ਨੰਗੇ ਪੈਰੀ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਰਜੋਤ ਬੈਂਸ, ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੋਣਗੇ ਪੇਸ਼, ਸ਼ਹੀਦੀ ਸਮਾਰੋਹ ਨੂੰ ਲੈ ਕੇ ਹੋਇਆ ਸੀ ਵਿਵਾਦ

Updated On: 

06 Aug 2025 10:58 AM IST

Harjot Singh Bains: 1 ਅਗਸਤ ਨੂੰ ਮੰਤਰੀ ਹਰਜੋਤ ਸਿੰਘ ਬੈਂਸ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ ਪੰਜ ਸਿੰਘ ਸਾਹਿਬਾਨਾਂ ਸਾਹਮਣੇ ਵਿਅਕਤੀਗਤ ਤੌਰ 'ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਉਸ ਦਿਨ ਬੈਠਕ ਮੁਲਤਵੀ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ 6 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ਬੈਠਕ ਦੀ ਅਗੁਵਾਈ ਕਾਰਜਕਾਰੀ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਕਰਨਗੇ।

ਨੰਗੇ ਪੈਰੀ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਰਜੋਤ ਬੈਂਸ, ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੋਣਗੇ ਪੇਸ਼, ਸ਼ਹੀਦੀ ਸਮਾਰੋਹ ਨੂੰ ਲੈ ਕੇ ਹੋਇਆ ਸੀ ਵਿਵਾਦ
Follow Us On

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ। ਹਰਜੋਤ ਬੈਂਸ ਨੰਗੀ ਪੈਰੀ ਸ੍ਰੀ ਦਰਬਾਰ ਸਾਹਿਬ ਪਹੁੰਚੇ, ਪੇਸ਼ੀ ਤੋਂ ਪਹਿਲਾਂ ਉਹ ਗੁਰੂ ਕਾ ਮਹਿਲ ਵਿਖੇ ਨਤਮਸਤਕ ਹੋਏ। ਬੈਂਸ ਭਾਸ਼ਾ ਵਿਭਾਗ ਵੱਲੋਂ ਆਯੋਜਿਤ ਸਮਾਰੋਹ ਨੂੰ ਲੈ ਕੇ ਵਿਵਾਦ ਦੇ ਚੱਲਦਿਆਂ ਅੱਜ ਇੱਥੇ ਪਹੁੰਚੇ ਹਨ। 24 ਜੁਲਾਈ ਨੂੰ ਪੰਜਾਬ ਭਾਸ਼ਾ ਵਿਭਾਗ ਵੱਲੋਂ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦਾ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਪ੍ਰੋਗਰਾਮ ‘ਚ ਪੰਜਾਬੀ ਸਿੰਗਰ ਬੀਰ ਸਿੰਘ ਨੇ ਪਰਫੋਰਮ ਕੀਤਾ ਸੀ ਤੇ ਪ੍ਰੋਗਰਾਮ ਦੀਆਂ ਨੱਚਣ-ਟੱਪਣ ਦੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ, ਇਸ ਘਟਨਾ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਾਰਾਜ਼ਗੀ ਪ੍ਰਗਟ ਕੀਤੀ ਗਈ ਸੀ।

1 ਅਗਸਤ ਨੂੰ ਮੰਤਰੀ ਹਰਜੋਤ ਸਿੰਘ ਬੈਂਸ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ ਪੰਜ ਸਿੰਘ ਸਾਹਿਬਾਨਾਂ ਸਾਹਮਣੇ ਵਿਅਕਤੀਗਤ ਤੌਰ ‘ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਉਸ ਦਿਨ ਬੈਠਕ ਮੁਲਤਵੀ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ 6 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ਬੈਠਕ ਦੀ ਅਗੁਵਾਈ ਕਾਰਜਕਾਰੀ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਕਰਨਗੇ।

ਹਾਲਾਂਕਿ, ਜਸਵੰਤ ਸਿੰਘ ਵਿਦੇਸ਼ ‘ਚ ਹੋਣ ਕਾਰਨ ਪੇਸ਼ ਨਹੀਂ ਹੋਣਗੇ। ਉਨ੍ਹਾਂ ਨੇ ਕਿਹਾ ਹੈ ਕਿ ਪਰਿਵਾਰਕ ਸਮਾਰੋਹ ਦੇ ਚੱਲਦੇ ਉਹ ਬਾਅਦ ‘ਚ ਵਿਅਕਤੀਗਤ ਤੌਰ ‘ਤੇ ਪੇਸ਼ ਹੋਣਗੇ। ਉਨ੍ਹਾਂ ਦੀ ਮੰਗ ਨੂੰ ਸਵੀਕਾਰ ਕਰ ਲਿਆ ਗਿਆ ਹੈ।

ਵਿਵਾਦ ਤੋਂ ਬਾਅਦ ਸਿੰਗਰ ਬੀਰ ਸਿੰਘ ਨੇ ਮੰਗੀ ਸੀ ਮੁਆਫ਼ੀ

ਸ਼੍ਰੀਨਗਰ ‘ਚ ਹੋਏ ਪ੍ਰਗਰਾਮ ਤੋਂ ਬਾਅਦ ਅਗਲੇ ਹੀ ਦਿਨ ਪੰਜਾਬੀ ਸਿੰਗਰ ਬੀਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਤੇ ਜਨਤਕ ਤੌਰ ‘ਤੇ ਮੁਆਫ਼ੀ ਮੰਗੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੂਰੇ ਸੰਗੀਤ ਕਰੀਅਰ ‘ਚ ਮੈਂ ਸਿਰਫ਼ ਸਾਫ਼-ਸੁਥਰੇ ਤੇ ਆਦਰ-ਸਨਮਾਨ ਵਾਲੇ ਗੀਤ ਗਾਏ ਹਨ। ਜੋ ਵੀ ਸੇਵਾ ਦਿੱਤੀ ਜਾਵੇਗੀ ਉਸ ਨੂੰ ਮੈਂ ਨਿਮਰਤਾ ਨਾਲ ਸਵਿਕਾਰ ਕਰਾਂਗਾ।

ਬੀਰ ਸਿੰਘ ਨੇ ਕਿਹਾ ਕਿ ਮੈਂ ਸਿੱਧਾ ਆਸਟ੍ਰੇਲੀਆ ਤੋਂ ਸ਼੍ਰੀਨਗਰ ਪਹੁੰਚਿਆ ਸੀ। ਉੱਥੇ ਮੋਬਾਈਲ ਨੈੱਟਵਰਕ ਬੰਦ ਹੋ ਗਿਆ ਸੀ, ਜਿਸ ਨਾਲ ਮੈਨੂ ਪ੍ਰੋਗਰਾਮ ਕਿਸ ਬਾਰੇ ਹੈ ਜਾਣਕਾਰੀ ਨਹੀਂ ਮਿਲ ਸਕੀ। ਜਦੋਂ ਸਟੇਜ਼ ‘ਤੇ ਪਹੁੰਚਿਆ ਤਾਂ ਮੈਨੂ ਅਹਿਸਾਸ ਹੋਇਆ ਕਿ ਇਹ ਸਮਾਰੋਹ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੈ ਤਾਂ ਮੈਂ ਆਪਣੀ ਗਲਤੀ ਤੁਰੰਤ ਸਵੀਕਾਰ ਕੀਤੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਸਭ ਤੋਂ ਵੱਡੀ ਗਲਤੀ ਮੇਰੀ ਮੈਨੇਜਮੈਂਟ ਟੀਮ ਦੀ ਸੀ, ਜਿਨ੍ਹਾਂ ਨੇ ਮੈਨੂੰ ਧਾਰਮਿਕ ਪ੍ਰੋਗਰਾਮ ਦੀ ਗੰਭੀਰਤਾ ਨਹੀਂ ਦੱਸੀ। ਮੈਂ ਉਹ ਟੀਮ ਹਟਾ ਦਿੱਤੀ ਹੈ ਤੇ ਭਵਿੱਖ ‘ਚ ਮੈਂ ਪੂਰੀ ਮਰਿਯਾਦਾ ਤੇ ਜਾਣਕਾਰੀ ਦੇ ਨਾਲ ਕਿਸੀ ਆਯੋਜਨ ‘ਚ ਭਾਗ ਲਵਾਂਗਾ।