ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਰਾਜਪਾਲ ਪੁਰੋਹਿਤ ਨੇ ਡੀਜੀਪੀ ਤੋਂ ਮੰਗੀ ਸਟੇਟਸ ਰਿਪੋਰਟ

Updated On: 

02 Oct 2023 09:58 AM

Governor on Khaira Arrest: ਜਾਂਚ ਕਮੇਟੀ ਨੇ ਸੁਖਪਾਲ ਸਿੰਘ ਖਹਿਰਾ ਦੀ ਕਾਲ ਡਿਟੇਲ ਹਾਸਲ ਕਰ ਲਈ ਹੈ। ਜਿਸ ਵਿੱਚ ਸਪੱਸ਼ਟ ਹੈ ਕਿ ਸੁਖਪਾਲ ਖਹਿਰਾ ਡਰੱਗ ਮਾਮਲੇ ਦੇ ਮੁਲਜ਼ਮ ਗੁਰਦੇਵ ਸਿੰਘ ਨਾਲ ਚਰਨਜੀਤ ਕੌਰ ਨਾਂ ਦੀ ਔਰਤ ਰਾਹੀਂ ਗੱਲਬਾਤ ਕਰਦਾ ਸੀ। ਚਰਨਜੀਤ ਕੌਰ ਨਸ਼ਾ ਤਸਕਰ ਗੁਰਦੇਵ ਸਿੰਘ ਦੀ ਭੈਣ ਹੈ, ਜੋ ਲੰਡਨ ਵਿੱਚ ਰਹਿੰਦr ਹੈ।

ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਰਾਜਪਾਲ ਪੁਰੋਹਿਤ ਨੇ ਡੀਜੀਪੀ ਤੋਂ ਮੰਗੀ ਸਟੇਟਸ ਰਿਪੋਰਟ
Follow Us On

ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਦਾ ਸੇਕ ਲਗਾਤਾਰ ਪੰਜਾਬ ਦੀ ਸਿਆਸਤ ਨੂੰ ਗਰਮਾ ਰਿਹਾ ਹੈ। ਰਾਜਪਾਲ ਬਣਵਾਰੀ ਲਾਲ ਪੁਰੋਹਿਤ ਨੇ ਇਸ ਮਾਮਲੇ ਤੇ ਡੀਜੀਪੀ ਗੌਰਵ ਯਾਦਵ ਤੋਂ ਡਿਟੇਲ ਰਿਪੋਰਟ ਮੰਗੀ ਹੈ। ਰਾਜਪਾਲ ਨੇ ਚਿੱਠੀ ਲਿੱਖ ਕੇ ਡੀਜੀਪੀ ਕੋਲੋਂ ਜਵਾਬ ਮੰਗਿਆ ਹੈ। ਤੇ ਨਾਲ ਹੀ ਐਸਆਈਟੀ ਕੋਲੋਂ ਪੂਰੇ ਮਾਮਲੇ ਦੀ ਸਟੇਟਸ ਰਿਪੋਰਟ ਵੀ ਮੰਗੀ ਹੈ।

ਜਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਸਰਕਾਰ ਨੇ ਨਸ਼ਾ ਤਸਕਰੀ ਨਾਲ ਉਨ੍ਹਾਂ ਦੇ ਸਬੰਧਾਂ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਸੀ। ਖਹਿਰਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਵਫ਼ਦ ਨੇ ਰਾਜਪਾਲ ਨੂੰ ਮਿਲ ਕੇ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਮਾਮਲੇ ਵਿੱਚ ਦਖ਼ਲ ਦੇਣ ਦੀ ਬੇਨਤੀ ਕੀਤੀ ਸੀ।ਕਾਂਗਰਸ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਭੜਕੀ ਹੋਈ ਹੈ ਅਤੇ ਪੰਜਾਬ ਸਰਕਾਰ ਅਤੇ ਪੁਲਿਸ ਖਿਲਾਫ਼ ਰੋਸ ਪ੍ਰਦਰਸ਼ਨ ਵੀ ਕਰ ਰਹੀ ਹੈ।

ਸਰਕਾਰ ਅਤੇ ਰਾਜਪਾਲ ਫੇਰ ਆਹਮੋਂ-ਸਾਹਮਣੇ

ਬੀਤੇ ਲੰਬੇ ਸਮੇਂ ਤੋਂ ਕਈ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਰਾਜਪਾਲ ਬਣਵਾਰੀ ਲਾਲ ਪੁਰੋਹਿਤ ਲਗਾਤਾਰ ਇੱਕ-ਦੂਜੇ ਖਿਲਾਫ ਬਿਆਨਬਾਜ਼ੀਆਂ ਕਰ ਰਹੇ ਹਨ। ਇਹ ਮਾਮਲਾ ਉਦੋਂ ਜਿਆਦਾ ਭੱਖ ਗਿਆ, ਜਦੋਂ ਰਾਜਪਾਲ ਨੇ ਸਰਕਾਰ ਦੇ ਵਿਸ਼ੇਸ਼ ਸੈਸ਼ਨ ਦੌਰਾਨ ਪਾਸ ਕੀਤੇ ਚਾਰ ਬਿਲਾਂ ਨੂੰ ਮਨਜੂਰੀ ਦੇਣ ਤੋਂ ਇਨਕਾਰ ਕਰਦਿਆਂ ਪੂਰੇ ਸੈਸ਼ਨ ਨੂੰ ਹੀ ਗੈਰ-ਕਾਨੂੰਨੀ ਐਲਾਨ ਦਿੱਤਾ। ਹੁਣ ਇੱਕ ਵਾਰ ਮੁੱੜ ਤੋਂ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋਰ ਵੱਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

28 ਸਤੰਬਰ ਨੂੰ ਹੋਈ ਸੀ ਖ਼ਹਿਰਾ ਦੀ ਗ੍ਰਿਫਤਾਰੀ

ਬੀਤੀ 28 ਸਤੰਬਰ ਨੂੰ ਪੰਜਾਬ ਪੁਲਿਸ ਨੇ ਸਵੇਰੇ 5 ਵਜੇ ਖਹਿਰਾ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਰੇਡ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ। ਖਹਿਰਾ ਖਿਲਾਫ ਇਹ ਕਾਰਵਾਈ 2015 ਦੇ NDPS ਮਾਮਲੇ ਵਿੱਚ ਕੀਤੀ ਗਈ ਹੈ। ਖਹਿਰਾ ਨੂੰ ਉਸੇ ਦਿਨ ਕੋਰਟ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਲਿਆ ਗਿਆ ਸੀ। ਇਸ ਰਿਮਾਂਡ ਦੇ ਖਤਮ ਹੋਣ ਤੋਂ ਬਾਅਦ ਕੋਰਟ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਕੀ ਹੈ ਪੂਰਾ ਮਾਮਲਾ?

ਸਾਲ 2015 ਵਿੱਚ ਜਲਾਲਾਬਾਦ ਪੁਲਿਸ ਨੇ ਮਾਰਕੀਟ ਕਮੇਟੀ ਢਿਲਵਾਂ ਦੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੇ ਕਬਜ਼ੇ ‘ਚੋਂ 2 ਕਿਲੋ ਹੈਰੋਇਨ, 24 ਸੋਨੇ ਦੇ ਬਿਸਕੁਟ, ਇੱਕ ਦੇਸੀ .315 ਬੋਰ ਦਾ ਪਿਸਤੌਲ, ਦੋ ਪਾਕਿਸਤਾਨੀ ਸਿਮ ਕਾਰਡ ਅਤੇ ਇੱਕ ਟਾਟਾ ਸਫਾਰੀ ਕਾਰ ਬਰਾਮਦ ਹੋਈ ਹੈ। ਇਸ ਮਾਮਲੇ ਵਿੱਚ ਖਹਿਰਾ ਦਾ ਨਾਂ ਮਾਰਕੀਟ ਕਮੇਟੀ ਢਿਲਵਾਂ ਦੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਨਾਲ ਕਥਿਤ ਸਬੰਧਾਂ ਕਾਰਨ ਸਾਹਮਣੇ ਆਇਆ ਸੀ।

ਖਹਿਰਾ ਦੇ ਨਾਲ-ਨਾਲ ਨਿੱਜੀ ਸੁਰੱਖਿਆ ਅਧਿਕਾਰੀ (ਪੀਐਸਓ) ਜੋਗਾ ਸਿੰਘ, ਨਿੱਜੀ ਸਹਾਇਕ ਮਨੀਸ਼, ਪਿੰਡ ਬਾਠ (ਜਲੰਧਰ) ਦਾ ਇੱਕ ਵਿਅਕਤੀ, ਐਨਆਰਆਈ ਯੂਕੇ ਨਿਵਾਸੀ ਚਰਨਜੀਤ ਕੌਰ ਅਤੇ ਬਾਜਵਾ ਕਲਾਂ ਪਿੰਡ (ਜਲੰਧਰ) ਦੇ ਮੇਜਰ ਸਿੰਘ ਬਾਜਵਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।