Lucky Oberoi Murder Case : ‘ਆਪ’ ਆਗੂ ਦੇ ਕਤਲ ‘ਚ ਸ਼ਾਮਲ ਆਰੋਪੀ ਦਾ ਅੰਮ੍ਰਿਤਸਰ ‘ਚ ਹੋਇਆ ਐਨਕਾਊਂਟਰ, ਗੋਲੀ ਲੱਗਣ ਨਾਲ ਜ਼ਖਮੀ
Lucky Oberoi Murder Case : ਜਲੰਧਰ ਦੇ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਤਿੱਖੀ ਮੁੱਠਭੇੜ ਤੋਂ ਬਾਅਦ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ। ਫ਼ਰਾਰ ਚੱਲ ਰਹੇ ਸ਼ਮਿੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਖਾਸਾ ਇਲਾਕੇ ਵਿੱਚ ਪੁਲਿਸ ਨੇ ਘੇਰ ਲਿਆ, ਜਿੱਥੇ ਹੋਈ ਗੋਲੀਬਾਰੀ ਵਿੱਚ ਮੁਲਜ਼ਮ ਜ਼ਖ਼ਮੀ ਹੋ ਗਿਆ।
AAP ਆਗੂ ਦਾ ਕਾਤਲ ਨੌਕਰ ਪੁਲਿਸ ਮੁੱਠਭੇੜ 'ਚ ਜ਼ਖ਼ਮੀ, ਅੰਮ੍ਰਿਤਸਰ ਤੋਂ ਗ੍ਰਿਫ਼ਤਾਰ
ਜਲੰਧਰ ਦੇ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਤਿੱਖੀ ਮੁੱਠਭੇੜ ਤੋਂ ਬਾਅਦ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ। ਫ਼ਰਾਰ ਚੱਲ ਰਹੇ ਸ਼ਮਿੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਖਾਸਾ ਇਲਾਕੇ ਵਿੱਚ ਪੁਲਿਸ ਨੇ ਘੇਰ ਲਿਆ, ਜਿੱਥੇ ਹੋਈ ਗੋਲੀਬਾਰੀ ਵਿੱਚ ਮੁਲਜ਼ਮ ਜ਼ਖ਼ਮੀ ਹੋ ਗਿਆ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤਿਆ ਗਿਆ ਇੱਕ .30 ਬੋਰ ਦਾ ਬੇਰੇਟਾ ਪਿਸਤੌਲ ਵੀ ਬਰਾਮਦ ਕੀਤਾ ਹੈ।
ਖਾਸਾ ਖੇਤਰ ਵਿੱਚ ਲੁਕਿਆ ਹੋਇਆ ਸੀ ਮੁਲਜ਼ਮ: ਡੀਆਈਜੀ
ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਮਿੰਦਰ ਸਿੰਘ ਅੰਮ੍ਰਿਤਸਰ ਦੇ ਖਾਸਾ ਖੇਤਰ ਵਿੱਚ ਲੁਕ ਕੇ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਜਦੋਂ ਪੁਲਿਸ ਟੀਮ ਨੇ ਇਲਾਕੇ ਵਿੱਚ ਘੇਰਾਬੰਦੀ ਕੀਤੀ ਤਾਂ ਮੁਲਜ਼ਮ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡੀਆਈਜੀ ਨੇ ਦੱਸਿਆ ਕਿ ਮੁਲਜ਼ਮ ਮੂਲ ਰੂਪ ਵਿੱਚ ਜਲੰਧਰ ਦੇ ਮਿੱਠਾਪੁਰ ਦਾ ਰਹਿਣ ਵਾਲਾ ਹੈ ਅਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ।
ਨਾਕੇ ‘ਤੇ ਪੁਲਿਸ ਨੂੰ ਦੇਖ ਕੇ ਚਲਾਈਆਂ ਗੋਲੀਆਂ: ਐਸਐਸਪੀ
ਐਸਐਸਪੀ ਅੰਮ੍ਰਿਤਸਰ ਦਿਹਾਤੀ ਸੁਹੈਲ ਕਾਸਿਮ ਮੀਰ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਖਾਸਾ ਦੇ ਨੇੜੇ ਨਾਕਾਬੰਦੀ ਕੀਤੀ ਗਈ ਸੀ। ਜਦੋਂ ਐਕਟਿਵਾ ਸਵਾਰ ਸ਼ਮਿੰਦਰ ਸਿੰਘ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਘਬਰਾਹਟ ਵਿੱਚ ਆਪਣੀ ਸਕੂਟਰੀ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਸੰਤੁਲਨ ਵਿਗੜਨ ਕਾਰਨ ਹੇਠਾਂ ਡਿੱਗ ਪਿਆ ਅਤੇ ਪੁਲਿਸ ਤੋਂ ਬਚਣ ਲਈ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਗਈ ਆਤਮ-ਰੱਖਿਆ ਵਿੱਚ ਚਲਾਈ ਗੋਲੀ ਮੁਲਜ਼ਮ ਨੂੰ ਲੱਗੀ ਅਤੇ ਉਸ ਨੂੰ ਮੌਕੇ ‘ਤੇ ਹੀ ਦਬੋਚ ਲਿਆ ਗਿਆ।
ਸਖ਼ਤ ਧਾਰਾਵਾਂ ਤਹਿਤ ਪਹਿਲਾਂ ਹੀ ਦਰਜ ਹੈ ਕੇਸ
ਜ਼ਿਕਰਯੋਗ ਹੈ ਕਿ ਲੱਕੀ ਓਬਰਾਏ ਦੇ ਕਤਲ ਤੋਂ ਬਾਅਦ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 6 ਵਿੱਚ ਮੁਲਜ਼ਮ ਖ਼ਿਲਾਫ਼ 6 ਫਰਵਰੀ 2026 ਨੂੰ ਐਫਆਈਆਰ ਨੰਬਰ 25 ਦਰਜ ਕੀਤੀ ਗਈ ਸੀ। ਇਸ ਮਾਮਲੇ ਵਿੱਚ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 103(1) (ਕਤਲ), 3(5), 61(2) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਕੇਸ ਦਰਜ ਹੈ। ਪੁਲਿਸ ਹੁਣ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਅਤੇ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋਰ ਸੰਭਾਵਿਤ ਵਿਅਕਤੀਆਂ ਦਾ ਪਤਾ ਲਗਾਇਆ ਜਾ ਸਕੇ।
