ਫਰੀਦਕੋਟ ‘ਚ ਫਿਰ ਚੱਲਿਆ ਪੀਲਾ ਪੰਜਾ, 5 ਨਸ਼ਾ ਤਸਕਰਾਂ ਦੀ ਢਹਾਈ ਨਾਜ਼ਾਇਜ ਉਸਾਰੀ

Updated On: 

16 Mar 2025 02:55 AM

ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਤਹਿਤ ਕੋਟਕਪੂਰਾ ਵਿਚ ਵੱਡਾ ਐਕਸ਼ਨ ਕੀਤਾ ਗਿਆ ਜਿਸ ਤਹਿਤ, ਕਥਿਤ ਨਸ਼ਾ ਤਸਕਰਾਂ ਦੇ 5 ਘਰਾਂ ਨੂੰ ਪ੍ਰਸ਼ਾਸਨ ਵੱਲੋਂ ਢਹਿ ਢੇਰੀ ਕੀਤਾ ਗਿਆ। ਲੋਕਾਂ ਵੱਲੋਂ ਸਰਕਾਰ ਦੀ ਇਸ ਕਾਰਵਾਈ ਦੀ ਸਿਲਾਂਘਾ ਕੀਤੀ ਜਾ ਰਹੀ ਹੈ।

ਫਰੀਦਕੋਟ ਚ ਫਿਰ ਚੱਲਿਆ ਪੀਲਾ ਪੰਜਾ, 5 ਨਸ਼ਾ ਤਸਕਰਾਂ ਦੀ ਢਹਾਈ ਨਾਜ਼ਾਇਜ ਉਸਾਰੀ
Follow Us On

ਪੰਜਾਬ ਸਰਕਾਰ ਦੇ ਯੁੱਧ ਨਸ਼ਿਆ ਵਿਰੁੱਧ ਤਹਿਤ ਅੱਜ ਕੋਟਕਪੂਰਾ ਵਿਚ ਫਰੀਦਕੋਟ ਪ੍ਰਸ਼ਾਸਨ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ। ਇਥੋਂ ਦੇ ਜਲਾਲੇਆਣਾ ਰੋਡ ਤੇ ਕਥਿਤ ਨਜਾਇਜ ਉਸਾਰੀਆਂ ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚਲਿਆ। ਜਾਣਕਾਰੀ ਅਨੁਸਾਰ ਇਥੋਂ ਦੇ ਰਹਿਣੇ ਵਾਲੇ ਕੁਝ ਲੋਕ ਲਗਾਤਾਰ ਕਥਿਤ ਨਸ਼ਾ ਤਸਕਰੀ ਵਿਚ ਸ਼ਾਮਲ ਸਨ ਤੇ ਉਹਨਾਂ ਖਿਲਾਫ ਕਈ ਕਈ ਮਾਮਲੇ ਦਰਜ ਸਨ। ਪ੍ਰਸ਼ਾਸਨ ਵੱਲੋਂ ਅਜਿਹੇ 5 ਘਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ, ਜਿਸ ਤਹਿਤ ਅੱਜ ਉਹਨਾਂ ਦੇ ਘਰਾਂ ਨੂੰ ਢਾਹੇ ਜਾਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।

ਜਾਣਕਾਰੀ ਦਿੰਦਿਆ ਐਸਡੀਐਮ ਕੋਟਕਪੂਰਾ ਵਰਿੰਦਰ ਸਿੰਘ ਨੇ ਦੱਸਿਆ ਕਿ ਕੋਟਕਪੂਰਾ ਦੇ ਜਲਾਲੇਆਣਾ ਰੋਡ ਤੇ ਕਈ ਲੋਕਾਂ ਨੇ ਨਾਜਾਇਜ ਉਸਾਰੀਆਂ ਕੀਤੀਆ ਹੋਈਆਂ ਸਨ। ਇਨ੍ਹਾਂ ਨੂੰ ਹਟਾਏ ਜਾਣ ਸੰਬੰਧੀ ਪਹਿਲਾਂ ਨੋਟਿਸ ਜਾਰੀ ਕੀਤੇ ਗਏ ਸਨ, ਪਰ ਉਹਨਾਂ ਵੱਲੋਂ ਇਹ ਨਾਜਾਇਜ ਉਸਾਰੀਆਂ ਹਟਾਈਆਂ ਨਹੀਂ ਗਈਆਂ। ਉਹਨਾਂ ਦੱਸਿਆ ਕਿ ਪ੍ਰਸ਼ਾਸਨ ਦੇ ਧਿਆਨ ਵਿਚ ਆਇਆ ਹੈ ਕਿ ਇਹ ਨਜਾਇਜ ਉਸਾਰੀਆਂ ਕਰਟਨ ਵਾਲੇ 5 ਪਰਿਵਾਰ ਨਸ਼ਾ ਤਸਕਰੀ ‘ਚ ਵੀ ਸ਼ਾਮਲ ਸਨ। ਉਹਨਾਂ ਖਿਲਾਫ ਕਈ ਮੁਕੱਦਮੇਂ ਵੀ ਦਰਜ ਹਨ।

ਇਸ ਲਈ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਤਹਿਤ ਅੱਜ ਇਹਨਾਂ ਦੀ ਨਿਸ਼ਾਨਦੇਹੀ ਕਰ ਕੇ ਇਹਨਾਂ ਨਜਾਇਜ ਕਬਜਿਆ ਨੂੰ ਹਟਾਇਆ ਗਿਆ ਹੈ। ਉਹਨਾਂ ਦੱਸਿਆ ਕਿ ਕੁੱਲ੍ਹ 5 ਘਰਾ ਨੂੰ ਢਾਹਿਆ ਗਿਆ ਹੈ।ਉਹਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਅਜਿਹੇ ਹੋਰ ਵੀ ਲੋਕਾਂ ਖਿਲਾਫ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ।

ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਨਗਰ ਕੌਂਸਲ ਕੋਟਕਪੂਰਾ ਦੀ ਜਗ੍ਹਾ ‘ਤੇ 5 ਘਰਾਂ ਨੇ ਨਾਜਾਇਜ ਉਸਾਰੀ ਕੀਤੀ ਹੋਈ ਸੀ। ਇਹਨਾਂ ਖਿਲਾਫ਼ ਐਨਡੀਪੀਐਸ ਤਹਿਤ ਮਾਮਲੇ ਦਰਜ ਸਨ। ਉਹਨਾਂ ਦੱਸਿਆ ਕਿ ਇਥੇ ਰਹਿਣ ਵਾਲੀ ਇਕ ਲੇਡੀਜ ਲੱਜਾ, ਸ਼ਿਕੰਦਰ ਅਤੇ ਕੁਝ ਹੋਰ ਲੋਕਾਂ ਖਿਲਾਫ NDPS ਐਕਟ ਤਹਿਤ ਕਈ ਕਈ ਮੁਕਦਮੇਂ ਦਰਜ ਸਨ, ਜਿੰਨਾਂ ਦੇ ਘਰਾਂ ਨੂੰ ਅੱਜ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੀ ਸਾਂਝੀ ਕਾਰਵਾਈ ਤਹਿਤ ਢਾਹਿਆ ਗਿਆ ਹੈ। ਉਹਨਾਂ ਨੇ ਨਸ਼ਾ ਤਸਕਰਾਂ ਨੂੰ ਸਿੱਧੇ ਤੌਰ ‘ਤੇ ਕਿਹਾ ਕਿ ਪਹਿਲਾਂ ਤੁਸੀਂ ਕਈ ਮਾਂਵਾਂ ਦੇ ਪੁੱਤ ਮਾਰ ਦਿੱਤੇ ਹੁਣ ਤੁਹਾਡੀ ਵਾਰੀ ਹੈ, ਜੇਕਰ ਤੁਸੀ ਇਹ ਕੰਮ ਨਾਂ ਛੱਡਿਆ ਤਾਂ ਅਗਲੀ ਵਾਰੀ ਤੁਹਾਡੀ ਹੈ।

ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਮੁਹਲਾ ਵਾਸੀਆ ਵੱਲੋਂ ਸਰਾਹਿਆ ਗਿਆ। ਲੋਕਾਂ ਨੇ ਕਿਹਾ ਕਿ ਸਰਕਾਰ ਨੇ ਬਹੁਤ ਵਧੀਆ ਕਦਮ ਉਠਾਇਆ ਹੈ, ਜੋ ਲੋਕ ਲਗਾਤਾਰ ਨਸ਼ੇ ਵੇਚ ਕੇ ਲੋਕਾਂ ਦੇ ਘਰ ਬਰਬਾਦ ਕਰ ਰਹੇ ਹਨ ਅਤੇ ਆਪਣੇ ਘਰ ਉਸਾਰ ਰਹੇ ਹਨ ਅੱਜ ਉਹਨਾਂ ਦੇ ਘਰਾਂ ਨੂੰ ਮਿੱਟੀ ਵਿਚ ਮਲਾਇਆ ਗਿਆ ਹੈ।