਈ ਵਾਲੀ ਵਿਸੇਸ ਜਾਂਚ ਟੀਮ ਦੇ ਮੈਂਬਰ ਸਵਰਨਜੀਤ ਸਿੰਘ ਨੇਐਸਐਸਪੀ ਫਰੀਦਕੋਟ ਹਰਜੀਤ ਸਿੰਘ ਦੀ ਹਾਜਰੀ ਵਿਚ ਇਨਸਾਫ ਮੋਰਚੇ ਵਿਚ ਪਹੁੰਚ ਕੇ ਸੁਖਰਾਜ ਸਿੰਘ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਜਲਦ ਹੀ ਜਾਂਚ ਪੂਰੀ ਹੋਣ ਦਾ ਭਰੋਸਾ ਦਿੱਤਾ।

ਇਸ ਮੌਕੇ ਗੱਲਬਾਤ ਕਰਦਿਆਂ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਵਿਸੇਸ ਜਾਂਚ ਟੀਮ ਦੇ ਮੈਂਬਰ ਸਵਰਨਜੀਤ ਸਿੰਘ ਵੱਲੋਂ ਸੁਖਰਾਜ ਸਿੰਘ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਹੁਣ ਤੱਕ ਜਾਂਚ ਟੀਮ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਜਾਣੂ ਕਰਵਾਇਆ ਗਿਆ ਹੈ ਅਤੇ ਇਸ ਜਾਂਚ ਨੂੰ ਜਲਦ ਮੁਕੰਮਲ ਕਰ ਲਏ ਜਾਣ ਦਾ ਭਰੋਸਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਬਹਿਬਲਕਲਾ ਗੋਲੀਕਾਂਡ ਮਾਮਲੇ ਦਾ ਚਲਾਨ ਜਲਦ ਹੀ ਮਾਨਯੋਗ ਅਦਾਲਤ ਵਿਚ ਦਾਖਲ ਕੀਤਾ ਜਾਵੇਗਾ।

ਉੱਧਰ ਬਹਿਬਲਕਲਾਂ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸਰਕਾਰ ਦੇ ਨੁਮਾਇੰਦਿਆ ਤੇ ਹੁਣ ਵਿਸ਼ਵਾਸ ਨਹੀਂ ਰਿਹਾ। 2 ਮਹੀਨਿਆ ਵਿਚ ਮਾਮਲੇ ਦਾ ਹੱਲ ਕਰਨ ਦੀ ਗੱਲ ਕਹਿਣ ਵਾਲੀ ਸਰਕਾਰ ਨੂੰ ਹੁਣ ਦੋ ਸਾਲ ਦਾ ਸਮਾਂ ਬੀਤ ਚੱਲਿਆ ਪਰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਪਹਿਲਾਂ ਵਾਲੀ ਜਾਂਚ ਟੀਮ ਵੱਲੋਂ ਅਜਿਹੇ ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ ਜੋ ਮੌਕੇ ਤੇ ਮੌਜੂਦ ਹੀ ਨਹੀਂ ਸਨ। ਜੋ ਵਿਅਕਤੀ ਬਹਿਬਲਕਲਾਂ ਗੋਲੀਕਾਂਡ ਲਈ ਜਿੰਮੇਵਾਰ ਸੀ ਉਸ ਨੂੰ ਸਰਕਾਰੀ ਗਵਾਹ ਬਣਾ ਕੇ ਮੁਲਜ਼ਮਾਂ ਨੂੰ ਲਾਭ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸੇ ਲਈ ਬਹਿਬਲਕਲਾਂ ਗੋਲੀਕਾਂਡ ਦੇ ਗਵਾਹਾਂ ਵੱਲੋਂ ਉਹਨਾਂ ਦੇ ਬਿਆਨ ਦੁਬਾਰਾ ਦਰਜ ਕਰਨ ਲਈ ਮਾਨਯੋਗ ਅਦਾਲਤ ਵਿਚ ਅਪੀਲ ਦਾਇਰ ਕੀਤੀ ਗਈ ਹੈ।

ਸੁਖਰਾਜ ਸਿੰਘ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਅਫਸੋਸ ਕਿ ਇਸ ਮਾਮਲੇ ਵਿਚ ਵਿਸ਼ੇਸ ਜਾਂਚ ਟੀਮ ਜਾਣ ਬੁੱਝ ਕੇ ਮਾਨਯੋਗ ਅਦਾਲਤ ਵਿਚ ਪੱਖ ਨਹੀਂ ਰੱਖ ਰਹੀ। ਉਹਨਾਂ ਕਿਹਾ ਕਿ ਬੀਤੇ ਦਿਨੀ ਉਹਨਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵੱਡਾ ਇਕੱਠ ਕਰਨ ਦੀ ਗੱਲ ਕਹੀ ਗਈ ਸੀ ਤਾਂ ਹੀ ਐਸਆਈਟੀ ਹਰਕਤ ਵਿਚ ਆਈ ਹੈ। ਉਹਨਾਂ ਕਿਹਾ ਕਿ ਮੋਰਚੇ ਵੱਲੋਂ ਜਲਦ ਹੀ ਸੰਗਤਾਂ ਨਾਲ ਰਾਬਤਾ ਕਰ ਵੱਡਾ ਇਕੱਠ ਰੱਖਿਆ ਜਾਵੇਗਾ।