ਮੁੱਖ ਮੰਤਰੀ ਮਾਨ ਦੀ ਸ਼ੁਕਰਾਨਾ ਯਾਤਰਾ ਅੱਜ ਸ਼ੁਰੂ, ਚਾਰ ਦਿਨਾਂ ਦੇ ਦੌਰੇ ਦੌਰਾਨ ਪ੍ਰਮੁੱਖ ਧਾਰਮਿਕ ਅਸਥਾਨਾਂ ‘ਤੇ ਹੋਣਗੇ ਨਤਮਸਤਕ

Updated On: 

06 May 2026 11:17 AM IST

CM Maan Shukrana Yatra: ਇਹ ਯਾਤਰਾ 6 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗੀ, ਜਿੱਥ ਮੁੱਖ ਮੰਤਰੀ ਭਗਵੰਤ ਮਾਨ ਅਰਦਾਸ ਕਰਨਗੇ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਹਰਮਿੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ। ਪਹਿਲੇ ਦਿਨ ਇਹ ਯਾਤਰਾ ਰੋਪੜ, ਬਲਾਚੌਰ, ਬੰਘਾ, ਫਗਵਾੜਾ ਤੋਂ ਗੁਜ਼ਰੇਗੀ।

ਮੁੱਖ ਮੰਤਰੀ ਮਾਨ ਦੀ ਸ਼ੁਕਰਾਨਾ ਯਾਤਰਾ ਅੱਜ ਸ਼ੁਰੂ, ਚਾਰ ਦਿਨਾਂ ਦੇ ਦੌਰੇ ਦੌਰਾਨ ਪ੍ਰਮੁੱਖ ਧਾਰਮਿਕ ਅਸਥਾਨਾਂ ਤੇ ਹੋਣਗੇ ਨਤਮਸਤਕ

ਮੁੱਖ ਮੰਤਰੀ ਮਾਨ ਦੀ ਸ਼ੁਕਰਾਨਾ ਯਾਤਰਾ ਅੱਜ ਸ਼ੁਰੂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ 4 ਦਿਨਾਂ ਸ਼ੁਕਰਾਨਾ ਯਾਤਰਾ ਦੀ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ। ਇਹ ਯਾਤਰਾ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ- 2026 ਬਣਨ ਤੋਂ ਬਾਅਦ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਕੱਢੀ ਜਾ ਰਹੀ ਹੈ। ਇਹ ਯਾਤਰਾ ਅੱਜ ਯਾਨੀ 6 ਮਈ ਤੋਂ ਸ਼ੁਰੂ ਹੋਵੇਗੀ ਤੇ 9 ਮਈ ਨੂੰ ਪੂਰੀ ਹੋਵੇਗੀ। ਇਸ ਯਾਤਰਾ ਦੌਰਾਨ ਸੀਐਮ ਮਾਨ ਸੂਬੇ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ‘ਤੇ ਨਤਮਸਤਕ ਹੋਣਗੇ।

ਇਹ ਯਾਤਰਾ 6 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗੀ, ਜਿੱਥ ਮੁੱਖ ਮੰਤਰੀ ਭਗਵੰਤ ਮਾਨ ਅਰਦਾਸ ਕਰਨਗੇ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਹਰਮਿੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ। ਪਹਿਲੇ ਦਿਨ ਇਹ ਯਾਤਰਾ ਰੋਪੜ, ਬਲਾਚੌਰ, ਬੰਘਾ, ਫਗਵਾੜਾ ਤੋਂ ਗੁਜ਼ਰੇਗੀ।

ਦੂਜੇ ਦਿਨ, ਸੀਐਮ ਮਾਨ ਤਲਵੰਡੀ ਸਾਬੋ ਦਾ ਦੌਰਾ ਕਰਨਗੇ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਤੋਂ ਬਾਅਦ ਉਹ ਫਰੀਦਕੋਟ ਵੀ ਰੁਕਣਗੇ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮੰਤਰੀ ਦੇ ਸਵਾਗਤ ਦੇ ਲਈ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ।

ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਥੇ ਪਹੁੰਚਣ ਤੇ ਮੁੱਖ ਮੰਤਰੀ ਦਾ ਸੰਤਾਂ-ਮਹਾਂਪੁਰਖਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘਾਂ ਤੇ ਹੋਰ ਪਤਵੰਤਿਆਂ ਵੱਲੋਂ ਸਵਾਗਤ ਤੇ ਸਨਮਾਨ ਕੀਤਾ ਜਾਵੇਗਾ। ਵਿਧਾਇਕ ਸੇਖੋਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਬਣਨ ਤੇ ਗੁਰੂ ਸਾਹਿਬ ਪ੍ਰਤੀ ਸ਼ੁਕਰਾਨਾ ਕਰਨ ਦੇ ਉਦੇਸ਼ ਨਾਲ ਇਹ ਯਾਤਰਾ ਕੱਢੀ ਜਾ ਰਹੀ ਹੈ।

8 ਮਈ ਨੂੰ ਇਹ ਯਾਤਰਾ ਮਸਤੂਆਣਾ ਸਾਹਿਬ ਪਹੁੰਚੇਗੀ ਤੇ ਫਿਰ ਪਟਿਆਲਾ ਦੇ ਲਈ ਰਵਾਨਾ ਹੋਵੇਗੀ। 8 ਤੇ 9 ਮਈ ਨੂੰ ਗੁਰਦੁਆਰ ਸ੍ਰੀ ਦੁੱਖ ਨਿਵਾਰਨ ਸਾਹਿਬ ‘ਚ ਧਾਰਮਿਕ ਪ੍ਰੋਗਰਾਮ ਹੋਵੇਗਾ, ਜਿੱਥੇ ਸੀਐਮ ਮਾਨ ਅਰਦਾਸ ਕਰਨਗੇ ਤੇ ਲੋਕਾਂ ਨਾਲ ਮੁਲਾਕਾਤ ਕਰਨਗੇ।

ਇਹ ਯਾਤਰਾ 9 ਮਈ ਨੂੰ ਫਤਿਹਗੜ੍ਹ ਸਾਹਿਬ ਵਿਖੇ ਸੰਪਨ ਹੋਵੇਗੀ, ਮੁੱਖ ਮੰਤਰੀ ਮਾਨ ਇੱਥੇ ਇਸ ਯਾਤਰਾ ਦੀ ਆਖਿਰੀ ਅਰਦਾਸ ਕਰਨਗੇ। ਇਸ ਮੌਕੇ ਯਾਤਰਾ ਦੀ ਰੂਟ ਦੀ ਸੁਰੱਖਿਆ ਲਈ ਪ੍ਰਸ਼ਾਸਨ ਵੱਲੋਂ ਤਿਆਰੀਆਂ ਹੋ ਚੁੱਕੀਆਂ ਹਨ।

Follow Us