ਚੰਡੀਗੜ੍ਹ ਰਸਤੇ ਪੰਜਾਬ ‘ਚ ਮਾਨਸੂਨ ਦੀ ਐਂਟਰੀ, ਕਈ ਜ਼ਿਲ੍ਹਿਆਂ ‘ਚ ਭਾਰੀ ਬਾਰਸ਼; 48 ਘੰਟਿਆਂ ਲਈ ‘ਯੈਲੋ ਅਲਰਟ’ ਜਾਰੀ

Updated On: 

01 Jul 2026 15:31 PM IST

ਚੰਡੀਗੜ੍ਹ ਦੇ ਰਸਤੇ ਮਾਨਸੂਨ ਨੇ ਪੰਜਾਬ ਵਿੱਚ ਐਂਟਰੀ ਕਰ ਲਈ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਮੁਤਾਬਕ, ਪਹਿਲਾਂ ਮਾਨਸੂਨ ਦੇ 30 ਜੂਨ ਨੂੰ ਚੰਡੀਗੜ੍ਹ ਪਹੁੰਚਣ ਦੀ ਉਮੀਦ ਸੀ, ਪਰ ਇੱਕ ਦਿਨ ਦੀ ਦੇਰੀ ਤੋਂ ਬਾਅਦ ਇਹ ਅੱਜ ਇੱਥੇ ਪਹੁੰਚ ਗਿਆ ਹੈ।

ਚੰਡੀਗੜ੍ਹ ਰਸਤੇ ਪੰਜਾਬ ਚ ਮਾਨਸੂਨ ਦੀ ਐਂਟਰੀ, ਕਈ ਜ਼ਿਲ੍ਹਿਆਂ ਚ ਭਾਰੀ ਬਾਰਸ਼; 48 ਘੰਟਿਆਂ ਲਈ ਯੈਲੋ ਅਲਰਟ ਜਾਰੀ

ਸੰਕੇਤਕ ਤਸਵੀਰ

ਚੰਡੀਗੜ੍ਹ ਦੇ ਰਸਤੇ ਮਾਨਸੂਨ ਨੇ ਪੰਜਾਬ ਵਿੱਚ ਐਂਟਰੀ ਕਰ ਲਈ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਮੁਤਾਬਕ, ਪਹਿਲਾਂ ਮਾਨਸੂਨ ਦੇ 30 ਜੂਨ ਨੂੰ ਚੰਡੀਗੜ੍ਹ ਪਹੁੰਚਣ ਦੀ ਉਮੀਦ ਸੀ, ਪਰ ਇੱਕ ਦਿਨ ਦੀ ਦੇਰੀ ਤੋਂ ਬਾਅਦ ਇਹ ਅੱਜ ਇੱਥੇ ਪਹੁੰਚ ਗਿਆ ਹੈ। ਜੇਕਰ ਪਿਛਲੇ 5 ਸਾਲਾਂ ਦੇ ਰਿਕਾਰਡ ‘ਤੇ ਨਜ਼ਰ ਮਾਰੀਏ ਤਾਂ ਮਾਨਸੂਨ ਦਾ ਰੂਟ ਬਿਲਕੁਲ ਇੱਕੋ ਜਿਹਾ ਰਿਹਾ ਹੈ। ਇਸ ਵਾਰ ਵੀ ਮਾਨਸੂਨ ਉੱਤਰ ਪ੍ਰਦੇਸ਼ ਦੇ ਰਸਤੇ ਹਰਿਆਣਾ ਦੇ ਉਪਰਲੇ ਜ਼ਿਲ੍ਹਿਆਂ ਅੰਬਾਲਾ ਅਤੇ ਪੰਚਕੂਲਾ ਤੋਂ ਹੁੰਦਾ ਹੋਇਆ ਚੰਡੀਗੜ੍ਹ ਵਿੱਚ ਦਾਖ਼ਲ ਹੋਇਆ ਅਤੇ ਇਸ ਤੋਂ ਬਾਅਦ ਪੰਜਾਬ ਦੇ ਰੋਪੜ, ਹੁਸ਼ਿਆਰਪੁਰ ਅਤੇ ਪਠਾਨਕੋਟ ਵੱਲ ਨਿਕਲ ਗਿਆ।

ਸਵੇਰ ਵੇਲੇ ਕਈ ਜ਼ਿਲ੍ਹਿਆਂ ‘ਚ ਭਾਰੀ ਬਾਰਸ਼

ਅੱਜ ਸਵੇਰ ਦੇ ਸਮੇਂ ਚੰਡੀਗੜ੍ਹ, ਗੁਰਦਾਸਪੁਰ, ਪਠਾਨਕੋਟ ਅਤੇ ਮੋਹਾਲੀ ਵਿੱਚ ਜ਼ਬਰਦਸਤ ਬਾਰਸ਼ ਦੇਖਣ ਨੂੰ ਮਿਲੀ, ਜਦੋਂ ਕਿ ਕਈ ਹੋਰ ਇਲਾਕਿਆਂ ਵਿੱਚ ਸੰਘਣੇ ਬੱਦਲ ਛਾਏ ਰਹੇ। ਪਠਾਨਕੋਟ ਵਿੱਚ ਤਕਰੀਬਨ 5 ਘੰਟੇ ਤੱਕ ਲਗਾਤਾਰ ਹੋਈ ਭਾਰੀ ਬਾਰਸ਼ ਕਾਰਨ ਹਾਲਾਤ ਵਿਗੜ ਗਏ ਅਤੇ ਸ਼ਹਿਰ ਦੀਆਂ ਸੜਕਾਂ ‘ਤੇ ਜਗ੍ਹਾ-ਜਗ੍ਹਾ 3 ਤੋਂ 4 ਫੁੱਟ ਤੱਕ ਪਾਣੀ ਭਰ ਗਿਆ। ਇਸ ਦੇ ਨਾਲ ਹੀ ਇੱਥੋਂ ਦਾ ਖੱਡੀ ਨਾਲਾ ਪੂਰੇ ਉਫ਼ਾਨ ‘ਤੇ ਆ ਗਿਆ, ਜਿਸ ਕਾਰਨ ਪਾਣੀ ਪੁਲ ਦੇ ਉੱਪਰੋਂ ਦੀ ਲੰਘਣ ਲੱਗਾ। ਦੂਜੇ ਪਾਸੇ, ਜਲੰਧਰ ਵਿੱਚ ਤੇਜ਼ ਆਂਧੀ ਕਾਰਨ ਕੋਰਟ ਰੋਡ ‘ਤੇ ਸਫ਼ੈਦੇ ਦਾ ਇੱਕ ਵੱਡਾ ਰੁੱਖ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ‘ਤੇ ਜਾ ਡਿੱਗਿਆ, ਜਿਸ ਕਾਰਨ 2 ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਪੂਰੇ ਪੰਜਾਬ ਅਤੇ ਚੰਡੀਗੜ੍ਹ ਲਈ ‘ਯੈਲੋ ਅਲਰਟ’

ਮੌਸਮ ਵਿਭਾਗ ਨੇ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਆਕਾਸ਼ੀ ਬਿਜਲੀ ਚਮਕਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਦਿੰਦੇ ਹੋਏ ‘ਯੈਲੋ ਅਲਰਟ’ ਜਾਰੀ ਕੀਤਾ ਹੈ।

ਬਾਕੀ ਜ਼ਿਲ੍ਹਿਆਂ ਵਿੱਚ ਵੀਰਵਾਰ ਤੱਕ ਪਹੁੰਚੇਗਾ ਮਾਨਸੂਨ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਪੰਜਾਬ ਦੇ ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ ਵੀ ਵੀਰਵਾਰ ਤੱਕ ਮਾਨਸੂਨ ਦੇ ਸਰਗਰਮ ਹੋਣ ਦੀ ਪੂਰੀ ਸੰਭਾਵਨਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਪਠਾਨਕੋਟ ਅਤੇ ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਹੋ ਰਹੀ ਇਸ ਬਾਰਸ਼ ਦਾ ਮੁੱਖ ਕਾਰਨ ਇੱਕ ਸਰਗਰਮ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਹੈ, ਜੋ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਉੱਠ ਕੇ ਇੱਥੇ ਪਹੁੰਚੀ ਹੈ।

ਇਸ ਬਾਰਸ਼ ਦੇ ਚੱਲਦਿਆਂ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ, ਇਸ ਰਾਹਤ ਦੇ ਬਾਵਜੂਦ ਪੰਜਾਬ ਦਾ ਔਸਤ ਤਾਪਮਾਨ ਅਜੇ ਵੀ ਆਮ ਨਾਲੋਂ 2.3 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਲੰਘੇ ਮੰਗਲਵਾਰ ਨੂੰ ਫ਼ਰੀਦਕੋਟ ਰਾਜ ਦਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

Follow Us