ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਜਨਤਾ ਨਾਲ ਜੁੜਨ ਲਈ ਭਾਰਤ ਦੇ ਪਹਿਲੇ AI Enabled ਵੈੱਬ ਪੋਰਟਲ ਨੂੰ ਕੀਤਾ ਲਾਂਚ
MP Satnam Sandhu: ਐੱਮਪੀ ਸੰਧੂ ਨੇ ਦੇਸ਼ ਕਈ ਅਹਿਮ ਮੁੱਦਿਆਂ ਬਾਰੇ ਹੋਈਆਂ ਵਿਚਾਰ ਚਰਚਾਵਾਂ ਵਿਚ ਵੀ ਹਿੱਸਾ ਲਿਆ, ਜਿਨ੍ਹਾਂ ਵਿਚ ਆਪ੍ਰੇਸ਼ਨ ਸਿੰਧੂਰ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਉਪਰੰਤ ਭਾਰਤ ਰਤਨ ਦੇਣ ਦੀ ਮੰਗ, ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾ ਤੇ ਕਬਜ਼ਾ ਕਰਨ ਦੇ ਵੱਧ ਰਹੇ ਮਾਮਲੇ, ਕੇਂਦਰੀ ਬਜਟ 2025-26 ਅਤੇ ਜੰਮੂ-ਕਸ਼ਮੀਰ ਐਪਰੋਪ੍ਰੀਏਸ਼ਨ ਬਿੱਲ ਸ਼ਾਮਲ ਹਨ।
ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਜਨਤਾ ਨਾਲ ਜੁੜਨ ਲਈ ਭਾਰਤ ਦੇ ਪਹਿਲੇ ਏਆਈ-ਈਨੇਬਲਡ ਵੈੱਬ ਪੋਰਟਲ ਲਾਂਚ ਕੀਤਾ ਗਿਆ। ਇਸ ਪੋਰਟਲ ਨੂੰ ਸ਼ੁਰੂ ਲੋਕਾਂ ਦੀ ਰਾਇ, ਸੁਝਾਅ ਅਤੇ ਸ਼ਿਕਾਇਤਾਂ ਨੂੰ ਇੱਕਠਾ ਕਰਕੇ ਸਮਾਰਟ ਤਰੀਕੇ ਨਾਲ ਪਛਾਣ ਕਰਨ ਲਈ ਕੀਤਾ ਗਿਆ ਹੈ। ਤਾਂ ਕਿ ਸਮਾਜ ਦੇ ਹਰ ਵਰਗ ਦੀਆਂ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਐੱਮਪੀ ਸੰਧੂ ਨੇ ਆਪਣੇ ਵੈੱਬ ਪੋਰਟਲ(https://satnamsandhu.in/)ਦੇ ਉਦਘਾਟਨ ਮੌਕੇ ਬੋਲਦਿਆਂ ਕਿਹਾ ਕਿ ਵੈੱਬ ਪੋਰਟਲ ਤੇ ਲੋਕਾਂ ਨਾਲ ਵੱਖਰੇ ਤਰੀਕੇ ਨਾਲ ਜੁੜਨ ਲਈ ਏਆਈ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਵੈੱਬਸਾਈਟ ਦੀ ਏਆਈ ਤਕਨਾਲੋਜੀ ਲੋਕਾਂ ਦੀ ਰਾਇ, ਸੁਝਾਅ ਅਤੇ ਸ਼ਿਕਾਇਤਾਂ ਨੂੰ ਇੱਕਠਾ ਕਰ ਕੇ ਸ਼ਹਿਰੀ ਜਾਂ ਪੇਂਡੂ ਇਲਾਕਿਆਂ ਦੇ ਮੁੱਦਿਆਂ ਜਾਂ ਸਮੱਸਿਆਵਾਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕਰੇਗੀ।
ਇਨ੍ਹਾਂ ਵਿਚ ਸਮਾਜਿਕ ਮੁੱਦੇ ਸਿਹਤ ਸੇਵਾਵਾਂ, ਬੁਨਿਆਦੀ ਸਹੂਲਤਾਂ, ਸਿੱਖਿਆ ਅਤੇ ਮਹਿਲਾ ਸੁਰੱਖਿਆ ਵਰਗੇ ਵੱਖ-ਵੱਖ ਕੈਟਾਗਰੀ ਨੂੰ ਵੰਡਣ ਲਈ ਸਮਾਰਟ ਡਿਟੈਕਸ਼ਨ ਦਾ ਇਸਤੇਮਾਲ ਕਰੇਗਾ। ਇਹ ਸੰਸਦ ਕਿਵੇਂ ਕੰਮ ਕਰਦੀ ਹੈ, ਪ੍ਰਤੀਨਿੱਧੀਆਂ ਦੀ ਭੂਮਿਕਾ, ਸਰਕਾਰੀ ਨੀਤੀਆਂ ਦੇ ਪ੍ਰਭਾਵ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਮੰਚ ਵੀ ਪ੍ਰਦਾਨ ਕਰਨ ਲਈ ਜਾਗਰੂਕਤਾ ਪੈਦਾ ਕਰੇਗਾ।ਇਹ ਪੋਰਟਲ 24 ਘੰਟੇ 12 ਭਾਰਤੀ ਭਾਸ਼ਾਵਾਂ ਵਿਚ ਲੋਕਾਂ ਦੀ ਮਦਦ ਕਰੇਗਾ, ਜਿਸ ਨਾਲ ਘੱਟ ਪੜ੍ਹੇ ਲਿਖੇ ਲੋਕ ਵੀ ਆਪਣੀ ਰਾਇ, ਸੁਝਾਅ ਤੇ ਸ਼ਿਕਾਇਤਾਂ ਬਾਰੇ ਮੈਂਨੂੰ ਜਾਣਕਾਰੀ ਦੇ ਸਕਦੇ ਹਨ।
ਐਮਰਜੈਂਸੀ ਦਾ ਪਤਾ ਲਗਾਉਣ ਵਿਚ ਮਦਦ ਕਰੇਗਾ AI : ਸੰਧੂ
ਇਸ ਪੋਰਟਲ ਦੀ ਏਆਈ ਤਕਨਾਲੋਜੀ ਪੀੜਤ ਵਿਅਕਤੀਆਂ ਦੇ ਰੋਸ਼, ਜਲਦਬਾਜ਼ੀ ਜਾਂ ਪਰੇਸ਼ਾਨੀ ਦੇ ਅਧਾਰ ਤੇ ਇਮੋਸ਼ਨ ਡਿਟੇਕਸ਼ਨ ਰਾਹੀਂ ਕਿਸੇ ਵੀ ਮੁੱਦੇ ਦੀ ਗੰਭੀਰਤਾ ਜਾਂ ਐਮਰਜੈਂਸੀ ਦਾ ਪਤਾ ਲਗਾਉਣ ਵਿਚ ਮਦਦ ਕਰੇਗਾ।ਐੱਮਪੀ ਪਰਫਾਰਮੈਂਸ ਡੈਸ਼ਬੋਰਡ ਲੋਕਾਂ ਨੂੰ ਸੰਸਦ ਵਿਚ ਇੱਕ ਐੱਮਪੀ ਦੇ ਤੌਰ ਤੇ ਮੇਰੀ ਗਤੀਵਿਧੀਆਂ ਨੂੰ ਟ੍ਰੈਕ ਕਰਨ ਲਈ ਮਦਦ ਕਰੇਗਾ। ਇਥੇ ਸੰਸਦ ਵਿਚ ਮੇਰੇ ਵੱਲੋਂ ਪੁੱਛੇ ਗਏੇ ਪ੍ਰਸ਼ਨਾਂ ਅਤੇ ਸਦਨਾਂ ਵਿਚ ਹੋਈਆਂ ਵਿਚਾਰ ਚਰਚਾਵਾਂ ਦੀ ਮੇਰੀ ਭਾਗੀਦਾਰੀ ਦੇ ਵੇਰਵੇ ਪ੍ਰਾਪਤ ਕਰ ਸਕਦੇ ਹਨ।
ਇਹ ਵੈੱਬ ਪੋਰਟਲ ਸ਼ਾਸਨ ਨੂੰ ਪਾਰਦਰਸ਼ੀ, ਜਵਾਬਦੇਹ ਅਤੇ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਚੰਗਾ ਉਪਰਾਲਾ ਹੈ, ਜਿਨ੍ਹਾਂ ਨੂੰ ਲੋਕਾਂ ਦੀਆਂ ਬਰੂਹਾਂ ਤੱਕ ਲਿਆਂਦਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਅਵਾਜ਼ ਸੁਣੀ ਜਾਵੇ ਅਤੇ ਉਸ ਦਾ ਹੱਲ ਕੀਤਾ ਜਾਵੇ। ਮੇਰੇ ਵੈੱਬ ਪੋਰਟਲ (https://satnamsandhu.in/index.php#contactus) ਦੇ ਪੰਨੇ ਤੇ ਸੰਪਰਕ ਕਰ ਕੇ , ਪੰਜਾਬ ਜਾਂ ਹੋਰ ਕਿਤੇ ਵੀ ਰਹਿਣ ਵਾਲੇ ਵਿਅਕਤੀ ਹੁਣ ਸਿੱਧੇ ਤੌਰ ਤੇ ਆਪਣੇ ਕੀਮਤੀ ਸੁਝਾਅ, ਫੀਡਬੈਕ ਜਾਂ ਸੰਦੇਸ਼ ਮੇਰੇ ਨਾਲ ਸਾਂਝੇ ਕਰ ਸਕਦੇ ਹਨ। ਇਹ ਮੈਂਨੂੰ ਲੋਕਾਂ ਦੇ ਮੁੱਖ ਮੁਦਿਆਂ, ਮੰਗਾਂ ਅਤੇ ਲੋਕਾਂ ਦੀ ਪਛਾਣ ਕਰਨ ਵਿਚ ਮਦਦ ਕਰੇਗਾ ਜਿਨ੍ਹਾਂ ਨੂੰ ਮੇਰੇ ਵੱਲੋਂ ਪਹਿਲੇ ਦੇ ਅਧਾਰ ਤੇ ਚੁੱਕਣ ਦੀ ਲੋੜ ਹੈ। ਇਹ ਮੈਨੂੰ ਸੰਸਦ ਵਿਚ ਲੋਕ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਣ ਵਿਚ ਮਦਦ ਕਰੇਗਾ। ਸ਼ੁਰੂਆਤ ਵਿਚ ਲੋਕ ਕੇਂਦਰੀ ਬਜਟ-2026-27 ਲਈ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ।
ਵਿਕਾਸ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕ ਰਹੇ ਹਨ ਸੰਧੂ
ਜਨਵਰੀ 2024 ਵਿਚ ਰਾਸ਼ਟਰਪਤੀ ਵੱਲੋਂ ਸੰਸਦ ਦੇ ਉਪਰਲੇ ਸਦਨ ਲਈ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਤਨਾਮ ਸਿੰਘ ਸੰਧੂ ਦੇ ਦੋ ਸਾਲਾਂ ਦੇ ਕਾਰਜਕਾਲ ਦੀ ਤੁਲਨਾ ਕਰਨ ਤੋਂ ਪਤਾ ਚੱਲਦਾ ਹੈ ਕਿ ਪਹਿਲੀ ਵਾਰ ਰਾਜ ਸਭਾ ਮੈਂਬਰ ਬਣੇ ਸੰਧੂ, ਸੰਸਦ ਦੀ ਕਾਰਵਾਈ ਵਿਚ ਮੋਹਰੀ ਪ੍ਰਦਰਸ਼ਨ ਕਰਨ ਵਾਲੇ ਸੰਸਦ ਮੈਂਬਰਾਂ ਵਿਚੋਂ ਇੱਕ ਹਨ। ਉਨ੍ਹਾਂ ਨੇ ਘੱਟ ਗਿਣਤੀਆਂ, ਪ੍ਰਵਾਸੀ ਭਾਰਤੀਆਂ, ਕਿਸਾਨਾਂ, ਸਿੱਖਿਆ ਖੇਤਰ, ਤਕਨਾਲੋਜੀ, ਹੁਨਰ ਵਿਕਾਸ ਅਤੇ ਚੰਡੀਗੜ੍ਹ ਤੇ ਪੰਜਾਬ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕ ਰਹੇ ਹਨ।
ਇਹ ਵੀ ਪੜ੍ਹੋ
ਇਸ ਸਮੇਂ ਦੌਰਾਨ ਸੰਧੂ ਨੇ ਸਦਨ ਦੀ ਕਾਰਵਾਈ ਚ ਆਪਣੀ ਸਰਗਰਮ ਭਾਗੀਦਾਰੀ ਰਾਹੀਂ ਆਪਣੀਆਂ ਸੰਸਦੀ ਜ਼ਿੰਮੇਵਾਰੀਆਂ ਨੂੰ ਸੁਚੱਜੇ ਢੰਗ ਨਾਲ ਬਾਖੂਬੀ ਨਿਭਾਇਆ ਹੈ। ਉਨ੍ਹਾਂ ਦੀ ਸੰਸਦ ਦੇ ਚਾਰ ਸੈਸ਼ਨਾ ਦੀ ਕਾਰਵਾਈ ਚ 100 ਪ੍ਰਤੀਸ਼ਤ ਹਾਜ਼ਰੀ ਰਹੀ, ਲੋਕਾਂ ਨਾਲ ਜੁੜੇ ਗੰਭੀਰ ਵਿਸ਼ਿਆਂ ਤੇ 150 ਪ੍ਰਸ਼ਨ ਪੁੱਛੇ, ਦੇਸ਼ ਦੇ ਮਹੱਤਵਪੂਰਨ ਮੁੱਦਿਆਂ ਤੇ 35 ਵਿਚਾਰ ਚਰਚਾਵਾਂ ਵਿਚ ਹਿੱਸਾ ਲਿਆ ਅਤੇ 10 ਧਿਆਨ ਦਿਓ ਮੱਤੇ (ਸਪੈਸ਼ਲ ਮੈਨਸ਼ਨ) ਰਾਹੀਂ ਲੋਕਾਂ ਨਾਲ ਜੁੜੇ ਹੋਏ ਮੁੱਦਿਆ ਨੂੰ ਚੁੱਕਿਆ। ਇਸ ਤੋਂ ਇਲਾਵਾ, ਚਾਰ ਪ੍ਰਾਈਵੇਟ ਮੈਂਬਰ ਬਿੱਲ ਨੂੰ ਪੇਸ਼ ਕਰਨਾ ਨੀਤੀ ਨਿਰਮਾਣ ਵਿਚ ਉਨ੍ਹਾਂ ਦੀ ਸਰਗਰਮ ਭੂਮਿਕਾ ਨੂੰ ਦਰਸਾਉਂਦਾ ਹੈ।ਉਨ੍ਹਾਂ ਨੇ ਜ਼ੀਰੋ ਆਵਰ ਦੌਰਾਨ ਲੋਕਾਂ ਨਾਲ ਜੁੜੇ 19 ਅਹਿਮ ਮੁੱਦਿਆਂ ਨੂੰ ਧਿਆਨ ਵਿਚ ਲਿਆਉਂਦਾ ਹੈ। ਐੱਮਪੀ ਸਤਨਾਮ ਸਿੰਘ ਸੰਧੂ ਨੇ ਪਿਛਲੇ 2 ਸਾਲਾਂ ਵਿਚ 41 ਕੇਂਦਰੀ ਮੰਤਰਾਲਿਆਂ ਨਾਲ ਸਬੰਧਤ 150 ਪ੍ਰਭਾਵਸ਼ਾਲੀ ਸਵਾਲ ਪੁੱਛ ਕੇ ਵੱਡੀ ਮਿਸਾਲ ਕਾਇਮ ਕੀਤੀ ਹੈ। ਇਹ ਗਿਣਤੀ 97.7 ਪ੍ਰਸ਼ਨਾਂ ਦੀ ਰਾਸ਼ਟਰੀ ਔਸਤ ਨਾਲੋਂ 53.5 ਪ੍ਰਤੀਸ਼ਤ ਵੱਧ ਹੈ।
ਸੰਧੂ ਨੇ ਸਦਨ ਵਿੱਚ ਚੁੱਕੇ ਅਣਗੋਲੇ ਮੁੱਦੇ
ਐੱਮਪੀ ਸੰਧੂ ਦੇ ਕਈ ਮੁਂੱਦੇ ਅਜਿਹੇ ਵੀ ਮੁੱਦੇ ਸਨ, ਜੋ ਪਹਿਲੀ ਵਾਰ ਸੰਸਦ ਵਿਚ ਚੁੱਕੇ ਗਏ। ਇਨ੍ਹਾਂ ਮੁੱਦਿਆਂ ਵਿਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਬਹਾਲੀ ਦੀ ਮੰਗ, ਘੱਗਰ ਦਰਿਆ ਦਾ ਪੁਨਰ-ਸਰਜੀਤੀਕਰਨ, ਪੰਜਾਬ ਦੀਆਂ ਜਲਗਾਹਾਂ ਵਿਚ ਪ੍ਰਵਾਸੀ ਪੰਛੀਆਂ ਦੀ ਸੁਰੱਖਿਆ, ਜਹਾਜ਼ ਹਵੇਲੀ, ਐੱਨਆਰਈ ਜਾਇਦਾਦਾਂ ਦੇ ਵਿਵਾਦ, ਪੰਜਾਬ ਦੇ ਪੱਛੜੇ ਭਾਈਚਾਰਿਆਂ ਨੂੰ ਕਬਾਇਲੀ ਦਰਜਾ ਦੇਣਾ, ਸਿਕਲੀਗਰ ਸਿੱਖਾਂ ਦਾ ਆਰਥਿਕ ਸੁਧਾਰ, ਸ੍ਰੀ ਅਨੰਦਪੁਰ ਸਾਹਿਬ ਵਿਖੇ ਮਿਲਟਰੀ ਅਕੈਡਮੀ, ਭਾਰਤੀ ਸਿੱਖਿਆ ਸੰਸਥਾਵਾਂ ਦੀ ਗਲੋਬਲ ਰੈਂਕਿੰਗ, ਪੰਜਾਬ ਵਿਚ ਅੰਦਰੂਨੀ ਜਲ ਮਾਰਗ, ਖਰੜ, ਪੰਜਾਬ ਦੇ ਅੱਜ ਸਰੋਵਰ ਤੇ ਰਾਮ ਮੰਦਿਰ ਅਤੇ ਖਰੜ ਰੇਲਵੇ ਸਟੇਸ਼ਨ ਦੀ ਕੂਨੈਕਟੀਵਿਟੀ ਵਰਗੇ ਅਹਿਮ ਵਿਸ਼ੇ ਸ਼ਾਮਲ ਹਨ।
ਐੱਮਪੀ ਸੰਧੂ ਨੇ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਤੇ 54 ਪ੍ਰਸ਼ਨ ਚੁੱਕੇ ਗਏ, ਜੋ ਪੰਜਾਬ ਦੇ ਮਸਲਿਆਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਇਹ ਮੁੱਦੇ ਸਿੱਖਿਆ, ਜੰਗਲਾਂ ਦੀ ਬਹਾਲੀ, ਹੜ੍ਹਾਂ ਦਾ ਮੁਲਾਂਕਣ, ਬਾਇਓ ਐਨਰਜੀ ਪ੍ਰਾਜੈਕਟਾਂ, ਵਾਈਬਰੈਂਟ ਵਿਲੇਜ ਪ੍ਰੋਗਰਾਮ, ਚੰਡੀਗੜ੍ਹ ਵਿਚ ਜਨਤਕ ਆਵਾਜਾਈ ਦੇ ਬੁਨਿਆਦੀ ਢਾਂਚੇ, ਜਲ ਜੀਵਨ ਮਿਸ਼ਨ, ਘੱਗਰ, ਸਤਲੁਜ ਅਤੇ ਬਿਆਸ ਦਰਿਆਵਾਂ ਤੋਂ ਪੈਦਾ ਹੋਣ ਵਾਲੇ ਸਿਹਤ ਖਤਰਿਆਂ, ਮੋਟੇ ਅਨਾਜ (ਮਿਲਟਸ) ਦੀ ਖੇਤੀ ਅਤੇ ਵਰਤੋਂ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੇ ਵਿਕਾਸ, ਗਲਘੋਟੂ ਦੇ ਮਾਮਲਿਆਂ ਦੇ ਫੈਲਾਅ, ਖੇਲੋ ਇੰਡੀਆ ਸਕੀਮ, ਨਵੀਂ ਅਤੇ ਨਵਿਆਉਣਯੋਗ ਉਰਜਾ ਦੇ ਉਤਪਾਦਨ, ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਦੇ ਪ੍ਰਸਾਰ, ਚੰਡੀਗੜ੍ਹ ਮੈਟਰੋ ਪ੍ਰਾਜੈਕਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵਿਕਾਸ ਅਤੇ ਨਵੀਂਨੀਕਰਨ, ਜੀਵ-ਜੰਤੂਆਂ ਅਤੇ ਬਨਸਪਤੀ, ਜਬਤ ਕੀਤੇ ਨਸ਼ੀਲੇ ਪਦਾਰਥ, ਪੰਜਾਬ ਤੇ ਵੱਧ ਰਹੇ ਕਰਜ਼ੇ ਤੇ ਟੈਕਸਟਾਈਲ (ਕੱਪੜਾ) ਉਦਯੋਗ ਨਾਲ ਸਬੰਧਤ ਹਨ।
ਗੁਆਂਢੀ ਮੁਲਕਾਂ ਚ ਘੱਟ ਗਿਣਤੀਆਂ ਤੇ ਹਮਲਿਆਂ ਤੇ ਜਤਾਈ ਚਿੰਤਾ
ਐੱਮਪੀ ਸੰਧੂ ਨੇ ਪੰਜਾਬ ਦੇ ਕਿਸਾਨਾਂ ਨੂੰ ਮਿਲਣ ਵਾਲੀ ਐੱਮਐੱਸਪੀ, ਪੰਜਾਬ ਵਿਚ ਰਸਾਇਣਿਕ ਖਾਦਾਂ ਦੀ ਵਰਤੋਂ, ਕਿਸਾਨਾਂ ਲਈ ਸਬਸਿਡੀ ਨਾਲ ਸਬੰਧਤ ਸਕੀਮਾਂ ਅਤੇ ਖਾਦਾਂ ਤੇ ਨਿਰਭਰਤਾ ਬਾਰੇ ਪ੍ਰਸ਼ਨ ਪੁੱਛ ਕੇ ਸੰਸਦ ਵਿਚ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਵੀ ਚੁੱਕੇ ਗਏ। ਉਨ੍ਹਾਂ ਸਿੱਖ ਭਾਈਚਾਰੇ ਨਾਲ ਸਬੰਧਤ 11 ਪ੍ਰਸ਼ਨ ਵੀ ਪੁੱਛੇ, ਜਿਨ੍ਹਾਂ ਵਿਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਦਿਹਾੜਾ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਸਿੱਖ ਭਾਈਚਾਰੇ ਤੇ ਹੋ ਰਹੇ ਅੱਤਿਆਚਾਰ, ਸਿਕਲੀਗਰ ਸਿੱਖ ਭਾਈਚਾਰੇ ਦੀ ਹਥਿਆਰਾਂ ਤੇ ਲੋਹੇ ਦੀ ਕਲਾ (ਸ਼ਸਤਰ ਕਲਾ) ਦੀ ਸੰਭਾਲ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਰੇਲ ਕੂਨੈਕਟੀਵਿਟੀ, ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਭਾਰਤੀ ਸ਼ਰਧਾਲੂਆਂ ਦੇ ਦਾਖਲੇ ਤੇ ਰੋਕ ਵਰਗੇ ਅਹਿਮ ਵਿਸ਼ੇ ਸ਼ਾਮਲ ਸਨ।
ਐੱਮਪੀ ਸੰਧੂ ਨੇ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਮੁੱਦਿਆਂ ਨੂੰ ਵੀ ਸੰਸਦ ਵਿਚ ਚੁੱਕਿਆ ਹੈ। ਇਸ ਵਿਚ ਪੀਐੱਮ ਆਵਾਸ ਯੋਜਨਾ ਦੇ ਘੱਟ ਗਿਣਤੀਆਂ ਤੇ ਪ੍ਰਭਾਵ, ਘੱਟ ਗਿਣਤੀ ਭਾਈਚਾਰਿਆਂ ਲਈ ਸਿੱਖਿਆ ਸਹੂਲਤਾਂ ਅਤੇ ਉਨ੍ਹਾਂ ਲਈ ਹੁਨਰ ਵਿਕਾਸ ਅਤੇ ਉੱਦਮਤਾ ਪ੍ਰੋਗਰਾਮਾਂ ਨਾਲ ਸਬੰਧਤ ਪ੍ਰਸ਼ਨ ਵੀ ਪੁੱਛੇ ਗਏ।ਇਸ ਦੌਰਾਨ ਐੱਮਪੀ ਸੰਧੂ ਨੇ ਸੰਸਦ ਵਿਚ 35 ਵਿਚਾਰ ਚਰਚਾਵਾਂ ਵਿਚ ਹਿੱਸਾ ਲਿਆ, ਜਿਨ੍ਹਾਂ ਵਿਚੋਂ 14 ਪੰਜਾਬ ਨਾਲ ਸਬੰਧਤ ਸਨ। ਉਨ੍ਹਾਂ ਨੇ 2 ਜਲ ਸ਼ਕਤੀ, 2 ਸੱਭਿਆਚਾਰਕ, ਗ੍ਰਹਿ ਮਾਮਲੇ, ਸੈਰ-ਸਪਾਟਾ, ਰੇਲਵੇ, ਸੁਰੱਖਿਆ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਚ ਇੱਕ-ਇੱਕ ਮੰਤਰਾਲਿਆ ਨਾਲ ਸਬੰਧਤ 10 ਧਿਆਨ ਦਿਓ ਮੱਤੇ (ਸਪੈਸ਼ਲ ਮੈਨਸ਼ਨ) ਰਾਹੀਂ ਪੰਜਾਬ ਅਤੇ ਦੇਸ਼ ਦੇ ਅਹਿਮ ਮੁੱੱਦੇ ਚੁੱਕੇ ਗਏ।
ਪੰਜਾਬ ਨਾਲ ਸਬੰਧਤ ਮੁੱਦਿਆਂ ਤੇ ਦੁਆਇਆ ਧਿਆਨ
ਰਾਜ ਸਭਾ ਵਿਚ ਵਿਚਾਰ ਚਰਚਾਵਾਂ ਅਤੇ ਧਿਆਨ ਦਿਓ ਮੱਤੇ (ਸਪੈਸ਼ਲ ਮੈਨਸ਼ਨ) ਦੌਰਾਨ ਸੰਸਦ ਮੈਂਬਰ ਸੰਧੂ ਵੱਲੋਂ ਪੰਜਾਬ ਨਾਲ ਸਬੰਧਤ ਮੁੱਦਿਆਂ ਵਿਚ ਪੰਜਾਬ ਦੇ ਜ਼ਮੀਨੀ ਪਾਣੀ ਵਿਚ ਯੂਰੇਨੀਅਮ, ਨਾਈਟ੍ਰੇਟ ਅਤੇ ਹੋਰ ਪ੍ਰਦੂਸ਼ਣ ਦਾ ਚਿੰਤਾਜਨਕ ਵਾਧਾ, ਪੰਜਾਬ ਵਿਚ ਸਕਾਲਰਸ਼ਿਪ ਦੇ ਬਕਾਏ ਜਾਰੀ ਕਰਨਾ, ਡੰਕੀ ਰੂਟਾਂ ਰਾਹੀਂ ਭਾਰਤੀ ਨੌਜਵਾਨਾਂ ਦੀ ਤਸਕਰੀ ਤੇ ਉਨ੍ਹਾਂ ਨੂੰ ਵਿਦੇਸ਼ੀ ਜੰਗਾਂ ਵਿਚ ਜਬਰੀ ਧੱਕਣਾ, ਸਾਰੀਆਂ ਖੇਤੀ ਉਪਜਾਂ ਲਈ ਅਤਿ-ਆਧੁਨਿਕ ਸਟੋਰੇਜ ਸਹੂਲਤਾਂ ਦੀ ਉਸਾਰੀ, ਲੁਧਿਆਣਾ ਦੇ ਬੁੱਢੇ ਦਰਿਆ ਵਿਚ ਪ੍ਰਦੂਸ਼ਣ ਦਾ ਚਿੰਤਾਜਨਕ ਵਾਧਾ, ਪੰਜਾਬ ਵਿਚ ਭਗਵਾਨ ਸ੍ਰੀ ਰਾਮ ਨਾਲ ਸਬੰਧਤ ਤੀਰਥ ਅਸਥਾਨਾਂ ਦੀ ਮੁੜ ਸਿਰਜਣਾ, ਪੰਜਾਬ ਦੀ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਉਪ-ਬੋਲੀਆਂ ਦੀ ਸੰਭਾਲ ਅਤੇ ਪ੍ਰਵਾਸੀ ਪੰਛੀਆਂ ਦੇ ਸਮੁੱਚੇ ਵਾਤਾਵਰਣ ਨੂੰ ਬਚਾਉਣ ਲਈ ਪੰਜਾਬ ਦੀਆਂ ਜਲਗਾਹਾਂ ਦੀ ਸਾਂਭ ਸੰਭਾਲ ਸ਼ਾਮਲ ਹਨ।
ਸਤਨਾਮ ਸਿੰਘ ਸੰਧੂ ਨੇ ਚਾਰ ਪ੍ਰਾਈਵੇਟ ਮੈਂਬਰ ਬਿੱਲ ਵੀ ਪੇਸ਼ ਕੀਤੇ, ਜਦੋਂਕਿ ਸੰਸਦ ਮੈਂਬਰਾਂ ਵੱਲੋਂ ਪੇਸ਼ ਕੀਤੇ ਗਏ ਅਜਿਹੇ ਬਿੱਲਾਂ ਦੀ ਰਾਸ਼ਟਰੀ ਔਸਤ ਸਿਰਫ 0.4 ਪ੍ਰਤੀਸ਼ਤ ਹੈ।ਇਨ੍ਹਾਂ ਚਾਰ ਬਿੱਲਾਂ ਵਿਚ ਦਰਿਆਵਾਂ ਨੂੰ ਕਾਨੂੰਨੀ ਦਰਜਾ ਪ੍ਰਦਾਨ ਕਰਨ ਲਈ ਦਰਿਆਵਾਂ ਨੂੰ ਕਾਨੂੰਨੀ ਸ਼ਖ਼ਸੀਅਤ ਦਾ ਦਰਜਾ ਦੇਣ ਵਾਲਾ ਬਿੱਲ-2024, ਕਿਸਾਨਾਂ ਨੂੰ ਲਾਜ਼ਮੀ ਬੀਮਾਂ ਤੇ ਮੁਆਵਜ਼ਾ ਪ੍ਰਦਾਨ ਕਰਨ ਲਈ ਕਿਸਾਨ ਜੀਵਨ ਸੁਰੱਖਿਆ ਅਤੇ ਦੁਰਘਟਨਾ ਪ੍ਰਤੀਪੂਰਤੀ ਵਿਧੇਅਕ (ਬਿੱਲ)-2025, ਉਚੇਰੀ ਸਿਂਖਿਆ ਸੰਸਥਾਵਾਂ ਦੀ ਰੈਂਕਿੰਗ ਅਤੇ ਮਾਨਤਾ ਲਈ ਇੱਕ ਅਥਾਰਟੀ ਸਥਾਪਤ ਕਰਨ ਲਈ ਉਚੇਰੀਆਂ ਸਿੱਖਿਆ ਸੰਸਥਾਵਾਂ ਲਈ ਰਾਸ਼ਟਰੀ ਰੈਂਕਿੰਗ ਅਤੇ ਮਾਨਤਾ ਅਥਾਰਟੀ ਬਿੱਲ-2025 ਅਤੇ ਪ੍ਰਵਾਸੀ ਭਾਰਤੀਆਂ ਦੇ ਹੁਨਰ, ਪ੍ਰਤੀਭਾ ਅਤੇ ਸਰੋਤਾਂ ਨੂੰ ਜੁਟਾਊਣ ਲਈ ਇੱਕ ਅਥਾਰਿਟੀ ਦੀ ਸਥਾਪਨਾ ਲਈ ਪ੍ਰਵਾਸੀ ਭਾਰਤੀ ਕੌਸ਼ਲ ਅਤੇ ਪ੍ਰਤਿਭਾ ਪ੍ਰੇਰਕ ਵਿਧੇਅਕ-2025 ਨੂੰ ਪੇਸ਼ ਕੀਤਾ।


