6 ਸਾਲਾਂ ਤੋਂ ਫ਼ਰਾਰ ਬਰਖ਼ਾਸਤ AIG ਰਾਜਜੀਤ ਨੇ ਕੀਤਾ ਸਰੈਂਡਰ, ਪਟਿਆਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Published: 

24 Sep 2026 11:23 AM IST

ਰਾਜਜੀਤ ਸਿੰਘ ਦਾ ਨਾਮ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਜੁੜੇ ਕਥਿਤ ਡਰੱਗ ਤਸਕਰੀ ਤੇ ਵਸੂਲੀ ਮਾਮਲੇ 'ਚ ਸਾਹਮਣੇ ਆਇਆ ਸੀ। ਜਾਂਚ ਦੌਰਾਨ ਉਨ੍ਹਾਂ ਤੇ ਡਰੱਗ ਤਸਕਰਾਂ ਨੂੰ ਕਥਿਤ ਸੁਰੱਖਿਆ ਦੇਣ ਤੇ ਲੋਕਾਂ ਨੂੰ ਡਰੱਗ ਮਾਮਲਿਆਂ 'ਚ ਫਸਾਉਣ ਵਰਗੇ ਇਲਜ਼ਾਮ ਵੀ ਲੱਗੇ। ਇਹ ਦੋਸ਼ ਜਾਂਚ ਰਿਕਾਰਡ ਵਿੱਚ ਦਰਜ ਹਨ ਅਤੇ ਇਨ੍ਹਾਂ ਦੀ ਕਾਨੂੰਨੀ ਜਾਂਚ ਚੱਲ ਰਹੀ ਹੈ।

6 ਸਾਲਾਂ ਤੋਂ ਫ਼ਰਾਰ ਬਰਖ਼ਾਸਤ AIG ਰਾਜਜੀਤ ਨੇ ਕੀਤਾ ਸਰੈਂਡਰ, ਪਟਿਆਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਿਸ ਦੇ ਬਰਖ਼ਾਸਤ ਸਾਬਕਾ AIG ਰਾਜਜੀਤ ਸਿੰਘ ਹੁੰਦਲ ਨੇ ਵੀਰਵਾਰ ਨੂੰ ਪਟਿਆਲਾ ਪੁਲਿਸ ਅੱਗੇ ਸਰੈਂਡਰ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਰਸਮੀ ਤੌਰ ਤੇ ਗ੍ਰਿਫ਼ਤਾਰ ਕਰ ਲਿਆ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਰਾਜਜੀਤ ਸਿੰਘ ਲੰਬੇ ਸਮੇਂ ਤੋਂ ਡਰੱਗ ਤਸਕਰੀ, ਕਥਿਤ ਵਸੂਲੀ ਤੇ ਆਮਦਨ ਤੋਂ ਵੱਧ ਜਾਇਦਾਦ ਨਾਲ ਜੁੜੇ ਮਾਮਲਿਆਂ ‘ਚ ਪੁਲਿਸ ਨੂੰ ਲੋੜੀਂਦੇ ਸਨ। ਉਹ ਅਪ੍ਰੈਲ 2023 ਤੋਂ ਫ਼ਰਾਰ ਚੱਲ ਰਹੇ ਸਨ।

ਡਰੱਗ ਮਾਮਲੇ ਨਾਲ ਜੁੜਿਆ ਹੈ ਕੇਸ

ਰਾਜਜੀਤ ਸਿੰਘ ਦਾ ਨਾਮ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਜੁੜੇ ਕਥਿਤ ਡਰੱਗ ਤਸਕਰੀ ਤੇ ਵਸੂਲੀ ਮਾਮਲੇ ‘ਚ ਸਾਹਮਣੇ ਆਇਆ ਸੀ। ਜਾਂਚ ਦੌਰਾਨ ਉਨ੍ਹਾਂ ਤੇ ਡਰੱਗ ਤਸਕਰਾਂ ਨੂੰ ਕਥਿਤ ਸੁਰੱਖਿਆ ਦੇਣ ਤੇ ਲੋਕਾਂ ਨੂੰ ਡਰੱਗ ਮਾਮਲਿਆਂ ‘ਚ ਫਸਾਉਣ ਵਰਗੇ ਇਲਜ਼ਾਮ ਵੀ ਲੱਗੇ। ਇਹ ਦੋਸ਼ ਜਾਂਚ ਰਿਕਾਰਡ ਵਿੱਚ ਦਰਜ ਹਨ ਅਤੇ ਇਨ੍ਹਾਂ ਦੀ ਕਾਨੂੰਨੀ ਜਾਂਚ ਚੱਲ ਰਹੀ ਹੈ।

ਇਸ ਮਾਮਲੇ ‘ਚ 50 ਤੋਂ ਵੱਧ NDPS ਸੈਂਪਲ ਫੇਲ੍ਹ ਹੋਣ ਦਾ ਮੁੱਦਾ ਵੀ ਜਾਂਚ ਦੌਰਾਨ ਸਾਹਮਣੇ ਆਇਆ ਸੀ। ਰਾਜਜੀਤ ਸਿੰਘ ਤੇ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਐਸਆਈਟੀ ਵੀ ਬਣਾਈ ਗਈ ਸੀ।

2023 ‘ਚ ਹੋਈ ਸੀ ਬਰਖ਼ਾਸਤਗੀ

ਐਸਆਈਟੀ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਅਪ੍ਰੈਲ 2023 ‘ਚ ਰਾਜਜੀਤ ਸਿੰਘ ਨੂੰ ਪੁਲਿਸ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਡਰੱਗ ਮਾਮਲੇ ਦੇ ਨਾਲ-ਨਾਲ ਆਮਦਨ ਤੋਂ ਵੱਧ ਜਾਇਦਾਦ ਨਾਲ ਸਬੰਧਤ ਕੇਸ ਵੀ ਦਰਜ ਕੀਤਾ ਗਿਆ।

ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਸਰੈਂਡਰ

ਰਾਜਜੀਤ ਸਿੰਘ ਨੇ ਸਤੰਬਰ ‘ਚ ਸੁਪਰੀਮ ਕੋਰਟ ਅੱਗੇ ਸਰੈਂਡਰ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਅਦਾਲਤ ਨੇ ਉਨ੍ਹਾਂ ਨੂੰ ਸਬੰਧਤ ਅਧਿਕਾਰੀਆਂ ਅੱਗੇ ਸਰੈਂਡਰ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ 24 ਸਤੰਬਰ ਨੂੰ ਉਨ੍ਹਾਂ ਨੇ ਪਟਿਆਲਾ ਪੁਲਿਸ ਅੱਗੇ ਆਤਮ-ਸਮਰਪਣ ਕੀਤਾ। ਹੁਣ ਪੁਲਿਸ ਵੱਲੋਂ ਰਾਜਜੀਤ ਸਿੰਘ ਤੋਂ ਮਾਮਲੇ ਨਾਲ ਸਬੰਧਤ ਪੁੱਛਗਿੱਛ ਕੀਤੀ ਜਾਵੇਗੀ ਤੇ ਅਗਲੀ ਕਾਨੂੰਨੀ ਕਾਰਵਾਈ ਅਦਾਲਤੀ ਪ੍ਰਕਿਰਿਆ ਅਨੁਸਾਰ ਹੋਵੇਗੀ।

Loading...
Unable to load recommendations.
Follow Us