ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ਪੁਲਿਸ ਨਾਲ ਹਰ ਮਹੀਨੇ ਬੈਠਕ ਕਰੇਗੀ NIA, ਅੱਤਵਾਦੀਆਂ ਅਤੇ ਗੈਂਗਸਟਰਾਂ ਖਿਲਾਫ ਵੱਡਾ ਐਕਸ਼ਨ

Updated On: 

01 Jul 2023 09:29 AM

NIA-Police Meeting: ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਹੁਣ ਹਰ ਮਹੀਨੇ ਅਜਿਹੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਜਿਸ ਵਿੱਚ ਕੀਤੇ ਗਏ ਸਫਲ ਯਤਨਾਂ ਅਤੇ ਅਪਰਾਧਿਕ ਸਿੰਡੀਕੇਟ ਗਰੁੱਪਾਂ ਖਿਲਾਫ ਕਾਰਵਾਈ ਦੀ ਅਗਲੇਰੀ ਵਿਉਂਤਬੰਦੀ ਬਾਰੇ ਚਰਚਾ ਕੀਤੀ ਜਾਵੇਗੀ।

ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ਪੁਲਿਸ ਨਾਲ ਹਰ ਮਹੀਨੇ ਬੈਠਕ ਕਰੇਗੀ NIA, ਅੱਤਵਾਦੀਆਂ ਅਤੇ ਗੈਂਗਸਟਰਾਂ ਖਿਲਾਫ ਵੱਡਾ ਐਕਸ਼ਨ
Follow Us On

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਪੈਰ ਪਸਾਰ ਰਹੇ ਅੱਤਵਾਦੀ ਅਤੇ ਗੈਂਗਸਟਰਾਂ ਤੇ ਪੂਰੀ ਤਰ੍ਹਾਂ ਨਾਲ ਨਕੇਲ ਕੱਸਣ ਦੀ ਤਿਆਰੀ ਕਰ ਲਈ ਹੈ। ਜਾਣਕਾਰੀ ਮੁਤਾਬਕ, ਐਨਆਈਏ ਇਨ੍ਹਾਂ ਤਿੰਨਾ ਸੂਬਿਆਂ ਦੀ ਪੁਲਿਸ ਨਾਲ ਮਿਲ ਕੇ ਅੱਤਵਾਦੀ-ਗੈਂਗਸਟਰ ਸਿੰਡੀਕੇਟ ਖਿਲਾਫ ਸਾਂਝਾ ਆਪ੍ਰੇਸ਼ਨ ਚਲਾਉਣ ਜਾ ਰਹੀ ਹੈ। ਇਹ ਵਿਉਂਤਬੰਦੀ ਉੱਤਰੀ ਭਾਰਤ ਵਿੱਚ ਵੱਧ ਰਹੇ ਅਪਰਾਧਾਂ ਨੂੰ ਰੋਕਣ ਅਤੇ ਅਪਰਾਧਿਕ ਗਤੀਵਿਧੀਆਂ ਨਾਲ ਲੜਨ ਲਈ ਕੀਤੀ ਗਈ ਹੈ। ਇਸ ਲਈ ਸਾਂਝੀ ਕਮੇਟੀ ਵੀ ਬਣਾਈ ਗਈ ਹੈ।

ਪੰਚਕੂਲਾ, ਹਰਿਆਣਾ ਵਿੱਚ ਐਨਆਈਏ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਰਾਜਾਂ ਵਿੱਚ ਸਰਗਰਮ ਸੰਗਠਿਤ ਅਪਰਾਧਿਕ ਸਿੰਡੀਕੇਟ ਅਤੇ ਸਮੂਹਾਂ ਦੇ ਆਗੂਆਂ ਅਤੇ ਮੈਂਬਰਾਂ ਦੀਆਂ ਗਤੀਵਿਧੀਆਂ ਅਤੇ ਉਨ੍ਹਾਂ ਨਾਲ ਸਬੰਧਤ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਚੱਲ ਰਹੀ ਜਾਂਚ ਬਾਰੇ ਚਰਚਾ ਕੀਤੀ ਗਈ। ਜਿਕਰਯੋਗ ਹੈ ਕਿ ਗੋਲਡੀ ਬਰਾੜ, ਅਰਸ਼ ਡੱਲਾ ਅਤੇ ਲਾਰੈਂਸ ਬਿਸ਼ਨੋਈ ਸਮੇਤ ਹੋਰ ਕਈ ਗੈਂਗ ਹਰਿਆਣਾ ਅਤੇ ਪੰਜਾਬ ਵਿੱਚ ਇਸ ਵੇਲ੍ਹੇ ਕਾਫੀ ਸਰਗਰਮ ਹਨ।

ਜੇਲ ਤੋਂ ਚੱਲ ਰਹੇ ਗੈਂਗਸਟਰ ਨੈੱਟਵਰਕ ‘ਤੇ ਚਰਚਾ

ਪੰਜਾਬ ਪੁਲਿਸ, ਚੰਡੀਗੜ੍ਹ ਪੁਲਿਸ ਅਤੇ ਹਰਿਆਣਾ ਪੁਲਿਸ ਨੇ ਇਨ੍ਹਾਂ ਅਪਰਾਧਿਕ ਗਰੋਹਾਂ ਦੀਆਂ ਵਧਦੀਆਂ ਘਟਨਾਵਾਂ ਤੇ ਚਿੰਤਾ ਪ੍ਰਗਟਾਈ ਹੈ। ਦੂਜੇ ਪਾਸੇ ਡੀਜੀ ਦਿਨਕਰ ਗੁਪਤਾ ਨੇ ਜੇਲ੍ਹ ਵਿੱਚੋਂ ਚੱਲ ਰਹੇ ਸਿੰਡੀਕੇਟ , ਉਨ੍ਹਾਂ ਵੱਲੋਂ ਅਪਣਾਏ ਜਾ ਰਹੇ ਤਰੀਕਿਆਂ ਬਾਰੇ ਐਨਆਈਏ ਦੀ ਜਾਂਚ ਦੇ ਨਤੀਜਿਆਂ ਨੂੰ ਸਾਂਝਾ ਕੀਤਾ। ਇਸ ਦੌਰਾਨ ਡੀਜੀ ਗੁਪਤਾ ਨੇ ਗੈਂਗਸਟਰਾਂ ਅਤੇ ਅਪਰਾਧਿਕ ਸੰਗਠਨਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਤੇਜ਼ੀ ਨਾਲ ਕੰਮ ਕਰਨ ‘ਤੇ ਜ਼ੋਰ ਦਿੱਤਾ।

ਸੂਬਿਆਂ ਵਿੱਚ ਤਾਲਮੇਲ ਬਣਾਉਣ ‘ਤੇ ਜ਼ੋਰ

ਹਰਿਆਣਾ ਦੇ ਡੀਜੀਪੀ ਪੀਕੇ ਅਗਰਵਾਲ, ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਚੰਡੀਗੜ੍ਹ ਦੇ ਡੀਜੀਪੀ ਪਰਵੀਰ ਰੰਜਨ ਨੇ ਸਾਰੇ ਰਾਜਾਂ ਵਿੱਚ ਤਾਲਮੇਲ ‘ਤੇ ਜ਼ੋਰ ਦਿੱਤਾ। ਇਸ ਦੌਰਾਨ ਸਾਰਿਆਂ ਨੇ ਉੱਤਰੀ ਭਾਰਤ ਦੇ ਰਾਜਾਂ ਦੇ ਅਪਰਾਧੀਆਂ ਦੇ ਆਪਸ ਵਿੱਚ ਵੱਧ ਰਹੇ ਸਬੰਧਾਂ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਅਨੁਸਾਰ ਅਪਰਾਧਿਕ ਗੈਂਗਸਟਰ ਸਿੰਡੀਕੇਟ ਨਾਲ ਜੁੜੇ ਲੋਕ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਫੈਲੇ ਹੋਏ ਹਨ, ਜਿਨ੍ਹਾਂ ਨੂੰ ਰੋਕਣ ਲਈ ਤਾਲਮੇਲ ਅਤੇ ਇੱਕਠੇ ਕੋਸ਼ਿਸ਼ਾਂ ਕਰਨ ਦੀ ਲੋੜ ਹੈ।

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸਰਗਰਮ ਗਰੋਹ

ਐਨਆਈਏ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸਰਗਰਮ 26 ਗੈਂਗਸਟਰਾਂ ਖ਼ਿਲਾਫ਼ ਪਹਿਲਾਂ ਹੀ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ। ਜਿਸ ਵਿੱਚ ਲਾਰੈਂਸ ਬਿਸ਼ਨੋਈ, ਅਰਸ਼ ਡੱਲਾ, ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ, ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ, ਅਨਮੋਲ ਬਿਸ਼ਨੋਈ ਉਰਫ਼ ਭਾਨੂੰ, ਵਿਕਰਮਜੀਤ ਸਿੰਘ ਉਰਫ਼ ਵਿਕਰਮ ਬਰਾੜ, ਸੰਦੀਪ ਝਾਂਝਰੀਆ ਉਰਫ਼ ਕਾਲਾ ਜਥੇੜੀ ਸਮੇਤ ਕਈ ਵੱਡੇ ਅਤੇ ਬਦਨਾਮ ਗੈਂਗ ਸਰਗਰਮ ਹਨ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ