ਹੁਸ਼ਿਆਰਪੁਰ ‘ਚ ਭਿਆਨਕ ਹਾਦਸਾ: ਟਰੱਕ ਤੇ ਡਬਲ ਡੈਕਰ ਬੱਸ ਵਿਚਾਲੇ ਜ਼ਬਰਦਸਤ ਟੱਕਰ, 4 ਜਣੇ ਹੋਏ ਜ਼ਖਮੀ

Published: 

08 Feb 2026 18:55 PM IST

ਹੁਸ਼ਿਆਰਪੁਰ ਦੇ ਦਸੂਹਾ ਵਿੱਚ ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਉੱਚੀ ਬੱਸੀ ਨੇੜੇ ਇੱਕ ਡਬਲ ਡੈਕਰ ਟੂਰਿਸਟ ਬੱਸ ਅਤੇ ਲੱਕੜਾਂ ਨਾਲ ਲੱਦੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ ਬੱਸ ਦੇ ਪਰਖੱਚੇ ਉੱਡ ਗਏ।

ਹੁਸ਼ਿਆਰਪੁਰ ਚ ਭਿਆਨਕ ਹਾਦਸਾ: ਟਰੱਕ ਤੇ ਡਬਲ ਡੈਕਰ ਬੱਸ ਵਿਚਾਲੇ ਜ਼ਬਰਦਸਤ ਟੱਕਰ, 4 ਜਣੇ ਹੋਏ ਜ਼ਖਮੀ

ਹੁਸ਼ਿਆਰਪੁਰ ਹਾਦਸਾ: ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ, 4 ਜਣੇ ਹੋਏ ਜ਼ਖਮੀ

Follow Us On

ਹੁਸ਼ਿਆਰਪੁਰ ਦੇ ਦਸੂਹਾ ਵਿੱਚ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਉੱਚੀ ਬੱਸੀ ਨੇੜੇ ਇੱਕ ਡਬਲ ਡੈਕਰ ਟੂਰਿਸਟ ਬੱਸ ਅਤੇ ਲੱਕੜਾਂ ਨਾਲ ਲੱਦੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ ਬੱਸ ਦੇ ਪਰਖੱਚੇ ਉੱਡ ਗਏ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਅਗਲੇ ਪਹੀਏ ਨਿਕਲ ਕੇ ਦੂਰ ਜਾ ਡਿੱਗੇ ਅਤੇ ਬੱਸ ਹਾਈਵੇਅ ਦੀ ਰੇਲਿੰਗ ‘ਤੇ ਚੜ੍ਹ ਗਈ। ਇਸ ਹਾਦਸੇ ਵਿੱਚ ਬੱਸ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਉਹ ਕੈਬਿਨ ਵਿੱਚ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਟਰ ਨਾਲ ਬੱਸ ਦੀ ਬਾਡੀ ਕੱਟ ਕੇ ਬਾਹਰ ਕੱਢਿਆ ਗਿਆ।

ਗਲਤ ਦਿਸ਼ਾ ਤੋਂ ਆ ਰਹੇ ਟਰੱਕ ਕਾਰਨ ਵਾਪਰਿਆ ਹਾਦਸਾ

ਬੱਸ ਕੰਡਕਟਰ ਆਸਿਫ਼ ਅਤੇ ਚਸ਼ਮਦੀਦਾਂ ਅਨੁਸਾਰ, ਇਹ ਹਾਦਸਾ ਤੜਕੇ ਕਰੀਬ 4 ਵਜੇ ਵਾਪਰਿਆ। ਬੱਸ ਦਿੱਲੀ ਤੋਂ ਸਵਾਰੀਆਂ ਲੈ ਕੇ ਜੰਮੂ ਦੇ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਜਾ ਰਹੀ ਸੀ। ਜਦੋਂ ਬੱਸ ਦਸੂਹਾ ਪਾਰ ਕਰਕੇ ਉੱਚੀ ਬੱਸੀ ਨੇੜੇ ਪਹੁੰਚੀ ਤਾਂ ਗਲਤ ਸਾਈਡ ਤੋਂ ਅਚਾਨਕ ਆ ਰਹੇ ਇੱਕ ਟਰੱਕ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਦੇ ਸਮੇਂ ਬੱਸ ਵਿੱਚ ਕਰੀਬ 46 ਯਾਤਰੀ ਸਵਾਰ ਸਨ, ਜੋ ਉਸ ਸਮੇਂ ਗੂੜ੍ਹੀ ਨੀਂਦ ਵਿੱਚ ਸਨ। ਧਮਾਕੇ ਦੀ ਆਵਾਜ਼ ਸੁਣ ਕੇ ਨੇੜੇ ਸਥਿਤ ਆਰਮੀ ਕੈਂਪ ਦੇ ਜਵਾਨ ਅਤੇ ਸਥਾਨਕ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ।

ਡਰਾਈਵਰ ਸਣੇ 4 ਲੋਕ ਗੰਭੀਰ ਜ਼ਖ਼ਮੀ

ਹਾਦਸੇ ਵਿੱਚ ਬੱਸ ਡਰਾਈਵਰ, ਜਿਸ ਦੀ ਪਛਾਣ ਜੰਮੂ ਨਿਵਾਸੀ ਇਮਰਾਜ ਸ਼ਰੀਫ ਵਜੋਂ ਹੋਈ ਹੈ, ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਡਰਾਈਵਰ ਤੋਂ ਇਲਾਵਾ 4 ਹੋਰ ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਿਆਦਾਤਰ ਸੱਟਾਂ ਕੈਬਿਨ ਦੇ ਕੋਲ ਬੈਠੇ ਲੋਕਾਂ ਨੂੰ ਹੀ ਲੱਗੀਆਂ ਹਨ, ਜਦਕਿ ਬਾਕੀ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਉਹ ਆਪਣੇ ਘਰਾਂ ਨੂੰ ਰਵਾਨਾ ਹੋ ਗਏ ਹਨ। ਖ਼ੁਸ਼ਕਿਸਮਤੀ ਇਹ ਰਹੀ ਕਿ ਇਸ ਭਿਆਨਕ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ।

ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਦੀ ਕਾਰਵਾਈ

ਸੜਕ ਸੁਰੱਖਿਆ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਟੀਮ ਮੌਕੇ ‘ਤੇ ਪਹੁੰਚ ਗਈ ਸੀ ਅਤੇ ਕੈਬਿਨ ਵਿੱਚ ਫਸੇ ਡਰਾਈਵਰ ਨੂੰ ਕਟਰ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਦਸੂਹਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਟਰੱਕ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰੇ ਇਸ ਹਾਦਸੇ ਨੇ ਹਾਈਵੇਅ ‘ਤੇ ਸੁਰੱਖਿਆ ਪ੍ਰਬੰਧਾਂ ‘ਤੇ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ।