26 ਜਨਵਰੀ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ; ਹਾਈ ਅਲਰਟ ‘ਤੇ ਪੁਲਿਸ, ਪੂਰੇ ਸੂਬੇ ‘ਚ 20 ਹਜ਼ਾਰ ਜਵਾਨਾਂ ਦੀ ਤਾਇਨਾਤੀ

Updated On: 

23 Jan 2024 19:01 PM

CCTV in Border Areas: ਸਰਹੱਦੀ ਖੇਤਰਾਂ ਵਿੱਚ ਸੀਸੀਟੀਵੀ ਲਗਾਉਣ ਲਈ ਇੱਕ ਕਮੇਟੀ ਬਣਾਈ ਗਈ ਸੀ। ਜਲਦੀ ਹੀ ਇਹ ਕੰਮ ਕੀਤਾ ਜਾਵੇਗਾ। ਯਾਦ ਰਹੇ ਕਿ ਕੁਝ ਦਿਨ ਪਹਿਲਾਂ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਅਜਿਹੇ 'ਚ ਪੁਲਿਸ ਪਹਿਲਾਂ ਤੋਂ ਹੀ ਚੌਕਸ ਹੈ। ਪੁਲਿਸ ਨੇ ਅੱਤਵਾਦੀਆਂ ਦੇ ਕੁਝ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।

26 ਜਨਵਰੀ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ; ਹਾਈ ਅਲਰਟ ਤੇ ਪੁਲਿਸ, ਪੂਰੇ ਸੂਬੇ ਚ 20 ਹਜ਼ਾਰ ਜਵਾਨਾਂ ਦੀ ਤਾਇਨਾਤੀ

26 ਜਨਵਰੀ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ - Photo: X @PunjabPoliceInd

Follow Us On

26 ਜਨਵਰੀ ਨੂੰ ਲੈ ਕੇ ਅੱਤਵਾਦੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਰਮਿਆਨ ਪੰਜਾਬ ‘ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਗਣਤੰਤਰ ਦਿਵਸ ਦੇ ਜਸ਼ਨ ਪੂਰੇ ਹੋਣ ਤੱਕ ਪੰਜਾਬ ਪੁਲਿਸ ਹਾਈ ਅਲਰਟ ‘ਤੇ ਰਹੇਗੀ। ਸਰਹੱਦੀ ਖੇਤਰ ਸਮੇਤ ਸਾਰੇ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਪ੍ਰਬੰਧਾਂ ਲਈ ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਵਿਸ਼ੇਸ਼ ਡੀਜੀਪੀ, ਏਡੀਜੀਪੀ, ਡੀਆਈਜੀ ਅਤੇ ਆਈਜੀ ਪੱਧਰ ਦੇ ਅਧਿਕਾਰੀਆਂ ਨੂੰ ਸੌਂਪੀ ਗਈ ਹੈ। ਇਨ੍ਹਾਂ ਦੀ ਤਾਇਨਾਤੀ ਜ਼ਿਲ੍ਹਿਆਂ ਦੇ ਆਕਾਰ ਅਨੁਸਾਰ ਕੀਤੀ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਤੋਂ ਹੀ ਆਪਣੀ ਡਿਊਟੀ ਸੰਭਾਲ ਲਈ ਹੈ। 20 ਹਜ਼ਾਰ ਤੋਂ ਵੱਧ ਮੁਲਾਜ਼ਮ ਸੁਰੱਖਿਆ ਪ੍ਰਬੰਧਾਂ ਵਿੱਚ ਤਾਇਨਾਤ ਕੀਤੇ ਗਏ ਹਨ। ਸਾਰੇ ਜ਼ਿਲ੍ਹਿਆਂ ਵਿੱਚ ਤਾਇਨਾਤ 65 ਫੀਸਦੀ ਫੋਰਸ ਨੂੰ ਸੁਰੱਖਿਆ ਪ੍ਰਬੰਧਾਂ ਵਿੱਚ ਲਾਇਆ ਗਿਆ ਹੈ।

ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਮਿਲ ਰਹੀਆਂ ਹਨ, ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹਰ ਚੀਜ਼ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਆਈਜੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

ਸਾਰੇ ਸੂਬਿਆਂ ਦੇ ਸੰਪਰਕ ਵਿੱਚ ਪੁਲਿਸ

ਆਈਜੀ ਨੇ ਕਿਹਾ ਕਿ ਅਪਰਾਧੀ ਅਪਰਾਧ ਕਰਨ ਤੋਂ ਬਾਅਦ ਦੂਜੇ ਰਾਜਾਂ ਵਿੱਚ ਨਾ ਜਾਣ, ਇਸਨੂੰ ਲੈ ਕੇ ਪੰਜਾਬ ਪੁਲਿਸ ਹਿਮਾਚਲ, ਦਿੱਲੀ, ਰਾਜਸਥਾਨ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿਸ ਹਿਸਾਬ ਨਾਲ ਪੁਲਿਸ ਨੂੰ ਇਨਪੁਟ ਆ ਰਹੇ ਹਨ। ਉਸ ਅਨੁਸਾਰ ਸਾਰੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਅਤੇ ਸੁਰੱਖਿਆ ਨਾਲ ਸਬੰਧਤ ਅਦਾਰਿਆਂ ਦੀ ਸੁਰੱਖਿਆ ਦੇ ਪੂਰੇ ਪ੍ਰਬੰਧ ਹਨ।

ਮੁੱਖ ਮੰਤਰੀ ਭਗਵੰਤ ਮਾਨ ਦੇ ਲੁਧਿਆਣਾ ਅਤੇ ਰਾਜਪਾਲ ਦੇ ਪਟਿਆਲਾ ਵਿੱਚ ਹੋਣ ਵਾਲੇ ਗਣਤੰਤਰ ਦਿਵਸ ਸਮਾਗਮਾਂ ਲਈ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ​​ਕਰ ਦਿੱਤੇ ਗਏ ਹਨ।

ਸਰਹੱਦੀ ਖੇਤਰ ਵਿੱਚ ਕੈਮਰੇ ਲਗਾਉਣ ਦੀ ਤਿਆਰੀ

ਆਈਜੀ ਨੇ ਕਿਹਾ ਕਿ ਅਪਰਾਧੀਆਂ ਦੇ ਲੁਕਣ ਦੇ ਟਿਕਾਣਿਆਂ ਦੀ ਸੂਚੀ ਬਣਾਈ ਗਈ ਹੈ। ਜਿੱਥੇ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਆਪ੍ਰੇਸ਼ਨ ਚਲਾਏ ਜਾ ਰਹੇ ਹਨ। ਬਾਰਡਰ ਰੇਂਜ ਵਿੱਚ ਸੀਨੀਅਰ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਕਿਉਂਕਿ ਪੰਜਾਬ ਦੀ 530 ਕਿਲੋਮੀਟਰ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਸਰਹੱਦੀ ਖੇਤਰ ਵਿੱਚ 2100 ਕੈਮਰੇ ਲਗਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।