ਪੰਜਾਬ ਦੇ ਹਸਪਤਾਲਾਂ ‘ਤੇ ਆਧਾਰਿਤ ਐਮਰਜੈਂਸੀ ਰਿਸਪਾਂਸ ਸਿਸਟਮ ਹੋਵੇਗਾ ਸ਼ੁਰੂ – ਸਿਹਤ ਮੰਤਰੀ ਡਾ. ਬਲਬੀਰ ਸਿੰਘ

Updated On: 

23 Jan 2023 11:39 AM

ਸਰਕਾਰੀ ਹਸਪਤਾਲਾਂ ਵਿੱਚ ਗਾਇਨੀਕੋਲੋਜਿਸਟਸ (ਮਹਿਲਾ ਰੋਗਾਂ ਦੇ ਮਾਹਿਰ) ਦੀ ਘਾਟ ਨੂੰ ਪੂਰਾ ਕਰਨ ਲਈ, ਵਿਭਾਗ ਜਲਦੀ ਹੀ ਸਰਜਰੀ ਦੀਆਂ ਲੋੜਾਂ ਲਈ ਸਥਾਨਕ ਪੱਧਰ 'ਤੇ ਕੰਮ ਕਰਨ ਵਾਲੇ ਪ੍ਰਾਈਵੇਟ ਗਾਇਨੀਕੋਲੋਜਿਸਟਾਂ ਦੀਆਂ ਸੇਵਾਵਾਂ ਲੈਣ ਲਈ ਇੱਕ ਨੀਤੀ ਲਿਆਂਦੀ ਜਾਵੇਗੀ।

ਪੰਜਾਬ ਦੇ ਹਸਪਤਾਲਾਂ ਤੇ ਆਧਾਰਿਤ ਐਮਰਜੈਂਸੀ ਰਿਸਪਾਂਸ ਸਿਸਟਮ ਹੋਵੇਗਾ ਸ਼ੁਰੂ - ਸਿਹਤ ਮੰਤਰੀ ਡਾ. ਬਲਬੀਰ ਸਿੰਘ
Follow Us On

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਜਲਦੀ ਹੀ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਦੇ ਤਾਲਮੇਲ ‘ਤੇ ਅਧਾਰਤ ਐਮਰਜੈਂਸੀ ਰਿਸਪਾਂਸ ਸਿਸਟਮ ਸ਼ੁਰੂ ਕਰੇਗਾ ਤਾਂ ਜੋ ਗੰਭੀਰ ਲੋੜਾਂ ਵਾਲੇ ਮਰੀਜ਼ਾਂ ਨੂੰ ਤੁਰੰਤ ਇਲਾਜ ਮਿਲ ਸਕੇ। ਪੰਜਾਬ ਦੇ ਸਿਹਤ ਵਿਭਾਗ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਆਪਣੇ ਜੱਦੀ ਜ਼ਿਲ੍ਹੇ ‘ਚ ਐਤਵਾਰ ਪਹਿਲੀ ਵਾਰ ਪਹੁੰਚਣ ‘ਤੇ ਉਨ੍ਹਾਂ ਦਾ ਸਥਾਨਕ ਡੀ ਸੀ ਦਫ਼ਤਰ ਵਿਖੇ ਪ੍ਰਸ਼ਾਸਨ ਅਤੇ ਵਿਧਾਇਕਾਂ ਡਾ. ਨਛੱਤਰ ਪਾਲ ਅਤੇ ਡਾ. ਐੱਸ ਕੇ ਸੁੱਖੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਨਵਾਂਸ਼ਹਿਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਤਰਜੀਹੀ ਏਜੰਡੇ ਅਨੁਸਾਰ ਪੰਜਾਬ ਵਿੱਚ ਸਿਹਤ ਢਾਂਚੇ ਦੀ ਕਾਇਆ ਕਲਪ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ 500 ਹੋਰ ਆਮ ਆਦਮੀ ਕਲੀਨਿਕ ਪੰਜਾਬ ਵਾਸੀਆਂ ਨੂੰ ਮੁਫ਼ਤ ਜਾਂਚ ਅਤੇ ਇਲਾਜ ਤੋਂ ਇਲਾਵਾ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਕ੍ਰਾਂਤੀਕਾਰੀ ਕਦਮ ਸਾਬਤ ਹੋਣਗੇ।

ਸਰਕਾਰੀ ਖੇਤਰ ਵਿੱਚ ਮਾਹਿਰਾਂ ਦੀ ਭਰਤੀ ਵਿੱਚ ਪੰਜਾਬ ਦੇ ਉੱਤਰ ਭਾਰਤ ਵਿੱਚ ਪਹਿਲੇ ਸਥਾਨ ਦੀ ਉਦਾਹਰਨ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਰਾਹੀਂ ਦੇਸ਼ ਭਰ ਵਿੱਚ ਪ੍ਰਾਇਮਰੀ ਹੈਲਥ ਕੇਅਰ ਸੇਵਾਵਾਂ ਵਿੱਚ ਪਹਿਲਾ ਸਥਾਨ ਹੋਣਾ ਦੋਹਰੀ ਖੁਸ਼ੀ ਦੀ ਗੱਲ ਹੈ। ਸੂਬੇ ਵਿੱਚ ਸਿਹਤ ਢਾਂਚੇ ਦੀ ਕਾਇਆ ਕਲਪ ਕਰਨ ਲਈ ਆਪਣੀਆਂ ਪਹਿਲਕਦਮੀਆਂ ਗਿਣਵਾਉਂਦਿਆਂ ਉਨ੍ਹਾਂ ਕਿਹਾ ਕਿ ਐਮਰਜੈਂਸੀ ਰਿਸਪਾਂਸ ਸਿਸਟਮ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ, ਜਿਸ ਵਿੱਚ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਦੀਆਂ 1400 ਤੋਂ ਵੱਧ ਐਂਬੂਲੈਂਸਾਂ ਦਾ ਮਜ਼ਬੂਤ ਨੈੱਟਵਰਕ ਸਥਾਪਤ ਕਰਨਾ, ਰਾਜ ਵਿੱਚ ਹਾਈਵੇਅ ‘ਤੇ ਸਥਿਤ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਐਡਵਾਂਸ ਲਾਈਫ ਸਪੋਰਟ ਐਂਬੂਲੈਂਸਾਂ ਦੀ ਤਾਇਨਾਤੀ ਅਤੇ ਖੂਨਦਾਨੀਆਂ ਦੀ ਡਾਇਰੈਕਟਰੀ ਆਦਿ ਸ਼ਾਮਲ ਹੈ।

ਫਰਿਸ਼ਤੇ ਸਕੀਮ ਨੂੰ ‘ਗੋਲਡਨ ਆਵਰਜ਼’ (ਮੁੱਢਲੇ ਸਮੇਂ) ਵਿੱਚ ਦੁਰਘਟਨਾ ਪੀੜਤਾਂ ਦੀਆਂ ਜਾਨਾਂ ਬਚਾਉਣ ਵੱਲ ਇੱਕ ਹੋਰ ਅਗਾਂਹਵਧੂ ਕਦਮ ਕਰਾਰ ਦਿੰਦਿਆਂ, ਉਨ੍ਹਾਂ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਵਿੱਚ ਫਸਟ ਏਡ ਕਿੱਟਾਂ ਰੱਖਣ ਦੇ ਨਾਲ-ਨਾਲ ਪੀੜਤ ਨੂੰ ਨਜ਼ਦੀਕੀ ਹਸਪਤਾਲ ਵਿੱਚ ਪਹੁੰਚਾਉਣ। ਉਨ੍ਹਾਂ ਕਿਹਾ ਕਿ ਵਿਭਾਗ ਇੱਕ ਸਿਹਤ ਸੰਸਥਾ ਵਿੱਚ ਤਾਇਨਾਤ ਇੱਕ ਤੋਂ ਵੱਧ ਮਾਹਿਰ ਡਾਕਟਰਾਂ ਦੀ ਮੁੜ ਡਿਊਟੀ ਵੰਡ ਕਰਕੇ ਉਨ੍ਹਾਂ ਦੀ ਜਿੰਮੇਵਾਰੀ ਨੂੰ ਤਰਕਸੰਗਤ ਬਣਾਉਣ ਬਾਰੇ ਵਿਚਾਰ ਕਰ ਰਿਹਾ ਹੈ ਤਾਂ ਜੋ ਸਾਰੇ ਪੰਜਾਬ ਵਾਸੀਆਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਗਾਇਨੀਕੋਲੋਜਿਸਟਸ (ਮਹਿਲਾ ਰੋਗਾਂ ਦੇ ਮਾਹਿਰ) ਦੀ ਘਾਟ ਨੂੰ ਪੂਰਾ ਕਰਨ ਲਈ, ਵਿਭਾਗ ਜਲਦੀ ਹੀ ਸਰਜਰੀ ਦੀਆਂ ਲੋੜਾਂ ਲਈ ਸਥਾਨਕ ਪੱਧਰ ‘ਤੇ ਕੰਮ ਕਰਨ ਵਾਲੇ ਪ੍ਰਾਈਵੇਟ ਗਾਇਨੀਕੋਲੋਜਿਸਟਾਂ ਦੀਆਂ ਸੇਵਾਵਾਂ ਲੈਣ ਲਈ ਇੱਕ ਨੀਤੀ ਲਿਆਂਦੀ ਜਾਵੇਗੀ।

ਲੋਕਾਂ ਨੂੰ ਸਸਤੇ ਇਲਾਜ ਮੁਹੱਈਆ ਕਰਵਾਉਣ ਦੀ ਮੰਗ

ਡਾ. ਬਲਬੀਰ ਸਿੰਘ ਨੇ ਖਰਾਬ ਅਤੇ ਗੈਰ-ਕਾਰਜਸ਼ੀਲ ਬੁਨਿਆਦੀ ਢਾਂਚੇ ਨੂੰ ਬਿਹਤਰ ਸਥਿਤੀ ਵਿੱਚ ਬਦਲਣ ਲਈ ਆਪਣੀ ਵਚਨਬੱਧਤਾ ਜ਼ਾਹਰ ਕਰਦਿਆਂ, ਲੋਕਾਂ ਨੂੰ ਸਸਤਾ ਇਲਾਜ ਮੁਹੱਈਆ ਕਰਵਾਉਣ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪੰਜਾਬ ਚੈਪਟਰ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਲਹਿਰ ਵਿੱਚ ਉਨ੍ਹਾਂ ਦੀ ਭਾਈਵਾਲੀ ਦੀ ਮੰਗ ਵੀ ਕੀਤੀ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਸੂਬੇ ਵਿੱਚ ਸਾਰਿਆਂ ਨੂੰ ਸਿਹਤ ਅਤੇ ਸਿਖਿਆ ਪ੍ਰਦਾਨ ਕਰਨ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਰਾਜ ਆਪਣੇ ਨਵੀਂ ਸਰਕਾਰ ਦੇ ਸ਼ਾਸਨ ਦੇ ਪਹਿਲੇ ਸਾਲ ਵਿੱਚ ਹੀ ਸਰਕਾਰੀ ਖੇਤਰ ਵਿੱਚ ਨੌਕਰੀਆਂ ਪ੍ਰਦਾਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।

ਡਾ. ਬਲਬੀਰ ਸਿੰਘ ਨੇ ਪ੍ਰਾਇਮਰੀ ਹੈਲਥ ਸੈਂਟਰ ਸੁੱਜੋਂ ਦਾ ਕੀਤਾ ਦੌਰਾ

ਇਸ ਉਪਰੰਤ ਡਾ: ਬਲਬੀਰ ਸਿੰਘ ਨੇ ਪ੍ਰਾਇਮਰੀ ਹੈਲਥ ਸੈਂਟਰ ਸੁੱਜੋਂ ਦਾ ਦੌਰਾ ਕੀਤਾ, ਜੋ ਕਿ ਜ਼ਿਲ੍ਹੇ ਦੇ 18 ਪੀ.ਐਚ.ਸੀਜ਼ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਤਬਦੀਲ ਕਰਨ ਦਾ ਵੀ ਇੱਕ ਹਿੱਸਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਿਹਤ ਖੇਤਰ ਦੇ ਨਵੀਨੀਕਰਨ ਅਤੇ ਸੁਧਾਰ ਲਈ ਬਜਟ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਦੇਸ਼ ਦੀ ਜੰਗ-ਏ-ਆਜ਼ਾਦੀ ਦੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਨੂੰ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਐਮ ਐਲ ਏ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਡੀ ਸੀ ਐਨ ਪੀ ਐਸ ਰੰਧਾਵਾ, ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ,ਸਰਦਾਰ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ, ਸਿਵਲ ਸਰਜਨ ਡਾ: ਦਵਿੰਦਰ ਢਾਂਡਾ, ਆਪ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ, ਕੁਲਜੀਤ ਸਿੰਘ ਸਰਹਾਲ, ਨਗਰ ਸੁਧਰ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਹਾ, ਬਲਬੀਰ ਸਿੰਘ ਕਰਨਾਣਾ, ਗਗਨ ਅਗਨੀਹੋਤਰੀ ਤੋਂ ਇਲਾਵਾ ਆਈ ਐਮ ਏ ਦੇ ਨਵੇਂ ਬਣੇ ਪ੍ਰਧਾਨ ਡਾ. ਭਗਵੰਤ ਸਿੰਘ ਤੇ ਅਹੁਦਾ ਛੱਡ ਰਹੇ ਪ੍ਰਧਾਨ ਡਾ.ਪਰਮਜੀਤ ਮਾਨ ਹਾਜ਼ਰ ਸਨ।