CM ਮਾਨ ਦੇ ਅਕਾਲ ਤਖ਼ਤ ‘ਤੇ ਪੇਸ਼ ਹੋਣ ਦਾ ਬਦਲਿਆ ਸਮਾਂ, ਸ਼ਾਮ 4.30 ਵਜੇ ਦੇਣਗੇ ਸਪਸ਼ਟੀਕਰਨ, ਸੀਐਮ ਬੋਲੇ – ਮੇਰਾ ਕੋਈ ਰੁਝੇਵਾਂ ਨਹੀਂ

Updated On: 

13 Jan 2026 13:21 PM IST

CM Bhagwant Maan Akal Takht Peshi: ਸੀਐਮ ਮਾਨ ਨੇ ਪੇਸ਼ੀ ਨੂੰ ਲੈ ਕੇ ਕਿਹਾ ਸੀ ਕਿ ਸਿੱਖ ਹੋਣ ਦੇ ਨਾਤੇ ਸਾਡੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਬਹੁਤ ਉੱਚੀ ਅਤੇ ਸਤਿਕਾਰਯੋਗ ਅਸਥਾਨ ਹੈ। ਜਥੇਦਾਰ ਸਾਹਿਬ ਸਿੱਖ ਕੌਮ ਦੀ ਇੱਕ ਮਹਾਨ ਅਤੇ ਉੱਚ ਸੰਸਥਾ ਦੇ ਮੁਖੀ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਜਿਹੜੀਆਂ ਵੀ ਗੱਲਾਂ ਤੇ ਉਨ੍ਹਾਂ ਕੋਲੋਂ ਸਪਸ਼ਟੀਕਰਨ ਮੰਗਣਾ ਚਾਹੁੰਦੇ ਹਨ, ਉਹ ਉਨ੍ਹਾਂ ਸਾਰਿਆਂ ਦੇ ਸਪਸ਼ਟੀਕਰਨ ਦੇਣ ਲਈ ਤਿਆਰ ਹਨ।

CM ਮਾਨ ਦੇ ਅਕਾਲ ਤਖ਼ਤ ਤੇ ਪੇਸ਼ ਹੋਣ ਦਾ ਬਦਲਿਆ ਸਮਾਂ, ਸ਼ਾਮ 4.30 ਵਜੇ ਦੇਣਗੇ ਸਪਸ਼ਟੀਕਰਨ, ਸੀਐਮ ਬੋਲੇ - ਮੇਰਾ ਕੋਈ ਰੁਝੇਵਾਂ ਨਹੀਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ 15 ਜਨਵਰੀ ਨੂੰ ਅੰਮ੍ਰਿਤਸਰ ਸਥਿਤ ਅਕਾਲ ਤਖ਼ਤ ‘ਤੇ ਪੇਸ਼ੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਅਕਾਲ ਤਖ਼ਤ ਸਕੱਤਰੇਤ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਹੁਣ 15 ਜਨਵਰੀ ਨੂੰ ਸਵੇਰੇ 10 ਵਜੇ ਦੀ ਬਜਾਏ ਸ਼ਾਮ 4:30 ਵਜੇ ਸ੍ਰੀ ਅਕਾਲ ਤਖ਼ਤ ਤੇ ਪਹੁੰਚਣਗੇ। ਅਕਾਲ ਤਖ਼ਤ ਨੇ ਮਾਨ ਦੇ ਬਿਆਨਾਂ ਅਤੇ ਵਾਇਰਲ ਵੀਡੀਓ ਬਾਰੇ ਸਪੱਸ਼ਟੀਕਰਨ ਮੰਗਿਆ ਹੈ।

ਇਸ ਤੋਂ ਬਾਅਦ, ਮੁੱਖ ਮੰਤਰੀ ਨੇ ਕਿਹਾ ਸੀ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ 15 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਇੱਕ ਪ੍ਰੋਗਰਾਮ ਹੈ, ਪਰ ਉਹ ਹਾਜ਼ਰ ਨਹੀਂ ਹੋ ਸਕਣਗੇ ਅਤੇ ਅਕਾਲ ਤਖ਼ਤਤੇ ਪੇਸ਼ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਅਕਾਲ ਤਖ਼ਤ ਨੇ ਇਸ ਬਿਆਨ ਦੇ ਮੱਦੇਨਜ਼ਰ ਹੀ ਇਹ ਫੈਸਲਾ ਲਿਆ ਹੈ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਨੰਗੇ ਪੈਰੀਂ ਅਕਾਲ ਤਖ਼ਤ ਜਾਣਗੇ। ਉਨ੍ਹਾਂ ਨੇ ਜਥੇਦਾਰ ਨੂੰ ਇਹ ਵੀ ਬੇਨਤੀ ਕੀਤੀ ਕਿ ਜਦੋਂ ਉਹ ਗੋਲ ਦਾ ਬਿਆਨ ਸਬੂਤਾਂ ਸਮੇਤ ਪੇਸ਼ ਕਰਨ ਤਾਂ ਉਸਦਾ ਲਾਈਵ ਪ੍ਰਸਾਰਨ ਕੀਤਾ ਜਾਵੇ।

ਹਾਲਾਂਕਿ, ਜਥੇਦਾਰ ਵੱਲੋਂ ਇਸ ਮਾਮਲੇ ਸਬੰਧੀ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਕਿਉਂਕਿ ਮੁੱਖ ਮੰਤਰੀ ਅੰਮ੍ਰਿਤਧਾਰੀ ਸਿੱਖ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਅਕਾਲ ਤਖ਼ਤ ਦੀ ਫਸੀਲ ਦੀ ਬਜਾਏ ਸਕੱਤਰੇਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।

15 ਜਨਵਰੀ ਨੂੰ ਮੇਰਾ ਕੋਈ ਰੁਝੇਵਾਂ ਨਹੀਂ – ਸੀਐਮ ਮਾਨ

ਅਕਾਲ ਤਖਤ ਵੱਲੋਂ ਪੇਸ਼ੀ ਦਾ ਸਮਾਂ ਬਦਲਣ ‘ਤੇ ਸੀਐਮ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ 15 ਜਨਵਰੀ ਨੂੰ ਉਨ੍ਹਾਂ ਦਾ ਕੋਈ ਰੁਝੇਵਾਂ ਨਹੀਂ ਹੈ। ਉਨ੍ਹਾਂ ਨੇ ਰਾਸ਼ਟਰਪਤੀ ਦਫਤਰ ਨੂੰ ਪਹਿਲਾਂ ਹੀ ਸੁਚਨਾ ਭਿਜਵਾ ਦਿੱਤੀ ਹੈ। ਉਹ ਸਵੇਰੇ 10 ਵਜੇ ਵਾਲੇ ਸਮੇਂ ਤੇ ਪੇਸ਼ ਹੋਣ ਨੂੰ ਤਿਆਰ ਹਨ। ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦਿਆਂ ਉਨ੍ਹਾਂ ਕਿਹਾ ਕਿ 15 ਜਨਵਰੀ ਦਾ ਦਿਨ ਆਪ ਜੀ ਦੇ ਆਦੇਸ਼ ਮੁਤਾਬਿਕ ਪੂਰੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ..ਸਮਾਂ ਬਦਲਣ ਸਬੰਧੀ ਕੋਈ ਵੀ ਅਧਿਕਾਰਤ ਪੱਤਰ ਜਾਂ ਬਿਆਨ ਮੇਰੇ ਜਾਂ ਦਫ਼ਤਰ ਵੱਲੋਂ ਜਾਰੀ ਨਹੀਂ ਕੀਤਾ ਗਿਆ..ਮੈਂ 15 ਜਨਵਰੀ ਨੂੰ ਸਵੇਰੇ 10 ਵਜੇ ਨਿਮਰਤਾ ਸਹਿਤ ਹਾਜ਼ਰ ਹੋਣ ਲਈ ਤਿਆਰ ਹਾਂ।

ਸੀਐਮ ਨੇ ਰਾਸ਼ਟਰਪਤੀ ਤੋਂ ਮੰਗੀ ਸੀ ਮੁਆਫੀ

ਬੀਤੀ 5 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ 15 ਜਨਵਰੀ ਨੂੰ ਸਵੇਰੇ 10 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਕੁਝ ਮਸਲਿਆਂ ਤੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਇਸ ਮਾਮਲੇ ਵਿੱਚ ਖੁਦ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ 15 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੀ ਗੱਲ ਕਹੀ ਸੀ। ਮੁੱਖ ਮੰਤਰੀ ਮਾਨ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਲਿੱਖਿਆ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਆਇਆ ਹੁਕਮ ਉਨ੍ਹਾਂ ਦੇ ਸਿਰ ਮੱਥੇ ਤੇ ਹੈ.. ਉਹ ਮੁੱਖ ਮੰਤਰੀ ਵਜੋਂ ਨਹੀਂ ਨਿਮਾਣੇ ਸਿੱਖ ਵਜੋਂ ਨੰਗੇ ਪੈਰ ਚੱਲ ਕੇ ਸ੍ਰੀ ਅਕਾਲ ਤਖਤ ਤੇ ਹਾਜਿਰ ਹੋਣਗੇ।

ਨਾਲ ਹੀ ਮੁਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਮੁਆਫੀ ਵੀ ਮੰਗੀ ਸੀ। ਕਿਉਂ ਉਹ ਉਸੇ ਦਿਨ ਰਾਸ਼ਟਰਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਾਨਫਰੰਸ ਵਿੱਚ ਹਿੱਸਾ ਲੈਣ ਆ ਰਹੇ ਹਨ।