ਪੰਚਕੂਲਾ ਦੇ ਮੰਦਰ ‘ਚੋਂ ਸੋਨੇ ਦਾ ਕੜਾ ਚੋਰੀ ਕਰਨ ਵਾਲੀ ਔਰਤ ਕਾਬੂ, 70 ਸਾਲਾ ਬਜ਼ੁਰਗ ਨਿਕਲੀ ਗੈਂਗ ਦੀ ਸਰਗਨਾ; ਸਾਥੀ ਵੀ ਗ੍ਰਿਫ਼ਤਾਰ
ਪੰਚਕੂਲਾ ਦੇ ਮਸ਼ਹੂਰ ਪਟਿਆਲਾ ਮੰਦਰ ਵਿਖੇ ਇੱਕ ਮਹਿਲਾ ਸ਼ਰਧਾਲੂ ਦੇ ਹੱਥੋਂ ਸੋਨੇ ਦਾ ਕੜਾ ਚੋਰੀ ਹੋਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਹੈਰਾਨੀਜਨਕ ਖ਼ੁਲਾਸਾ ਕੀਤਾ ਗਿਆ ਹੈ। ਪੁਲਿਸ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀਆਂ ਔਰਤਾਂ ਨੇ ਬਕਾਇਦਾ ਇੱਕ ਸੰਗਠਿਤ ਗਿਰੋਹ ਤਿਆਰ ਕੀਤਾ ਹੋਇਆ ਸੀ, ਜਿਸ ਦੀ ਮੁੱਖ ਸਰਗਨਾ 70 ਸਾਲਾ ਲਕਸ਼ਮੀ ਕੌਰ ਹੈ।
ਪੰਚਕੂਲਾ ਦੇ ਮਸ਼ਹੂਰ ਪਟਿਆਲਾ ਮੰਦਰ ਵਿਖੇ ਇੱਕ ਮਹਿਲਾ ਸ਼ਰਧਾਲੂ ਦੇ ਹੱਥੋਂ ਸੋਨੇ ਦਾ ਕੜਾ ਚੋਰੀ ਹੋਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਹੈਰਾਨੀਜਨਕ ਖ਼ੁਲਾਸਾ ਕੀਤਾ ਗਿਆ ਹੈ। ਪੁਲਿਸ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀਆਂ ਔਰਤਾਂ ਨੇ ਬਕਾਇਦਾ ਇੱਕ ਸੰਗਠਿਤ ਗਿਰੋਹ ਤਿਆਰ ਕੀਤਾ ਹੋਇਆ ਸੀ, ਜਿਸ ਦੀ ਮੁੱਖ ਸਰਗਨਾ 70 ਸਾਲਾ ਲਕਸ਼ਮੀ ਕੌਰ ਹੈ।
ਮੂਲ ਰੂਪ ਵਿੱਚ ਪੰਜਾਬ ਦੀ ਵਸਨੀਕ ਲਕਸ਼ਮੀ ਕੌਰ ਪਹਿਲਾਂ ਨਸ਼ਾ ਅਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਦੇ ਧੰਦੇ ਵਿੱਚ ਸਰਗਰਮ ਸੀ। ਨਸ਼ਾ ਤਸਕਰੀ ਦੇ ਵੱਖ-ਵੱਖ ਮਾਮਲਿਆਂ ਵਿੱਚ ਜੇਲ੍ਹ ਕੱਟਣ ਤੋਂ ਬਾਅਦ ਉਸ ਨੇ ਤਸਕਰੀ ਦਾ ਕੰਮ ਛੱਡ ਕੇ ਆਪਣੀਆਂ ਨਜ਼ਦੀਕੀ ਰਿਸ਼ਤੇਦਾਰ ਔਰਤਾਂ ਨੂੰ ਇਕੱਠਾ ਕਰਕੇ ਚੋਰੀਆਂ ਕਰਨ ਦਾ ਇੱਕ ਨਵਾਂ ਗਿਰੋਹ ਖੜ੍ਹਾ ਕਰ ਲਿਆ। ਇਸ ਗੈਂਗ ਦਾ ਮੁੱਖ ਨਿਸ਼ਾਨਾ ਭੀੜ-ਭੜੱਕੇ ਵਾਲੇ ਮੰਦਰ ਹੁੰਦੇ ਸਨ, ਜਿੱਥੇ ਸ਼ਰਧਾਲੂ ਔਰਤਾਂ ਨੂੰ ਭੀੜ ਵਿੱਚ ਘੇਰ ਕੇ ਬੜੀ ਚਲਾਕੀ ਨਾਲ ਉਨ੍ਹਾਂ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਜਾਂਦੇ ਸਨ।
ਪੰਚਕੂਲਾ ਦੇ ਮੰਦਰ ਚੋਂ 3 ਤੋਲੇ ਦਾ ਸੋਨੇ ਦਾ ਕੜਾ ਕੀਤਾ ਸੀ ਗਾਇਬ
ਇਸੇ ਗਿਰੋਹ ਨੇ 26 ਮਾਰਚ 2026 ਨੂੰ ਪੰਚਕੂਲਾ ਦੇ ਮਨਸਾ ਦੇਵੀ ਕੰਪਲੈਕਸ ਸਥਿਤ ਪਟਿਆਲਾ ਮੰਦਰ ਵਿਖੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸੈਕਟਰ-4 ਪੰਚਕੂਲਾ ਦਾ ਇੱਕ ਵਸਨੀਕ ਆਪਣੀ ਪਤਨੀ ਨਾਲ ਮੰਦਰ ਵਿੱਚ ਭੰਡਾਰੇ ਦਾ ਭੋਗ ਲਗਾਉਣ ਪਹੁੰਚਿਆ ਸੀ। ਭੰਡਾਰੇ ਦੌਰਾਨ ਭਾਰੀ ਭੀੜ ਦਾ ਲਾਹਾ ਲੈਂਦਿਆਂ ਇਸ ਗਿਰੋਹ ਦੀਆਂ ਔਰਤਾਂ ਨੇ ਸ਼ਰਧਾਲੂ ਮਹਿਲਾ ਨੂੰ ਘੇਰ ਲਿਆ ਅਤੇ ਬੜੀ ਸਫ਼ਾਈ ਨਾਲ ਉਸ ਦੇ ਹੱਥੋਂ ਕਰੀਬ 3 ਤੋਲੇ ਦਾ ਸੋਨੇ ਦਾ ਕੜਾ ਉਤਾਰ ਲਿਆ।
ਕੁਝ ਦੇਰ ਮਗਰੋਂ ਜਦੋਂ ਮਹਿਲਾ ਨੂੰ ਆਪਣਾ ਹੱਥ ਹਲਕਾ ਮਹਿਸੂਸ ਹੋਇਆ ਅਤੇ ਉਸ ਨੇ ਧਿਆਨ ਦਿੱਤਾ ਤਾਂ ਕੜਾ ਗਾਇਬ ਸੀ। ਮਹਿਲਾ ਵੱਲੋਂ ਤੁਰੰਤ ਰੌਲਾ ਪਾਉਣ ‘ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮੰਦਰ ਵਿੱਚ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਗਾਲੀ, ਜਿਸ ਵਿੱਚ ਲਕਸ਼ਮੀ ਕੌਰ ਅਤੇ ਉਸ ਦੇ ਨਾਲ ਆਈਆਂ ਹੋਰ ਔਰਤਾਂ ਸ਼ੱਕੀ ਹਾਲਤ ਵਿੱਚ ਨਜ਼ਰ ਆਈਆਂ।
ਤਲਾਸ਼ੀ ਮਗਰੋਂ ਪੰਜਾਬ ਪਹੁੰਚੀ ਪੁਲਿਸ
ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ਤੇ ਪੁਲਿਸ ਨੇ ਸ਼ੱਕੀ ਔਰਤਾਂ ਦੀ ਪਛਾਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ। ਕਈ ਦਿਨਾਂ ਦੀ ਤਕਨੀਕੀ ਅਤੇ ਗੁਪਤ ਪੜਤਾਲ ਤੋਂ ਬਾਅਦ ਪੁਲਿਸ ਨੂੰ ਸੁਰਾਗ ਮਿਲਿਆ ਕਿ ਇਸ ਵਾਰਦਾਤ ਦੇ ਤਾਰ ਪੰਜਾਬ ਨਾਲ ਜੁੜੇ ਹੋਏ ਹਨ। ਜਦੋਂ ਪੁਲਿਸ ਟੀਮਾਂ ਨੇ ਪੰਜਾਬ ਵਿੱਚ ਇਨ੍ਹਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਸ਼ੁਰੂ ਕੀਤੀ, ਤਾਂ ਗ੍ਰਿਫ਼ਤਾਰੀ ਦੇ ਡਰੋਂ ਮੁਲਜ਼ਮ ਔਰਤਾਂ ਨੇ ਪੰਚਕੂਲਾ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕਰ ਦਿੱਤੀ।
ਇਹ ਵੀ ਪੜ੍ਹੋ
ਹਾਲਾਂਕਿ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਅਜਿਹੇ ਆਦੀ ਅਪਰਾਧੀਆਂ ਨੂੰ ਅਗਾਊਂ ਜ਼ਮਾਨਤ ਦੇਣਾ ਨਿਆਂ ਦੇ ਹਿੱਤ ਵਿੱਚ ਨਹੀਂ ਹੋਵੇਗਾ, ਕਿਉਂਕਿ ਇਸ ਨਾਲ ਸਮਾਜ ਵਿੱਚ ਅਪਰਾਧਿਕ ਬਿਰਤੀਆਂ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਹੋਰ ਉਤਸ਼ਾਹ ਮਿਲੇਗਾ।
ਨਵੀਂ ਵਾਰਦਾਤ ਦੀ ਫ਼ਿਰਾਕ ਚ ਜ਼ੀਰਕਪੁਰ ਪੁੱਜੀਆਂ, ਪੁਲਿਸ ਨੇ ਕੀਤਾ ਕਾਬੂ
ਅਦਾਲਤ ਵੱਲੋਂ ਜ਼ਮਾਨਤ ਰੱਦ ਹੋਣ ਦੇ ਬਾਵਜੂਦ ਲਕਸ਼ਮੀ ਕੌਰ ਅਤੇ ਉਸ ਦੀ ਸਾਥਣ ਕਰਮਜੀਤ ਕੌਰ ਕਿਸੇ ਨਵੀਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਜ਼ੀਰਕਪੁਰ ਆ ਪਹੁੰਚੀਆਂ। ਇਸ ਦੌਰਾਨ ਪੰਚਕੂਲਾ ਕ੍ਰਾਈਮ ਬ੍ਰਾਂਚ-3 ਦੀ ਟੀਮ ਨੂੰ ਪੁਖ਼ਤਾ ਗੁਪਤ ਸੂਚਨਾ ਮਿਲੀ ਕਿ ਦੋਵੇਂ ਮੁਲਜ਼ਮ ਔਰਤਾਂ ਜ਼ੀਰਕਪੁਰ ਇਲਾਕੇ ਵਿੱਚ ਸਰਗਰਮ ਹਨ।
ਸੂਚਨਾ ਮਿਲਦੇ ਹੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਘੇਰਾਬੰਦੀ ਕਰਕੇ ਲਕਸ਼ਮੀ ਕੌਰ ਅਤੇ ਕਰਮਜੀਤ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਦੋਵਾਂ ਨੂੰ ਪੰਚਕੂਲਾ ਲੈ ਆਈ ਅਤੇ ਰਿਮਾਂਡ ਹਾਸਲ ਕਰਕੇ ਬਰਾਮਦਗੀ ਅਤੇ ਪੜਤਾਲ ਦੇ ਸਿਲਸਿਲੇ ਵਿੱਚ ਉਨ੍ਹਾਂ ਦੇ ਘਰਾਂ ਵਿੱਚ ਵੀ ਤਲਾਸ਼ੀ ਲਈ ਗਈ।
ਸਰਗਨਾ ਤੇ 10 ਅਤੇ ਸਾਥਣ ਤੇ ਦਰਜ ਹਨ 4 ਅਪਰਾਧਿਕ ਮਾਮਲੇ
ਪੁਲਿਸ ਰਿਕਾਰਡ ਅਨੁਸਾਰ ਫੜੀਆਂ ਗਈਆਂ ਦੋਵੇਂ ਔਰਤਾਂ ਪੁਰਾਣੀਆਂ ਹਿਸਟਰੀ ਸ਼ੀਟਰ ਹਨ। 70 ਸਾਲਾ ਲਕਸ਼ਮੀ ਕੌਰ ਖ਼ਿਲਾਫ਼ ਚੋਰੀ, ਨਸ਼ਾ ਤਸਕਰੀ ਅਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਨਾਲ ਸਬੰਧਤ ਕਰੀਬ 10 ਅਪਰਾਧਿਕ ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਇਸ ਦੇ ਨਾਲ ਹੀ ਉਸ ਦੀ ਮੁੱਖ ਸਾਥਣ 58 ਸਾਲਾ ਕਰਮਜੀਤ ਕੌਰ ਉਰਫ਼ ਗੁੱਡੀ ਖ਼ਿਲਾਫ਼ ਵੀ ਹੈਰੋਇਨ ਤਸਕਰੀ ਅਤੇ ਚੋਰੀ ਦੇ 4 ਗੰਭੀਰ ਮਾਮਲੇ ਦਰਜ ਹਨ। ਪੁਲਿਸ ਹੁਣ ਇਸ ਗਿਰੋਹ ਨਾਲ ਜੁੜੀਆਂ ਹੋਰ ਔਰਤਾਂ ਅਤੇ ਚੋਰੀ ਕੀਤੇ ਸੋਨੇ ਦੇ ਗਹਿਣਿਆਂ ਦੀ ਬਰਾਮਦਗੀ ਲਈ ਅਗਲੇਰੀ ਜਾਂਚ ਵਿੱਚ ਜੁਟੀ ਹੋਈ ਹੈ।
