ਅੱਜ ਵੀ ਬ੍ਰਿਟਿਸ਼ ਰਾਜ ਦੀ ਯਾਦ ਦਵਾਉਂਦੀਆਂ ਨੇ ਫਰੀਦਕੋਟ ਦੀਆਂ ਰਿਆਸਤੀ ਇਮਾਰਤਾਂ
ਅੱਜ ਵੀ ਬ੍ਰਿਟਿਸ਼ ਰਾਜ ਦੀ ਯਾਦ ਦਵਾਉਂਦੀਆਂ ਬ੍ਰਿਟਿਸ਼ ਹੁਕਮਰਾਨਾਂ ਦੇ ਨਾਮ ਤੇ ਬਣੀਆਂ ਫਰੀਦਕੋਟ ਦੀਆਂ ਰਿਆਸਤੀ ਇਮਾਰਤਾਂ ਘੰਟਾ ਘਰ, ਲੇਡੀ ਡੇਨ ਜਨਾਨਾ ਹਸਪਤਾਲ, ਫੇਅਰੀ ਕਾਟਿਜ, ਦਰਬਾਰ ਗੰਜ, ਕਚਿਹਰੀ ਕੰਪਲੈਕਸ, ਨਹਿਰੂ ਸਟੇਡੀਅਮ, ਬਰਜਿੰਦਰਾ ਕਾਲਜ ਅਤੇ ਐਚਐਚਐਸ ਪਰਸਨਲ ਅਸਟੇਟ ਫਰੀਦਕੋਟ ਅੱਜ ਵੀ ਆਪਣੀ ਵਿਲੱਖਣ ਦਿਖ ਕਾਰਨ ਹਨ ਖਿੱਚ ਦਾ ਕੇਂਦਰ ਹਨ।
ਫਰੀਦਕੋਟ ਸਹਿਰ ਪੰਜਾਬ ਦਾ ਰਿਆਸਤੀ ਅਤੇ ਵਿਰਾਸਤੀ ਸਹਿਰ ਹੈ। ਫਰੀਦਕੋਟ ਦੀ ਰਿਆਸਤ ਬ੍ਰਿਟਿਸ਼ ਸਰਕਾਰ ਦੀ ਹਮੇਸ਼ਾ ਭਰੋਸੇਯੋਗ ਰਹੀ ਸੀ, ਜਿਸ ਦੀ ਗਵਾਹੀ ਫਰੀਦਕੋਟ ਰਿਆਸਤ ਵਿਚ ਬ੍ਰਿਟਿਸ਼ ਹੁਕਮਰਾਨਾਂ ਦੇ ਨਾਮ ਅਤੇ ਨਕਸ਼ੇ ਤੇ ਬਣਾਈਆਂ ਗਈਆਂ ਇਮਾਰਤਾਂ ਭਰਦੀਆਂ ਹਨ, ਜੋ ਅੱਜ ਵੀ ਆਪਣੀ ਦਿੱਖ ਅਤੇ ਵੇਸ਼ ਭੂਸ਼ਾ ਤੋਂ ਬ੍ਰਿਟਿਸ਼ ਸਰਕਾਰ ਦੀ ਯਾਦ ਦਵਾਉਂਦੀਆਂ ਹਨ।ਫਰੀਦਕੋਟ ਵਿਚ ਦੂਰੋਂ ਨੇੜਿਓਂ ਆਉਣ ਵਾਲੇ ਲੋਕਾਂ ਲਈ ਇਹ ਰਿਆਸਤੀ ਇਮਾਰਤਾਂ ਅੱਜ ਵੀ ਖਿੱਚ ਦਾ ਕੇਂਦਰ ਹਨ।ਇਹਨਾਂ ਇਮਾਰਤਾਂ ਦੀ ਜੇਕਰ ਬਣਤਰ ਦੀ ਗੱਲ ਕਰੀਏ ਤਾਂ ਪਹਿਲੀ ਨਜਰੇ ਹੀ ਇਹ ਚੁਣੀਂਦਾ ਇਮਾਰਤਾਂ ਇੰਗਲੈਂਡ ਦੀ ਭਵਨ ਕਲਾ ਦਾ ਭੁਲੇਖਾ ਪਾਉਂਦੀਆਂ ਹਨ।ਇਹੀ ਨਹੀਂ ਭਾਰਤ ਭਰ ਵਿਚ ਮਸ਼ਹੂਰ ਫਰੀਦਕੋਟ ਦੀਆਂ ਕਚਿਹਰੀਆਂ ਦਾ ਮਾਡਲ ਵੀ ਬ੍ਰਿਟਿਸ਼ ਭਵਨ ਕਲਾ ਤੇ ਅਧਾਰਿਤ ਹੈ ਅਤੇ ਇਸ ਬਿਲਡਿੰਗ ਦੇ ਗੁਬੰਦਾਂ ਉਪਰ ਬਣੀ ਇੰਗਲੈਂਡ ਦੀ ਮਹਾਂਰਾਣੀ ਦੀ ਛੜੀ ਅਤੇ ਤਾਜ ਦੇ ਨਮੂਨੇ ਦੀ ਕਲਾ ਕਿਰਤੀ ਤੋਂ ਚਲਦਾ ਹੈ। ਪਹਿਲੀ ਨਜਰ ਜੋ ਇਹ ਇਮਾਰਤਾਂ ਬ੍ਰਿਟਿਸ਼ ਸਰਕਾਰ ਦਾ ਅੰਗ ਨਜਰ ਆਉਂਦੀਆਂ ਹਨ।ਜੇਕਰ ਗੱਲ ਕਰੀਏ ਇਹਨਾਂ ਇਮਾਰਤਾਂ ਦੀ ਉਸਾਰੀ ਅਤੇ ਇਤਿਹਾਸ਼ ਦੀ ਤਾਂ ਇਸ ਲਈ ਸਾਨੂੰ ਫਰੀਦਕੋਟ ਰਿਆਸਤ ਦੇ ਇਤਿਹਾਸਕ ਪੰਨਿਆਂ ਨੂੰ ਫਰੋਲਣਾਂ ਪਵੇਗਾ।ਪਰ ਕੁਝ ਵੀ ਕਿਹਾ ਜਾਵੇ ਇਹਨਾਂ ਇਮਾਰਤਾਂ ਦੀ ਭਵਨ ਕਲਾ ਅਤੇ ਇਹਨਾਂ ਦੀ ਉਸਾਰੀ ਇੰਨੀ ਮਜਬੂਤ ਹੈ ਕਿ ਇਹ ਇਮਾਰਤਾਂ ਅੱਜ ਵੀ ਜਿਉਂ ਦੀਆ ਤਿਉਂ ਖੜ੍ਹੀਆਂ ਹਨ ਅਤੇ ਆਪਣੀ ਵਿੱਲਖਣ ਸੁੰਦਰਤਾ ਨਾਲ ਲੋਕਾਂ ਦੇ ਮਨਾਂ ਨੂੰ ਮੋਹ ਰਹੀਆਂ ਹਨ।
ਜਾਣੋ ਫਰੀਦਕੋਟ ਵਿਚ ਬ੍ਰਿਟਿਸ਼ ਹੁਕਮਰਾਨਾਂ ਦੇ ਨਾਮ ਤੇ ਬਣੀਆਂ ਇਹਨਾਂ ਇਮਾਰਤਾਂ ਦਾ ਕੀ ਹੈ ਇਤਿਹਾਸ ਅਤੇ ਕਦੋਂ ਕਦੋਂ ਹੋਈ ਇਹਨਾਂ ਇਮਾਰਤਾਂ ਦੀ ਉਸਾਰੀ।
1 . ਫ਼ੇਅਰੀ ਕਾਟੇਜ਼, ਬੀੜ ਚਹਿਲ
ਇਹ ਇਮਾਰਤ ਫ਼ਰੀਦਕੋਟ ਸ਼ਹਿਰ ਤੋਂ ਛੇ ‘ਕੁ ਕਿਲੋਮੀਟਰ ਦੂਰ ਪਿੰਡ ਚਹਿਲ ਨੇੜੇ ਹੈ। ਆਇਨਾ-ਏ ਬਰਾੜ ਬੰਸ ਵਿਚ ਇਸ ਇਮਾਰਤ ਕੰਪਲੈਕਸ ਨੂੰ ‘ਸ਼ਿਕਾਰਗਾਹ’ ਲਿਖਿਆ ਗਿਆ ਹੈ, ਜਿਸ ਦੀ ਉਸਾਰੀ ਰਾਜਾ ਬਲਬੀਰ ਸਿੰਘ ਨੇ ਕਰਵਾਈ ਸੀ। ਇਸ ਦੀ ਮੁੱਖ ਕੇਂਦਰੀ ਇਮਾਰਤ ਵਿਚ ਚਾਰ ਕਮਰੇ ਹਨ। ਇਸ ਦੇ ਪੂਰਬ ਵੱਲ ‘ਜਨਾਨਾ ਕੋਠੀ’ ਹੈ । ਕੋਠੀ ਦੇ ਦੱਖਣ ਵੱਲ ਛੋਟਾ ਜਿਹਾ ਘੰਟਾਘਰ ਹੈ, ਜਿਸ ਦੀ ਘੜੀ ਖਰਾਬ ਹੋ ਚੁੱਕੀ ਹੈ । ਉੱਤਰ ਵੱਲ ਇੱਕ ਪੱਕਾ ਤਲਾਅ ਅਤੇ ਨੇੜੇ ਹੀ ਇੱਕ ਖੂਹ ਹੈ।
2. ਸਕੱਤਰੇਤ ਜਾਂ ਦਰਬਾਰ ਹਾਲ (ਹੁਣ ਜ਼ਿਲ੍ਹਾ ਅਦਾਲਤਾਂ), ਫ਼ਰੀਦਕੋਟ
ਫਰੀਦਕੋਟ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਸਥਿਤ ਇਹ ਖ਼ੂਬਸੂਰਤ ਇਮਾਰਤ ਤਿੰਨ ਭਾਗਾਂ ਵਿਚ ਵੰਡੀ ਹੋਈ ਹੈ, ਕੇਂਦਰੀ ਬਲਾੱਕ ਅਤੇ ਇਸ ਦੇ ਦੋਹੇਂ ਪਾਸੇ ਇੱਕੋ-ਜਿਹੇ ਉੱਤਰੀ ਅਤੇ ਦੱਖਣੀ ਬਲਾੱਕ ਹਨ, ਇਮਾਰਤ ਦਾ ਕੇਂਦਰੀ ਹਿੱਸਾ ਗੁੰਬਦਾਕਾਰ ਛੱਤ ਵਾਲਾ ਅੱਠ-ਭੁਜਾ ਹਾਲ ਹੈ, ਜਿਸ ਦੇ ਹਰ ਪਾਸੇ ਕਾਰੀਡੋਰ ਹੈ ਜੋ ਅੱਗੇ ਅਨੇਕਾਂ ਕਮਰਿਆਂ ਨਾਲ ਜੁੜੀ ਹੋਈ ਹੈ। ਇਹ ਕੇਂਦਰੀ ਪ੍ਰਬੰਧਕੀ ਬਲਾਕ ਸੀ। ਵਿਚਲੇ ਹਾਲ ਵਿਚ ਇਜਲਾਸ-ਏ ਖ਼ਾਸ (ਵਿਸ਼ੇਸ਼ ਮੀਟਿੰਗਾਂ) ਹੁੰਦੇ ਸਨ। ਇਸ ਵਿਚ ਰਾਜਾ, ਉਸ ਦੇ ਪ੍ਰਾਈਵੇਟ ਸਕੱਤਰ ਅਤੇ ਏ.ਡੀ.ਸੀ. ਦੇ ਦਫ਼ਤਰ ਸਨ। ਸਕੱਤਰ ਦਾ ਦਫ਼ਤਰ ਅੱਠ ਭੁਜੇ ਲਾਂਘੇ ਦੁਆਲੇ ਹੁੰਦਾ ਸੀ।ਇਸ ਬਲਾੱਕ ਦਾ ਪਿਛਲਾ ਹਿੱਸਾ ਦੋ ਮੰਜ਼ਿਲਾ ਹੈ। ਹੇਠਲੀ ਮੰਜ਼ਲ ‘ਤੇ ਪਬਲਿਕ ਵਰਕਸ ਡਿਪਾਰਟਮੈਂਟ ਦੇ ਦਫ਼ਤਰ ਸਨ ਅਤੇ ਉਪਰੀ ਮੰਜ਼ਲ ‘ਤੇ ਮੁੱਖ ਅਕਾਊਂਟੈਂਟ, ਮੀਰ ਮੁਨਸ਼ੀ, ਆਡਿਟ ਅਫ਼ਸਰ, ਸਕੂਲਾਂ ਦੇ ਇੰਸਪੈਕਟਰ, ਮਕੈਨੀਕਲ ਇੰਜਨੀਅਰ ਅਤੇ ਪੀ.ਡਬਲਯੂ.ਡੀ. ਦੇ ਡਰਾਫ਼ਟਮੈਨ ਦੇ ਦਫ਼ਤਰ ਸਨ।ਹਰੇਕ ਪਾਸੇ ਵਾਲੇ ਬਲਾੱਕ ਦੇ ਵਿਚਾਲੇ ਖੁੱਲ੍ਹਾ ਵਿਹੜਾ ਹੈ, ਜਿਸ ਦੇ ਵਿਚਕਾਰ ਇੱਕ ਫੁਆਰਾ ਹੈ। ਆਲੇ-ਦੁਆਲੇ ਕਾਰੀਡੋਰ ਅਤੇ ਕਮਰੇ ਹਨ। ਉੱਤਰੀ ਬਲਾੱਕ ਵਿਚ ਨਿਆਂ ਦੀਆਂ ਅਦਾਲਤਾਂ ਹੁੰਦੀਆਂ ਸਨ ਅਤੇ ਦੱਖਣੀ ਬਲਾੱਕ ਵਿਚ ਮਾਲੀਏ ਸਬੰਧੀ ਅਦਾਲਤਾਂ, ਮਿਉਂਸਿਪਲਿਟੀ ਅਤੇ ਕੋਆਪਰੇਟਿਵ ਵਿਭਾਗ ਸਨ।ਸਾਰੀ ਇਮਾਰਤ ਦਾ ਮੁੱਖ ਪ੍ਰਵੇਸ਼ ਦੁਆਰ ਪੱਛਮ ਵੱਲ ਸੀ। ਇਸ ਪ੍ਰਵੇਸ਼ ਦੀਆਂ ਕੰਧਾਂ ‘ਤੇ ਲੱਗੇ ਆਲੇਖਾਂ ਤੋਂ ਪਤਾ ਲਗਦਾ ਹੈ ਕਿ ਇਸ ਦੀ ਨੀਂਹ 23 ਦਸੰਬਰ 1933 ਦੇ ਦਿਨ ਪੰਜਾਬ ਸਟੇਟਸ ਦੇ ਗਵਰਨਰ ਜਨਰਲ ਦੇ ਏਜੈਂਟ ਸਰ ਜੇਮਜ਼ ਫ਼ਿਟਜ਼ਪੈਟ੍ਰਿਕ ਨੇ ਰੱਖੀ ਸੀ ਅਤੇ ਇਸ ਦਾ ਉਦਘਾਟਨ ਰਾਜਾ ਹਰ ਇੰਦਰ ਸਿੰਘ ਨੇ ਆਪਣੇ ਵਰੋਸਾਉਣ ਦੇ ਅਵਸਰ ‘ਤੇ 18 ਅਕਤੂਬਰ 1934 ਨੂੰ ਕੀਤਾ ਸੀ। ਇੱਕ ਦਿਨ ਪਹਿਲੇ ਹੀ ਉਸਨੂੰ ਵਰੋਸਾਇਆ ਗਿਆ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੰਨੀ ਵਿਸ਼ਾਲ ਇਮਾਰਤ ਦੀ ਉਸਾਰੀ ਦਸ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਕੀਤੀ ਗਈ।ਇਹ ਇਮਾਰਤ ਬ੍ਰਿਟਿਸ਼ ਸਰਕਾਰ ਦੇ ਕਾਲ ਦੀ ਪੂਰੀ ਤਰਾ ਹਾਮੀਂ ਭਰਦੀ ਨਜਰ ਆਉਂਦੀ ਹੈ। ਇਸ ਇਮਾਰਤ ਦੀ ਚਾਰਦਿਵਾਰੀ ਉਪਰ ਲੱਗੀਆਂ ਐਂਗਲਾਂ ਇੰਗਲੈਂਡ ਦੀ ਮਹਾਂਰਾਣੀ ਦੇ ਤਾਜ ਦੇ ਨਕਸ਼ੇ ਵਿਚ ਬਣੀਆਂ ਹੋਈਆਂ ਹਨ।ਇਸੇ ਤਰਾਂ ਇਸ ਦੇ ਛੋਟੇ ਗੁਬੰਦਾਂ ਤੇ ਇੰਗਲੈਂਡ ਦੀ ਮਹਾਂਰਾਣੀ ਦੀ ਛੜੀ ਦੇ ਨਕਸ਼ੇ ਦੀਆਂ ਉਪਰ ਨੂੰ ਉਠੀਆਂ ਹੋਈਆਂ ਪਾਇਪਾਂ ਬਣੀਆਂ ਹੋਈਆਂ ਹਨ ਅਤੇ ਪ੍ਰਮੁੱਖ ਗੁਬੰਦ ਤੇ ਇੰਗਲੈਂਡ ਦੀ ਮਹਾਂਰਾਣੀ ਦੇ ਤਾਜ ਦਾ ਨਕਸ਼ਾ ਲੋਹੇ ਦੀਆ ਐਂਗਲਾਂ ਨਾਲ ਬਣਾਇਆ ਗਿਆ ਹੈ ਜੋ ਫਰੀਦਕੋਟ ਰਿਆਸਤ ਦੇ ਬ੍ਰਿਟਿਸ਼ ਸ਼ਾਸਕਾਂ ਦੇ ਭਰੋਸੇਯੋਗ ਅਤੇ ਵਫਾਦਾਰ ਹੋਣ ਦਾ ਸਬੂਤ ਹੈ।
3. ਗੈਸਟ ਹਾਊਸ ਕੋਠੀ ਦਰਬਾਰਗੰਜ, ਫ਼ਰੀਦਕੋਟ
ਇਸ ਇਮਾਰਤ ਵਿਚ ਇੱਕ ਮੁੱਖ ਹਾਲ ਅਤੇ ਕਮਰਿਆਂ ਦੇ ਕੁੱਲ 12 ਸੈੱਟ ਅਤੇ ਸਾਂਝੀ ਰਸੋਈ ਹੈ। ਹਰੇਕ ਕਮਰੇ ਨਾਲ ਬਾਥਰੂਮ ਅਤੇ ਟਾਇਲੈਟ ਜੁੜਿਆ ਹੋਇਆ ਹੈ। ਆਇਨਾ-ਏ ਬਰਾੜ ਬੰਸ ਵਿਚ ਇਸ ਇਮਾਰਤ ਦਾ ਨਾਂ ‘ਪਰੇਡਵਾਲੇ ਬਾਗ਼ ਕੀ ਰਫ਼ੀ ਅਲ-ਸ਼ਾਨ ਕੋਠੀ ਮੋਸਮਾ ਦਰਬਾਰਗੰਜ’ ਦਿੱਤਾ ਗਿਆ ਹੈ ਅਤੇ ਇਸ ਨੂੰ ਰਾਜਾ ਬਲਬੀਰ ਸਿੰਘ ਰਾਹੀਂ ਬਣਵਾਈਆਂ ਇਮਾਰਤਾਂ ਵਿਚ ਸ਼ੁਮਾਰ ਕੀਤਾ ਗਿਆ ਹੈ। ਇਸ ਇਮਾਰਤ ਦੀ ਉਸਾਰੀ ਰਾਜਾ ਬਲਬੀਰ ਸਿੰਘ ਦੀ ਭੈਣ ਬੀਬੀ ਬਲਵੰਤ ਕੌਰ ਦੇ ਵਿਆਹ ਦੀ ਬਰਾਤ ਦੇ ਠਹਿਰਣ ਲਈ ਕੀਤੀ ਗਈ ਸੀ। ਇਹ ਵਿਆਹ 24 ਜੂਨ 1898 ਦੇ ਦਿਨ ਹੋਇਆ ਸੀ। ਸ਼ੈਲੀ ਪੱਖੋਂ ਵੀ ਇਹ ਰਾਜਮਹਿਲ, ਇਸਦੀ ਡਿਉਢੀ, ਅਤੇ ਘੰਟਾ-ਘਰ ਦੀ ਸ਼ੈਲੀ ਨਾਲ ਮਿਲਦੀ-ਜੁਲਦੀ ਹੈ ਜੋ ਕਿ ‘ਗੋਥਿਕ ਰਿਵਾਇਵਲ’ ਸ਼ੈਲੀ ਵਿਚ ਹਨ।ਪਰ ਇਮਾਰਤ ਦੇ ਪਿਛਲੇ ਛੇ ਸੈੱਟ ਬਾਅਦ ਦੇ ਹਨ ਜਿਨ੍ਹਾਂ ਦੀ ਉਸਾਰੀ ਰਾਜਾ ਹਰ ਇੰਦਰ ਸਿੰਘ ਨੇ 1945-46 ਵਿਚ ਕਰਵਾਈ ਸੀ।ਇਹ ਗੈਸਟ ਹਾਊਸ ਗਵਾਂਢੀ ਰਾਜਾਂ ਦੇ ਹਾਕਮਾਂ ਲਈ ਅਤੇ ਗਵਰਨਰ ਜਨਰਲ ਦੇ ਏਜੈਂਟ ਲਈ ਰਾਖਵਾਂ ਰਾਖਵਾਂ ਸੀ।
ਇਹ ਵੀ ਪੜ੍ਹੋ
4. ਬਰਜਿੰਦਰਾ ਕਾਲਜ ਅਤੇ ਬਲਬੀਰ ਹਾਈ ਸਕੂਲ ਦਾ ਇਮਾਰਤ ਕੰਪਲੈਕਸ,ਫਰੀਦਕੋਟ
ਫ਼ਰੀਦਕੋਟ ਰਿਆਸਤ ਵਿਚ ਸਕੂਲਾਂ ਦੀ ਸ਼ੁਰੂਆਤ 1875 ਵਿਚ ਰਾਜਾ ਬਿਕ੍ਰਮ ਸਿੰਘ ਨੇ ਕੀਤੀ ਸੀ। ਅਪ੍ਰੈਲ 1901 ਵਿਚ ਰਿਆਸਤ ਦੇ ਮਿਡਲ ਸਕੂਲ ਦਾ ਦਰਜਾ ਵਧਾ ਕੇ ਇਸ ਨੂੰ ਐਂਗਲੋ- ਵਰਨੈਕਲਰ ਹਾਈ ਸਕੂਲ ਬਣਾ ਦਿੱਤਾ ਗਿਆ ਅਤੇ ਇਸ ਦਾ ਨਾਂ ਬਲਬੀਰ ਇੰਸਟਾਲੇਸ਼ਨ ਹਾਈ ਸਕੂਲ ਰੱਖ ਦਿੱਤਾ ਗਿਆ। ਪਰ ਇਸ ਸਕੂਲ ਲਈ ਇਮਾਰਤ 12 ਸਾਲ ਮਗਰੋਂ 1913 ਵਿਚ ਤਿਆਰ ਕੀਤੀ ਗਈ ( ਸਾਲ 1915 ਦੇ ਆਸਪਾਸ ਇਸ ਸਕੂਲ ਵਿਚ 538 ਵਿਿਦਆਰਥੀ ਸਨ ਜਿਨ੍ਹਾਂ ਵਿਚੋਂ 132 ਬੋਰਡਰ ਸਨ (ਅਸਲ ਵਿਚ ਇਹ ਬੋਰਡਿੰਗ 70 ਵਿਿਦਆਰਥੀਆਂ ਲਈ ਬਣਵਾਏ ਗਏ ਸਨ)। 1942 ਵਿਚ ਸੰਸਥਾ ਨੂੰ ਇੰਟਰਮੀਡੀਏਟ ਕਾਲਜ ਬਣਾ ਦਿੱਤਾ ਗਿਆ ਅਤੇ ਦੋ ਸਾਲ ਮਗਰੋਂ ਡਿਗਰੀ ਕਾਲਜ। ਸਕੂਲ ਬ੍ਰਾਂਚ ਬੋਰਡਿੰਗ ਦੇ ਪੱਛਮੀ ਬਲਾੱਕ ਵਿਚ ਸ਼ਿਫ਼ਟ ਕਰਕੇ ਇਸ ਨੂੰ ਬਲਬੀਰ ਹਾਈ ਸਕੂਲ ਦਾ ਨਾਂ ਦਿੱਤਾ ਗਿਆ। 1948 ਵਿਚ ਜਦ ਇਹ ਰਿਆਸਤ ਪੈਪਸੂ ਦਾ ਭਾਗ ਬਣ ਗਈ ਤਾਂ ਕਾਲਜ ਅਤੇ ਸਕੂਲ ਦੋਵੇਂ ਸਰਕਾਰੀ ਹੋ ਗਏ। ਸਾਰੀ ਇਮਾਰਤ ਤਿੰਨ ਪ੍ਰਮੁੱਖ ਹਿੱਸਿਆਂ ਵਿਚ ਉਸਾਰੀ ਗਈ ਸੀ, ਵਿਚਲਾ ਸਿੱਖਿਆ ਬਲਾੱਕ ਅਤੇ ਇਸ ਦੇ ਆਸੇ ਪਾਸੇ ਬੋਰਡਿੰਗ ਬਲਾੱਕ ਹੈ। ਪ੍ਰਿੰਸੀਪਲ ਦੀ ਰਿਹਾਇਸ਼ ਵੱਖਰੀ ਸੀ। ਮੁੱਖ ਇਮਾਰਤ ਵਿਚ ਹੁਣ ਬ੍ਰਿਿਜੰਦਰਾ ਕਾਲਜ ਹੈ। ਉੱਤਰੀ ਬੋਰਡਿੰਗ ਦੀ ਇਮਾਰਤ ਵਿਚ ਬਲਬੀਰ ਸਕੂਲ ਅਤੇ ਪੂਰਬੀ ਭਾਗ ਵਿਚ ਹਾਲੇ ਵੀ ਬੋਰਡਿੰਗ ਹੀ ਹੈ। ਇਮਾਰਤ ਦਾ ਉਸਾਰੀ ਵਰ੍ਹਾ 1913 ਇੱਕ ਪੁਰਾਤਨ ਪੱਥਰ ‘ਤੇ ਦਰਜ ਹੈ। ਉਸ ਵਕਤ ਸਾਰੀ ਇਮਾਰਤ ਦੀ ਉਸਾਰੀ ‘ਤੇ 73,000 ਰੁਪਏ ਖਰਚ ਆਏ ਸਨ।
5. ਵਿਕਟਰੀ ਸਟੇਡੀਅਮ (ਹੁਣ ਨਹਿਰੂ ਸਟੇਡੀਅਮ), ਫ਼ਰੀਦਕੋਟ
ਇਹ ਬਰਜਿੰਦਰਾ ਕਾਲਜ ਦੇ ਬਿਲਕੁਲ ਸਾਹਮਣੇ ਸਥਿਤ ਹੈ ।ਇਸ ਦੀ ਮੁੱਖ ਇਮਾਰਤ ਦੇ ਅੰਦਰ ਲੱਗੇ ਦੋ ਆਲੇਖਾਂ ਮੁਤਾਬਿਕ 1939-45 ਦੀ ਯੂਰਪੀ ਜੰਗ ਵਿਚ ਮਹਾਰਾਜਾ ਫ਼ਰੀਦਕੋਟ ਦੀਆਂ ਫ਼ੌਜਾਂ ਦੀ ਜਿੱਤ ਦੀ ਯਾਦਗਾਰ ਦੇ ਤੌਰ ‘ਤੇ ਇਸ ਸਟੇਡੀਅਮ ਦਾ ਨੀਂਹ ਪੱਥਰ 14 ਮਈ 1945 ਦੇ ਦਿਨ ਰਾਜਾ ਹਰ ਇੰਦਰ ਸਿੰਘ ਨੇ ਰੱਖਿਆ ਅਤੇ ਇਸ ਦਾ ਉਦਘਾਟਨ ਪੰਜਾਬ ਸਟੇਟਸ ਦੇ ਰੈਜ਼ੀਡੈਂਟ ਮਿਸਟਰ ਜੇ.ਐੱਸ. ਥਾਮਪਸਨ ਨੇ 20 ਨਵੰਬਰ 1945 ਦੇ ਦਿਨ ਕੀਤਾ। 1947 ਦੇ ਬਾਅਦ ਇਸ ਦਾ ਨਾਂ ਵਿਕਟਰੀ ਸਟੇਡੀਅਮ ਤੋਂ ਬਦਲ ਕੇ ਨਹਿਰੂ ਸਟੇਡੀਅਮ ਰੱਖ ਦਿੱਤਾ ਗਿਆ।
6. ਲੇਡੀ ਡੇਨ ਰਾਣੀ ਸੂਰਜ ਕੌਰ ਜਨਾਨਾ ਹਸਪਤਾਲ
ਇਹ ਇਮਾਰਤ ਘੰਟਾ-ਘਰ ਦੇ ਨਜ਼ਦੀਕ ਭਾਈ ਕਨ੍ਹੱਈਆ ਚੌਂਕ ਵਿਚ ਹੈ।ਇਸ ਉੱਪਰ ਤਿੰਨ ਅਭਿਲੇਖ ਹਨ ਜਿਨ੍ਹਾਂ ਵਿਚੋਂ ਇੱਕ ਮੁਤਾਬਿਕ ਇਸ ਹਸਪਤਾਲ ਦਾ ਬੁਨਿਆਦੀ ਪੱਥਰ ਇੱਕ ਮਾਰਚ 1911 ਦੇ ਦਿਨ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਸਰ ਲੂਈ ਵਿਿਲਅਮ ਡੇਨ ਦੀ ਪਤਨੀ ਲੇਡੀ ਡੇਨ ਨੇ ਰੱਖਿਆ ਸੀ। ਦੋ ਹੋਰ ਆਲੇਖਾਂ ਵਿਚ ਇਹੋ ਇਬਾਰਤ ਉਰਦੂ ਅਤੇ ਅੰਗ੍ਰੇਜ਼ੀ ਵਿਚ ਖੁਣੀ ਹੋਈ ਹੈ। ਇੱਕ ਹੋਰ ਅਭਿਲੇਖ ਵਿਚ ਇਸ ਹਸਪਤਾਲ ਦੇ 12 ਮਾਰਚ 1912 ਦੇ ਦਿਨ ਲੇਡੀ ਡੇਨ ਰਾਹੀਂ ਇਸ ਹਸਪਤਾਲ ਦੇ ਉਦਘਾਟਨ ਦਾ ਜ਼ਿਕਰ ਹੈ। 1934 ਵਿਚ ਇਸ ਹਸਪਤਾਲ ਦੀ ਲੇਡੀ ਡਾਕਟਰ ਐੱਮ.ਬੀ.ਬੀ.ਐੱਸ. ਡਿਗਰੀ-ਸ਼ੁਦਾ ਸੀ, ਜਿਸ ਨੂੰ ਰਿਆਸਤ ਦੇ ਖਰਚੇ ‘ਤੇ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿਚ ਪੜ੍ਹਾਇਆ ਗਿਆ ਸੀ।
7. ਵਿਕਟੋਰੀਆ ਕਲਾੱਕ ਟਾਵਰ, ਫ਼ਰੀਦਕੋਟ
ਸ਼ਹਿਰ ਦੇ ਵਿਚਕਾਰ ਸਥਿਤ ਇਹ ਕਲਾੱਕ ਟਾਵਰ ਯੂਰਪੀ ਗੋਥਿਕ ਰਿਵਾਇਵਲ ਸ਼ੈਲੀ ਵਿਚ ਬਣਿਆ ਹੋਇਆ ਹੈ। ਆਪਣੀ ਅਸਲ ਹਾਲਤ ਵਿਚ ਇਹ ਉੱਚੇ ਚਬੂਤਰੇ ‘ਤੇ ਸਥਿਤ ਸੀ ਪਰ ਬਾਅਦ ਵਿਚ ਆਲਾ-ਦੁਆਲਾ ਉੱਚਾ ਹੋ ਜਾਣ ਕਾਰਨ ਇਸਦਾ ਚਬੂਤਰਾ ਹੁਣ ਦਿਖਾਈ ਨਹੀਂ ਦਿੰਦਾ। ਇਸ ਦੀ ਚਾਰ- ਮੰਜ਼ਲਾ ਇਮਾਰਤ ਦੇ ਹਰ ਪਾਸੇ ਇੱਕ ਵੱਡਾ ਕਲਾਕ ਹੈ। ਦੀਵਾਰ ਦੇ ਅੰਦਰਲੇ ਪਾਸੇ ਤੋਂ ਇੱਕ ਪੌੜੀ ਪਹਿਲੀ ਮੰਜ਼ਲ ਤੱਕ ਪੁੱਜਦੀ ਹੈ ਅਤੇ ਉੱਥੋਂ ਲੋਹੇ ਦੀ ਪੌੜੀ ਰਾਹੀਂ ਤੀਸਰੀ ਮੰਜ਼ਲ ‘ਤੇ ਅਪੜਿਆ ਜਾਂਦਾ ਹੈ, ਜਿੱਥੇ ਕਲਾੱਕ ਦੀ ਮਸ਼ੀਨ ਫਿੱਟ ਹੈ। 1929 ਵਿਚ ਬਣਿਆ ਇਹ ਕਲਾੱਕ ਇੰਗਲੈਂਡ ਵਿਖੇ, ਵਹਿਟਚਰਚ, ਸੈਲੋਪ, ਵਿਚ ਸਥਿਤ ਕੰਪਨੀ ਜਾਯਸਿ ਵੱਲੋਂ ਬਣਾਇਆ ਗਿਆ ਸੀ। ਇਸ ਦੀ ਸਪਲਾਈ ਕਲਕੱਤੇ ਦੀ ਫ਼ਰਮ ਐਂਗਲੋ-ਸਵਿਸ ਵਾਚ ਕੰਪਨੀ ਨੇ ਕੀਤੀ ਸੀ। ਸ਼ਾਇਦ ਇਹ ਨਵਾਂ ਕਲਾੱਕ ਸੀ, ਜੋ ਕਾਊਂਸਿਲ ਔਵ ਰੀਜੈਂਸੀ (1918- 34) ਨੇ ਪੰਜ ਹਜ਼ਾਰ ਰੁਪਏ ਦੀ ਲਾਗਤ ਨਾਲ ਖਰੀਦਿਆ ਸੀ, ਕਿਉਂਕਿ ਘੰਟਾਘਰ ਦੀ ਉਸਾਰੀ ਤਾਂ ਰਾਜਾ ਬਲਬੀਰ ਸਿੰਘ ਨੇ ਬ੍ਰਿਟਿਸ਼ ਮਹਾਰਾਣੀ ਵਿਕਟੋਰੀਆ ਦੀ 22 ਜਨਵਰੀ 1901 ਦੇ ਦਿਨ ਮ੍ਰਿਤੂ ਸਮੇਂ ਉਸਦੀ ਯਾਦਗਾਰ ਦੇ ਤੌਰ ‘ਤੇ ਕਰਵਾਈ ਸੀ। ਸ਼ਾਇਦ ਪਹਿਲਾ ਕਲਾੱਕ ਨਕਾਰਾ ਹੋ ਗਿਆ ਹੋਵੇ। ਘੰਟਾਘਰ ਦਾ ਟੱਲ ਜੋ ਹਰ ਘੰਟੇ ਬਾਅਦ ਵਜਦਾ ਸੀ ‘ਟੇਲਰ ਲੱਗਬਰੇਅ ਕੰਪਨੀ’ ਦਾ ਬਣਿਆ ਹੋਇਆ ਹੈ, ਜਿਸਦਾ ਪੂਰਾ ਨਾਂ ਸ਼ਾਇਦ ਮੈਸਰਜ਼ ਟੇਲਰਜ਼ ਏਰ ਸਮਿਥ ਲਿਮਟਿਡ ਸੀ ਜੋ 1784 ਵਿਚ ਸਥਾਪਿਤ ਦੁਨੀਆ ਦੀ ਮੁੱਖ ਫ਼ਾਉਂਡਰੀ ਸੀ। ਆਪਣੇ ਅਸਲ ਰੂਪ ਵਿਚ ਇਹ ਘੰਟਾਘਰ ਇੱਕਲੀ ਇਮਾਰਤ ਨਹੀਂ ਸੀ ਸਗੋਂ ਇਸ ਦੇ ਚਾਰੇ ਪਾਸੇ ਚਾਰ ਹੋਰ ਇਮਾਰਤਾਂ ਵੀ ਸਨ। ਇਨ੍ਹਾਂ ਇਮਾਰਤਾਂ ਦੇ ਕੁਝ ਭਾਗ ਹੁਣ ਤੱਕ ਬਚੇ ਹੋਏ ਹਨ। ਅਸੀਂ ਇਸ ਗੱਲ ਦਾ ਸਹਿਜੇ ਅੰਦਾਜ਼ਾ ਨਹੀਂ ਲਾ ਸਕਦੇ ਕਿ ਆਪਣੇ ਸਮੇਂ ਇਹ ਘੰਟਾਘਰ ਕਿੰਨਾ ਮਹੱਤਵਪੂਰਣ ਹੋਵੇਗਾ ਜਦੋਂ ਕਿਸੇ ਬੰਦੇ ਕੋਲ ਵਿਅਕਤੀਗਤ ਤੌਰ ‘ਤੇ ਘੜੀ ਨਹੀਂ ਸੀ ਹੁੰਦੀ।
input: ਸੁਖਜਿੰਦਰ ਸਹੋਤਾ