’26 ਜਨਵਰੀ ਦੀ ਪਰੇਡ ‘ਚ ਪੰਜਾਬ ਦੀ ਝਾਕੀ ਸ਼ਾਮਲ ਨਾ ਹੋਣ ‘ਤੇ ਕੇਂਦਰ ‘ਤੇ ਭੜਕੇ CM ਭਗਵੰਤ

Updated On: 

11 Jan 2024 16:48 PM

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਇਹ ਲੋਕ ਪੰਜਾਬ ਸ਼ਬਦ ਨੂੰ ਜਨ ਜਨ ਦੇ ਮਨ ਵਿੱਚੋਂ ਕੱਢ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਦੀ ਅਗਵਾਈ ਕਰਨ ਵਾਲੇ ਪ੍ਰਧਾਨ ਮੰਤਰੀ ਕੋਲ ਪੰਜਾਬ ਲਈ ਰੇਲ ਇੰਜਣ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰੇਲਵੇ ਦੇ ਐਮਓਯੂ ਦੇ ਬਾਵਜੂਦ ਸਾਡੀਆਂ ਸ਼ਰਧਾਲੂ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ।

26 ਜਨਵਰੀ ਦੀ ਪਰੇਡ ਚ ਪੰਜਾਬ ਦੀ ਝਾਕੀ ਸ਼ਾਮਲ ਨਾ ਹੋਣ ਤੇ ਕੇਂਦਰ ਤੇ ਭੜਕੇ CM ਭਗਵੰਤ
Follow Us On

ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ‘ਤੇ ਪੰਜਾਬ ਪ੍ਰਤੀ ਪੱਖਪਾਤੀ ਰਵੱਈਆ ਅਪਣਾਉਣ ਦਾ ਦੋਸ਼ ਲਗਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ 26 ਜਨਵਰੀ ਨੂੰ ਹੋਣ ਵਾਲੀ ਕੌਮੀ ਪਰੇਡ ਵਿੱਚੋਂ ਪੰਜਾਬ ਦੀ ਝਾਂਕੀ ਨੂੰ ਬਾਹਰ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਗੁਰੂ ਸਾਹਿਬਾਨ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ। ਪਰ ਅੱਜ ਕੇਂਦਰ ਸਰਕਾਰ ਨੇ ਸਾਡੇ ਨਾਲ ਬੇਇਨਸਾਫ਼ੀ ਕੀਤੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਤੋਂ ਪੱਤਰ ਮਿਲਿਆ ਹੈ। ਪਿਛਲੇ ਸਾਲ 26 ਜਨਵਰੀ ਨੂੰ ਪੰਜਾਬ ਦੀ ਕੋਈ ਝਾਂਕੀ ਨਹੀਂ ਸੀ। ਇਸ ਸਾਲ ਕੇਂਦਰ ਸਰਕਾਰ ਨੇ ਸਾਨੂੰ ਪੱਤਰ ਲਿਖ ਕੇ ਪੁੱਛਿਆ ਸੀ ਕਿ ਕੀ ਅਸੀਂ ਪੰਜਾਬ ਦੀ ਝਾਂਕੀ ਭੇਜਣਾ ਚਾਹੁੰਦੇ ਹਾਂ, ਅਸੀਂ ਸਹਿਮਤ ਹੋ ਗਏ ਅਤੇ ਅਸੀਂ 3 ਝਾਂਕੀਆਂ ਪ੍ਰਪੋਜ਼ ਕੀਤੀਆਂ।

ਮਾਨ ਨੇ ਕਿਹਾ ਕਿ ਅਸੀਂ ਕੇਂਦਰ ਨੂੰ ਤਿੰਨ ਆਇਡਿਆ ਭੇਜੇ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਕੁਰਬਾਨੀਆਂ ਦਾ ਇਤਿਹਾਸ, ਨਾਰੀ ਸ਼ਕਤੀ ਅਤੇ ਪੰਜਾਬ ਦਾ ਵਿਰਸਾ ਇਹ ਤਿੰਨ ਆਇਡਿਆ ਭੇਜੇ ਗਏ ਹਨ। ਅਸੀਂ ਮਾਈ ਭਾਗੋ ਨੂੰ ਨਾਰੀ ਸ਼ਕਤੀ ਨਾਲ ਜੋੜ ਕੇ ਇਹ ਆਇਡਿਆ ਭੇਜਿਆ ਹੈ। ਪੰਜਾਬ ਦੇ ਸੱਭਿਆਚਾਰ ਦੀ ਝਾਂਕੀ ਲਈ ਵੀ ਆਇਡਿਆ ਭੇਜੇ ਹਨ। ਅਸੀਂ ਕੇਂਦਰ ਸਰਕਾਰ ਨਾਲ ਤਿੰਨ ਮੀਟਿੰਗਾਂ ਵਿੱਚ ਕਮੇਟੀ ਨਾਲ ਗੱਲ ਕੀਤੀ। ਪਰ ਇਸ ਵਾਰ ਵੀ ਕੇਂਦਰ ਸਰਕਾਰ ਨੇ ਸਾਨੂੰ ਪੱਤਰ ਭੇਜ ਕੇ ਦੱਸਿਆ ਕਿ ਪੰਜਾਬ ਦੀ ਝਾਂਕੀ ਨਹੀਂ ਰਹੇਗੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 26 ਜਨਵਰੀ ਦੀ ਪਰੇਡ ਵਿੱਚ ਸ਼ਾਮਲ ਝਾਂਕੀ ਦੀ ਸੂਚੀ ਵਿੱਚ ਪੰਜਾਬ ਅਤੇ ਦਿੱਲੀ ਦਾ ਨਾਂ ਨਹੀਂ ਹੈ। ਇਸ ਸੂਚੀ ਵਿੱਚ 90 ਫੀਸਦੀ ਤੋਂ ਵੱਧ ਭਾਜਪਾ ਸ਼ਾਸਤ ਰਾਜਾਂ ਦੀ ਝਾਂਕੀ ਹੈ। ਲੱਗਦਾ ਹੈ ਕਿ 26 ਜਨਵਰੀ ਦੀ ਝਾਂਕੀ ਦਾ ਵੀ ਭਗਵਾ ਰੰਗ ਹੋ ਗਿਆ ਹੈ। ਪਿਛਲੇ ਸਾਲ ਵੀ ਪੰਜਾਬ ਦੀ ਝਾਂਕੀ ਨਹੀਂ ਸੀ।

ਪੰਜਾਬ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰਨ ਦਾ ਆਰੋਪ

ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਦੀ ਝਾਂਕੀ ਨਹੀਂ ਤਾਂ 15 ਅਗਸਤ ਅਤੇ 26 ਜਨਵਰੀ ਦੀਆਂ ਝਾਂਕੀਆਂ ਦਾ ਕੀ ਅਰਥ ਹੈ। ਅੰਡੇਮਾਨ-ਨਿਕੋਬਾਰ ਤੱਕ ਦੀ ਝਾਂਕੀ ਵਿੱਚ ਪੰਜਾਬ ਦੇ ਆਜ਼ਾਦੀ ਘੁਲਾਟੀਏ ਨਜ਼ਰ ਆਉਂਦੇ ਹਨ। ਭਾਜਪਾ ਆਗੂ ਮੋਦੀ ਦੀ ਝਾਕੀ (ਵਿਕਸਿਤ ਭਾਰਤ ਸੰਕਲਪ ਯਾਤਰਾ) ਲੈ ਕੇ ਜਾ ਰਹੇ ਹਨ, ਪਰ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੀ ਪੰਜਾਬ ਦੀ ਝਾਂਕੀ ਦਿੱਲੀ ਵਿੱਚ ਹੋਣ ਵਾਲੀ ਕੌਮੀ ਪਰੇਡ ਵਿੱਚ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਰੱਦ ਕੀਤੀ ਗਈ ਝਾਂਕੀਆਂ ਪੰਜਾਬ ਵਿੱਚ ਰਿਜੈਕਟੇਡ ਬਾਏ ਸੈਂਟਰ ਗਵਰਨਮੈਂਟ ਲਿੱਖ ਕੇ ਦਿਖਾਈ ਜਾਵੇਗੀ। ਪੰਜਾਬ ਦੇ ਤਿੰਨ ਕਰੋੜ ਲੋਕਾਂ ਦੇ ਨਾਲ-ਨਾਲ ਮੈਂ ਕੇਂਦਰ ਸਰਕਾਰ ਦੀ ਬੇਇਨਸਾਫੀ ਦਾ ਸਾਹਮਣਾ ਕਰਾਂਗਾ। ਉਹ ਸਾਡੀ ਝਾਂਕੀ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕ ਸਕਦੇ ਹਨ ਪਰ ਪੰਜਾਬ ਵਿੱਚ ਆਪਣਾ ਸੱਭਿਆਚਾਰ ਦਿਖਾਉਣ ਤੋਂ ਕੋਈ ਨਹੀਂ ਰੋਕ ਸਕਦੇ। ਦਿੱਲੀ ਵਿੱਚ ਵੀ ਝਾਂਕੀ ਨਹੀਂ ਹੈ, ਇਸ ਦਾ ਮਤਲਬ ਹੈ ਕਿ ਸਾਨੂੰ ਵੋਟ ਦਿਓ ਨਹੀਂ ਤਾਂ ਤੁਹਾਡੀ ਝਾਂਕੀ ਨੂੰ ਨਹੀਂ ਆਉਣ ਦੇਵਾਂਗੇ।

ਮਾਨ ਨੇ ਕੇਂਦਰ ਨੂੰ ਪੱਤਰ ਲਿਖਣ ਦੀ ਗੱਲ ਕਹੀ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਇਸ ਮੁੱਦੇ ‘ਤੇ ਕੇਂਦਰ ਸਰਕਾਰ ਨਾਲ ਵੀ ਗੱਲ ਕਰੇਗੀ ਅਤੇ ਪੱਤਰ ਵੀ ਲਿਖੇਗੀ। ਭਾਜਪਾ ਦੇ ਸਿੱਖ ਚਿਹਰਿਆਂ ਮਨਜਿੰਦਰ ਸਿੰਘ ਸਿਰਸਾ ਅਤੇ ਆਰਪੀ ਸਿੰਘ ਵਰਗੇ ਆਗੂਆਂ ਨੂੰ ਵੀ ਪੰਜਾਬ ਨਾਲ ਹੋਈ ਬੇਇਨਸਾਫ਼ੀ ਦਾ ਜਵਾਬ ਦੇਣਾ ਚਾਹੀਦਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਵੀਰ ਬਾਲ ਦਿਵਸ ਮਨਾ ਰਹੇ ਹਨ ਅਤੇ ਸਿੱਖ ਇਤਿਹਾਸ ਦਾ ਸਤਿਕਾਰ ਕਰਨ ਦੀ ਗੱਲ ਕਰ ਰਹੇ ਹਨ ਪਰ 26 ਜਨਵਰੀ ਵਾਲੇ ਦਿਨ ਪੰਜਾਬ ਦੇ ਇਤਿਹਾਸ ਦੀ ਇੱਕ ਝਲਕ ਵੀ ਨਹੀਂ ਦਿਖਾਉਣ ਦਿੰਦੇ। ਪੰਜਾਬ ਦੇ ਜਵਾਨ ਸਰਹੱਦ ‘ਤੇ ਖੜ੍ਹੇ ਹਨ ਪਰ ਫਿਰ ਵੀ ਪੰਜਾਬ ਨੂੰ ਇੱਜ਼ਤ ਨਹੀਂ ਮਿਲਦੀ। ਭਗਤ ਸਿੰਘ ਦੀ ਸ਼ਹਾਦਤ ਨੂੰ ਭਾਜਪਾ ਦੇ ਸਰਟੀਫਿਕੇਟ ਦੀ ਲੋੜ ਨਹੀਂ। ਸੀਐਮ ਮੁਤਾਬਕ ਕੇਂਦਰ ਸਰਕਾਰ ਨੇ ਆਪਣਾ ਕੰਮ ਕਰ ਦਿੱਤਾ ਹੈ ਅਤੇ ਅਸੀਂ 26 ਜਨਵਰੀ ਨੂੰ ਜਵਾਬ ਦੇਵਾਂਗੇ।

CM ਨੇ ਪੰਜਾਬ ਨਾਲ ਦੱਸਿਆ ਬੇਇਨਸਾਫੀ

ਕੇਂਦਰ ਸਰਕਾਰ ‘ਤੇ ਗੈਰ-ਭਾਜਪਾ ਸ਼ਾਸਤ ਰਾਜਾਂ ਨਾਲ ਵਿਤਕਰਾ ਕਰਨ ਦਾ ਦੋਸ਼ ਲਗਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਪੰਜਾਬ ਨੂੰ ਹਰ ਚੀਜ਼ ਲਈ ਅਦਾਲਤ ਵਿਚ ਜਾਣਾ ਪੈਂਦਾ ਹੈ। ਕੀ ਸਾਨੂੰ ਪੰਜਾਬ ਦਾ ਇਤਿਹਾਸ ਦਿਖਾਉਣ ਲਈ ਰਾਸ਼ਟਰਪਤੀ ਕੋਲ ਜਾਣਾ ਪਵੇਗਾ, ਜਿਸ ਕਾਰਨ ਦੇਸ਼ ਨੂੰ ਅਜ਼ਾਦੀ ਮਿਲੀ, ਦੇਸ਼ ਦੀਆਂ ਝਾਂਕੀਆਂ ਵਿੱਚ ਪੰਜਾਬ ਦੀ ਝਾਕੀ ਨਾ ਦਿਖਾਉਣਾ ਦੇਸ਼ ਨੂੰ ਅਜ਼ਾਦੀ ਦੇਣ ਵਾਲਿਆਂ ਨਾਲ ਬੇਇਨਸਾਫੀ ਹੋਵੇਗੀ।

ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ 26 ਜਨਵਰੀ ਨੂੰ ਪੰਜਾਬ ਵਿੱਚ ਹੀ ਵੱਡੀ ਪਰੇਡ ਕੱਢੀ ਜਾਵੇਗੀ। ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਰੱਦ ਕੀਤੀਆਂ ਪੰਜਾਬ ਦੀਆਂ ਸਾਰੀਆਂ ਝਾਂਕੀਆਂ ਦੇ ਆਇਡਿਆਜ਼ ਨੂੰ ਦਿਖਾਇਆ ਜਾਵੇਗਾ ਅਤੇ ਅਸੀਂ ਆਪਣੇ ਮਾਧਿਅਮ ਰਾਹੀਂ ਪੰਜਾਬ ਦੇ ਇਤਿਹਾਸ ਨੂੰ ਪੂਰੇ ਦੇਸ਼ ਦੇ ਲੋਕਾਂ ਸਾਹਮਣੇ ਪੇਸ਼ ਕਰਾਂਗੇ।

ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਦਾ ਤਿੱਖਾ ਪ੍ਰਤੀਕਰਨ

ਸੈਰ ਸਪਾਟਾ ਤੇ ਸੱਭਿਆਚਾਰ ਮੰਤਰੀ ਅਨਮੋਲ ਗਗਨ ਮਾਨ ਨੇ ਇਸ ਪੂਰੇ ਮਾਮਲੇ ‘ਤੇ ਡੂੰਘੀ ਨਿਰਾਸ਼ਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਦੀ ਪਰੇਡ ਵਿੱਚੋਂ ਪੰਜਾਬ ਦੀ ਝਾਂਕੀ ਨੂੰ ਬਾਹਰ ਕੀਤੇ ਜਾਣ ਤੋਂ ਉਹ ਨਿਰਾਸ਼ ਹਨ। ਕੀ ਅਸੀਂ ਆਪਣੇ ਵੰਨ-ਸੁਵੰਨੇ ਇਤਿਹਾਸ ਦੀ ਅਮੀਰੀ ਨੂੰ ਮਿਟਾ ਰਹੇ ਹਾਂ? ਕੀ ਇਹ ਹੁਣ ਚੋਣਵੇ ਬਿਰਤਾਂਤਾ ਦੀ ਪਰੇਡ ਹੈ, ਜੋ ਸਾਡੇ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਗੰਧਲਾ ਕਰ ਰਹੀ ਹੈ?

ਕਟਾਰੂਚੱਕ ਨੇ ਵੀ ਚੁੱਕੇ ਸਵਾਲ

ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਟਵੀਟ ਰਾਹੀਂ ਕਿਹਾ ਕਿ ਭਾਜਪਾ ਭਗਤ ਸਿੰਘ, ਲਾਲਾ ਲਾਜਪਤ ਰਾਏ, ਊਧਮ ਸਿੰਘ, ਸੁਖਦੇਵ ਤੋਂ ਅੱਖਾਂ ਫੇਰ ਕੇ ਸਿਰਫ਼ ਮੋਦੀ ਦੀ ਝਾਂਕੀ ਦਿਖਾਉਣਾ ਚਾਹੁੰਦੀ ਹੈ। ਕੇਂਦਰ ਸਰਕਾਰ ਨੇ ਪੰਜਾਬ ਦੀ ਵਿਰਾਸਤ, ਸ਼ਹਾਦਤ ਅਤੇ ਨਾਰੀ ਸ਼ਕਤੀ ਨੂੰ ਦਰਸਾਉਂਦੀਆਂ ਝਾਕੀਆਂ ਨੂੰ ਇੱਕ ਵਾਰ ਫਿਰ ਰੱਦ ਕਰਕੇ ਜੋ ਵਿਤਕਰਾ ਕੀਤਾ ਹੈ, ਜੋ ਬੇਹੱਦ ਮੰਦਭਾਗਾ ਹੈ।

Exit mobile version