PM Modi ਦੀ ਤਾਰੀਫ਼ ਸੁਣ ਕੇ ਭਾਵੁਕ ਹੋਏ ਬਰੂਮ ਵਾਰੀਅਰ ਇੰਦਰਜੀਤ ਸਿੱਧੂ, ਬੋਲੇ- ਮੋਦੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ

Updated On: 

17 Jul 2026 20:06 PM IST

ਚੰਡੀਗੜ੍ਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਜਨਤਕ ਮੰਚ ਤੋਂ ਸ਼ਲਾਘਾ ਕੀਤੇ ਜਾਣ ਤੋਂ ਬਾਅਦ 'ਬਰੂਮ ਵਾਰੀਅਰ' ਦੇ ਨਾਮ ਨਾਲ ਮਸ਼ਹੂਰ ਸੇਵਾਮੁਕਤ ਆਈ.ਪੀ.ਐਸ. ਅਧਿਕਾਰੀ ਅਤੇ ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਇੰਦਰਜੀਤ ਸਿੰਘ ਸਿੱਧੂ ਭਾਵੁਕ ਹੋ ਗਏ।

PM Modi ਦੀ ਤਾਰੀਫ਼ ਸੁਣ ਕੇ ਭਾਵੁਕ ਹੋਏ ਬਰੂਮ ਵਾਰੀਅਰ ਇੰਦਰਜੀਤ ਸਿੱਧੂ, ਬੋਲੇ- ਮੋਦੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ

ਚੰਡੀਗੜ੍ਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਜਨਤਕ ਮੰਚ ਤੋਂ ਸ਼ਲਾਘਾ ਕੀਤੇ ਜਾਣ ਤੋਂ ਬਾਅਦ ‘ਬਰੂਮ ਵਾਰੀਅਰ’ ਦੇ ਨਾਮ ਨਾਲ ਮਸ਼ਹੂਰ ਸੇਵਾਮੁਕਤ ਆਈ.ਪੀ.ਐਸ. ਅਧਿਕਾਰੀ ਅਤੇ ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਇੰਦਰਜੀਤ ਸਿੰਘ ਸਿੱਧੂ ਭਾਵੁਕ ਹੋ ਗਏ। ਪੰਜਾਬ ਇੰਜੀਨੀਅਰਿੰਗ ਕਾਲਜ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਪਿਛਲੇ ਤਿੰਨ ਦਹਾਕਿਆਂ ਤੋਂ ਚੱਲ ਰਹੀ ਸਵੱਛਤਾ ਮੁਹਿੰਮ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਜਨਤਕ ਸੇਵਾ ਦੀ ਇੱਕ ਵੱਡੀ ਮਿਸਾਲ ਦੱਸਿਆ।

ਪ੍ਰਧਾਨ ਮੰਤਰੀ ਵੱਲੋਂ ਮਿਲੇ ਇਸ ਮਾਣ-ਸਨਮਾਨ ‘ਤੇ ਭਾਵੁਕ ਹੁੰਦਿਆਂ ਇੰਦਰਜੀਤ ਸਿੰਘ ਸਿੱਧੂ ਨੇ ਕ੍ਰਿਤਗਤਾ ਪ੍ਰਗਟਾਈ। ਉਨ੍ਹਾਂ ਕਹਾ, “ਮੈਂ ਮੋਦੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਇੰਨਾ ਵੱਡਾ ਸਨਮਾਨ ਦਿੱਤਾ ਹੈ। ਪਹਿਲਾਂ ਵੀ ਉਹ ਮੈਨੂੰ ਦਿੱਲੀ ਵਿੱਚ ਕਹਿੰਦੇ ਹੁੰਦੇ ਸਨ ਕਿ ਤੂੰ ਤਾਂ ਪੂਰਾ ਚੰਡੀਗੜ੍ਹ ਸਾਫ਼ ਕਰ ਦਿੱਤਾ ਹੈ। ਮੈਂ ਉਸ ਸਮੇਂ ਵੀ ਉਨ੍ਹਾਂ ਨੂੰ ਕਿਹਾ ਸੀ ਕਿ ਅਸੀਂ ਛੋਟੇ ਆਦਮੀ ਹਾਂ, ਥੋੜ੍ਹਾ-ਬਹੁਤ ਕੰਮ ਕਰ ਸਕਦੇ ਹਾਂ, ਕੋਈ ਬਹੁਤ ਵੱਡਾ ਕਾਰਜ ਨਹੀਂ ਕੀਤਾ। ਅੱਜ ਉਨ੍ਹਾਂ ਨੇ ਮੈਨੂੰ ਫਿਰ ਯਾਦ ਕੀਤਾ ਹੈ, ਇਸ ਲਈ ਮੈਂ ਉਨ੍ਹਾਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦੀ ਹਾਂ।”

ਪੀ.ਐਮ. ਮੋਦੀ ਨੇ ਮੰਚ ਤੋਂ ਕੀਤੀ ਸ਼ਲਾਘਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟ੍ਰਾਈਸਿਟੀ (ਚੰਡੀਗੜ੍ਹ, ਮੋਹਾਲੀ, ਪੰਚਕੂਲਾ) ਲਈ 4700 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿੱਚ ਵਿਸ਼ੇਸ਼ ਤੌਰ ‘ਤੇ ਸਿੱਧੂ ਦਾ ਜ਼ਿਕਰ ਕੀਤਾ। ਪੀ.ਐਮ. ਮੋਦੀ ਨੇ ਕਿਹਾ ਕਿ ਚੰਡੀਗੜ੍ਹ ਦੇ ਸੇਵਾਮੁਕਤ ਆਈ.ਪੀ.ਐਸ. ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਅੱਜ ਦੇ ਸਮੇਂ ਵਿੱਚ ‘ਬਰੂਮ ਵਾਰੀਅਰ’ ਦੇ ਨਾਮ ਨਾਲ ਜਾਣੇ ਜਾਂਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਸਿੱਧੂ ਦੇ ਸਵੱਛਤਾ ਪ੍ਰਤੀ ਇਸ ਬੇਮਿਸਾਲ ਸਮਰਪਣ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਸ ਸਾਲ ਉਨ੍ਹਾਂ ਨੂੰ ‘ਪਦਮ ਸ਼੍ਰੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਵੱਛਤਾ ਕੇਵਲ ਇੱਕ ਮੁਹਿੰਮ ਨਹੀਂ ਹੈ, ਬਲਕਿ ਇਹ ਜੀਵਨ ਜਿਊਣ ਦਾ ਇੱਕ ਤਰੀਕਾ ਹੈ। ਸਿੱਧੂ ਦੇ ਤਿੰਨ ਦਹਾਕਿਆਂ ਲੰਬੇ ਯਤਨਾਂ ਨੇ ਸਮਾਜ ਨੂੰ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਸਫ਼ਾਈ ਰੱਖਣਾ ਕੇਵਲ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਬਲਕਿ ਇਹ ਸਮਾਜ ਦੇ ਹਰ ਇੱਕ ਨਾਗਰਿਕ ਦਾ ਪਰਮ ਕਰਤੱਵ ਹੈ।

30 ਸਾਲਾਂ ਤੋਂ ਨਿਰੰਤਰ ਚਲਾ ਰਹੇ ਹਨ ਸਵੱਛਤਾ ਮੁਹਿੰਮ

ਜੇਕਰ ਇੰਦਰਜੀਤ ਸਿੰਘ ਸਿੱਧੂ ਦੇ ਸਫ਼ਰ ‘ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਸਾਲ 1963 ਵਿੱਚ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਸਾਲ 1996 ਵਿੱਚ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਦੇ ਵੱਕਾਰੀ ਅਹੁਦੇ ਤੋਂ ਸੇਵਾਮੁਕਤ ਹੋਏ। ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਆਰਾਮ ਕਰਨ ਦੀ ਬਜਾਏ ਜਨਤਕ ਸਥਾਨਾਂ ਦੀ ਸਫ਼ਾਈ ਕਰਨ ਨੂੰ ਹੀ ਆਪਣੀ ਜ਼ਿੰਦਗੀ ਦਾ ਮੁੱਖ ਮਿਸ਼ਨ ਬਣਾ ਲਿਆ। ਪਿਛਲੇ ਕਰੀਬ 30 ਸਾਲਾਂ ਤੋਂ ਉਹ ਰੋਜ਼ਾਨਾ ਸਵੇਰੇ ਛੇ ਵਜੇ ਹੱਥ ਵਿੱਚ ਝਾੜੂ ਅਤੇ ਕੂੜਾ ਚੁੱਕਣ ਵਾਲੀ ਰੇਹੜੀ ਲੈ ਕੇ ਨਿਕਲਦੇ ਹਨ ਅਤੇ ਸ਼ਹਿਰ ਦੀਆਂ ਸੜਕਾਂ, ਪਾਰਕਾਂ ਅਤੇ ਹੋਰ ਜਨਤਕ ਥਾਵਾਂ ਦੀ ਖ਼ੁਦ ਸਫ਼ਾਈ ਕਰਦੇ ਹਨ।

ਇਸੇ ਸਾਲ ਮਿਲਿਆ ‘ਪਦਮ ਸ਼੍ਰੀ’ ਸਨਮਾਨ

ਸਵੱਛਤਾ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਗਏ ਇਸੇ ਲਾਮਿਸਾਲ ਯੋਗਦਾਨ ਲਈ ਭਾਰਤ ਸਰਕਾਰ ਵੱਲੋਂ ਸਾਲ 2026 ਵਿੱਚ ਉਨ੍ਹਾਂ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ‘ਪਦਮ ਸ਼੍ਰੀ’ ਨਾਲ ਨਿਵਾਜਿਆ ਗਿਆ। ਬੀਤੀ 23 ਜੂਨ ਨੂੰ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਦੌਰਾਨ ਦੇਸ਼ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਉਨ੍ਹਾਂ ਨੂੰ ਇਹ ਸਨਮਾਨ ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਚੰਡੀਗੜ੍ਹ ਵਿੱਚ ਚੱਲ ਰਹੀ ਸਵੱਛਤਾ ਮੁਹਿੰਮ ਦੀ ਵੀ ਤਾਰੀਫ਼ ਕੀਤੀ ਅਤੇ ਕਿਹਾ ਕਿ ਸ਼ਹਿਰ ਦੇ ਲੋਕਾਂ ਅਤੇ ਜਨਪ੍ਰਤੀਨਿਧੀਆਂ ਨੇ ਮਿਲ ਕੇ ਇਸ ਨੂੰ ਇੱਕ ਸੱਚੇ ਜਨ ਅੰਦੋਲਨ ਦਾ ਰੂਪ ਦੇ ਦਿੱਤਾ ਹੈ।

Follow Us