ਫ਼ਰੀਦਕੋਟ ਜੇਲ੍ਹ ‘ਚ ਤਲਾਸੀ ਅਭਿਆਨ ਦੌਰਾਨ ਅਰਸ਼ ਡੱਲਾ ਗੈਂਗ ਦੇ ਗੈਂਗਸਟਰ ਕੋਲੋਂ ਮਿਲੇ 4 ਮੋਬਾਇਲ, 4 ‘ਤੇ ਕੇਸ ਦਰਜ
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਪ੍ਰਸ਼ਾਸਨ ਵੱਲੋਂ ਚਲਾਏ ਗਏ ਵਿਸ਼ੇਸ਼ ਤਲਾਸ਼ੀ ਅਭਿਆਨ ਦੌਰਾਨ ਅੱਤਵਾਦੀ ਅਰਸ਼ ਡੱਲਾ ਗੈਂਗ ਨਾਲ ਸਬੰਧਤ ਗੈਂਗਸਟਰ ਨਵਜੋਤ ਸਿੰਘ ਸਮੇਤ ਚਾਰ ਹਵਾਲਾਤੀਆਂ ਕੋਲੋਂ ਚਾਰ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਇਸ ਮਾਮਲੇ 'ਚ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਭੇਜੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀਆਂ ਖ਼ਿਲਾਫ਼ ਜੇਲ੍ਹ ਐਕਟ ਤਹਿਤ ਦੋ ਅਲੱਗ-ਅਲੱਗ ਮੁਕੱਦਮੇ ਦਰਜ ਕਰ ਲਏ ਗਏ ਹਨ।
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਪ੍ਰਸ਼ਾਸਨ ਵੱਲੋਂ ਚਲਾਏ ਗਏ ਵਿਸ਼ੇਸ਼ ਤਲਾਸ਼ੀ ਅਭਿਆਨ ਦੌਰਾਨ ਅੱਤਵਾਦੀ ਅਰਸ਼ ਡੱਲਾ ਗੈਂਗ ਨਾਲ ਸਬੰਧਤ ਗੈਂਗਸਟਰ ਨਵਜੋਤ ਸਿੰਘ ਸਮੇਤ ਚਾਰ ਹਵਾਲਾਤੀਆਂ ਕੋਲੋਂ ਚਾਰ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ‘ਚ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਭੇਜੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਦੋਸ਼ੀਆਂ ਖ਼ਿਲਾਫ਼ ਜੇਲ੍ਹ ਐਕਟ ਤਹਿਤ ਦੋ ਅਲੱਗ-ਅਲੱਗ ਮੁਕੱਦਮੇ ਦਰਜ ਕਰ ਲਏ ਗਏ ਹਨ। ਪੁਲਿਸ ਨੂੰ ਭੇਜੀ ਗਈ ਪਹਿਲੀ ਸ਼ਿਕਾਇਤ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਦੀਆਂ ਹਦਾਇਤਾਂ ਅਨੁਸਾਰ ਸਮੇਂ-ਸਮੇਂ ‘ਤੇ ਵੱਖ-ਵੱਖ ਬੈਰਕਾਂ ਵਿੱਚ ਸਰਚ ਅਭਿਆਨ ਚਲਾਇਆ ਜਾਂਦਾ ਹੈ। ਇਸੇ ਅਭਿਆਨ ਤਹਿਤ ਜੇਲ੍ਹ ਦੇ ਬਲਾਕ-ਬੀ ਦੀ ਬੈਰਕ ਨੰਬਰ-6 ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ।
ਅਦਾਲਤੀ ਹਿਰਾਸਤ ‘ਚ ਕੇਂਦਰੀ ਜੇਲ੍ਹ ‘ਚ ਹੈ ਬੰਦ
ਤਲਾਸ਼ੀ ਦੌਰਾਨ ਉੱਥੇ ਬੰਦ ਹਾਈ-ਰਿਸਕ ਹਵਾਲਾਤੀ ਬਰਨਾਲਾ ਨਿਵਾਸੀ ਨਵਜੋਤ ਸਿੰਘ ਦੇ ਕਬਜ਼ੇ ‘ਚੋਂ ਇੱਕ ਟੱਚ ਸਕ੍ਰੀਨ ਮੋਬਾਈਲ ਫ਼ੋਨ ਅਤੇ ਸਿਮ ਕਾਰਡ ਬਰਾਮਦ ਹੋਇਆ। ਨਵਜੋਤ ਸਿੰਘ ‘ਤੇ ਅੱਤਵਾਦੀ ਅਰਸ਼ ਡੱਲਾ ਗੈਂਗ ਨਾਲ ਜੁੜੇ ਹੋਣ ਦੇ ਗੰਭੀਰ ਦੋਸ਼ ਹਨ। ਉਹ ਪਿੰਡ ਹਰੀਨੌ ਦੇ ਗੁਰਪ੍ਰੀਤ ਸਿੰਘ ਕਤਲਕਾਂਡ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਅੱਜ-ਕੱਲ੍ਹ ਅਦਾਲਤੀ ਹਿਰਾਸਤ ਵਿੱਚ ਕੇਂਦਰੀ ਜੇਲ੍ਹ ਵਿੱਚ ਬੰਦ ਹੈ।
ਤਿੰਨ ਹੋਰ ਹਵਾਲਾਤੀਆਂ ਕੋਲੋਂ ਵੀ ਮੋਬਾਈਲ ਫ਼ੋਨ ਬਰਾਮਦ
ਇੱਕ ਹੋਰ ਸ਼ਿਕਾਇਤ ਵਿੱਚ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜੇਲ੍ਹ ਕਰਮਚਾਰੀਆਂ ਨੇ ਵੱਖ-ਵੱਖ ਬੈਰਕਾਂ ਦੀ ਚੈਕਿੰਗ ਦੌਰਾਨ ਤਿੰਨ ਹੋਰ ਹਵਾਲਾਤੀਆਂ ਤੋਂ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਫੜੇ ਗਏ ਹਵਾਲਾਤੀਆਂ ਦੀ ਪਛਾਣ ਲੁਧਿਆਣਾ ਨਿਵਾਸੀ ਰਮਨਦੀਪ ਸਿੰਘ ਉਰਫ਼ ਮੰਗੂ, ਮੋਗਾ ਨਿਵਾਸੀ ਭੂਪਿੰਦਰ ਸਿੰਘ ਉਰਫ਼ ਸੋਨੂ ਅਤੇ ਮੋਗਾ ਦੇ ਹੀ ਰਹਿਣ ਵਾਲੇ ਕੁਲਵਿੰਦਰ ਸਿੰਘ ਉਰਫ਼ ਕਿੰਦਾ ਵਜੋਂ ਹੋਈ ਹੈ।
ਮਾਮਲੇ ਦੀ ਅਗਲੇਰੀ ਜਾਂਚ ਕੀਤੀ ਸ਼ੁਰੂ
ਇਨ੍ਹਾਂ ਤਿੰਨਾਂ ਦੇ ਕਬਜ਼ੇ ‘ਚੋਂ ਕੁੱਲ ਤਿੰਨ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਦੋਵਾਂ ਸ਼ਿਕਾਇਤਾਂ ਦੇ ਆਧਾਰ ‘ਤੇ ਥਾਣਾ ਸਿਟੀ ਫ਼ਰੀਦਕੋਟ ਦੀ ਪੁਲਿਸ ਨੇ ਜੇਲ੍ਹ ਐਕਟ ਦੀਆਂ ਧਾਰਾਵਾਂ ਤਹਿਤ ਚਾਰੇ ਹਵਾਲਾਤੀਆਂ ਦੇ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ। ਪੁਲਿਸ ਨੇ ਮਾਮਲੇ ਦੀ ਅਗਲੇਰੀ ਕਾਨੂੰਨੀ ਜਾਂਚ ਆਰੰਭ ਦਿੱਤੀ ਹੈ।
ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਕੀਤੀ ਜਾਵੇਗੀ ਪੁੱਛਗਿੱਛ – ਜਾਂਚ ਅਧਿਕਾਰੀ
ਜੇਲ੍ਹ ਇਨਵੈਸਟੀਗੇਸ਼ਨ ਸੈੱਲ ਦੇ ਇੰਚਾਰਜ ਏ.ਐਸ.ਆਈ. ਗੁਰਪਾਲ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਹਵਾਲਾਤੀਆਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁੱਛਗਿੱਛ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਮੋਬਾਈਲ ਫ਼ੋਨ ਕਿੱਥੋਂ ਆਏ ਅਤੇ ਜੇਲ੍ਹ ਦੇ ਅੰਦਰ ਤੱਕ ਕਿਵੇਂ ਪਹੁੰਚੇ। ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਸ ਪੂਰੇ ਨੈੱਟਵਰਕ ਵਿੱਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹੋ ਸਕਦੇ ਹਨ।
