Punjab Weather: ਭਾਰੀ ਮੀਂਹ ਤੋਂ ਬਾਅਦ ਬਣੇ ਹੜ੍ਹ ਵਰਗ੍ਹੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਸੀਐੱਮ ਮਾਨ, 13 ਜੁਲਾਈ ਤੱਕ ਸਕੂਲ ਬੰਦ

Updated On: 

11 Jul 2023 08:02 AM

Punjab Weather Update: ਪੰਜਾਬ ਚ ਲਗਾਤਾਰ ਪੈ ਰਹੇ ਮੀਂਹ ਕਰਕੇ ਹਾਲਾਤ ਕਾਫੀ ਖਰਾਬ ਹੋ ਰਹੇ ਹਨ, ਜਿਨ੍ਹਾਂ ਨੂੰ ਵੇਖਦਿਆਂ ਸੂਬੇ ਦੇ ਸਾਰੇ ਸਕੂਲ 13 ਜੁਲਾਈ ਤੱਕ ਬੰਦ ਕਰ ਦਿੱਤੇ ਗਏ ਹਨ। ਉੱਧਰ, ਮੌਸਮ ਵਿਭਾਗ ਨੇ ਅੱਗਲੇ ਤਿੰਨ ਘੰਟਿਆਂ ਚ ਸਿਟੀ ਬਿਊਟੀਫੁੱਲ ਚੰਡੀਗੜ੍ਹ ਅਤੇ ਨੇੜਲੇ ਇਲਾਕਿਆਂ ਵਿੱਚ ਭਾਰੀ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ।

Punjab Weather: ਭਾਰੀ ਮੀਂਹ ਤੋਂ ਬਾਅਦ ਬਣੇ ਹੜ੍ਹ ਵਰਗ੍ਹੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਸੀਐੱਮ ਮਾਨ, 13 ਜੁਲਾਈ ਤੱਕ ਸਕੂਲ ਬੰਦ
Follow Us On

Red Alert for Chandigarh: ਪੰਜਾਬ ਵਿੱਚ ਅੱਜ ਵੀ ਮੀਂਹ ਪੈ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਚੰਡੀਗੜ੍ਹ, ਪਟਿਆਲਾ ਅਤੇ ਐਸਬੀਐਸ ਨਗਰ ਵਿੱਚ ਅਗਲੇ ਤਿੰਨ ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਪੂਰਬੀ ਮਾਲਵੇ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ ਦੋਆਬੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਸੀਐਮ ਭਗਵੰਤ ਮਾਨ ਵੀ ਮੈਦਾਨ ਵਿੱਚ ਆ ਗਏ ਹਨ। ਉਹ ਤਾਜ਼ਾ ਹਾਲਾਤ ਦਾ ਜਾਇਜ਼ਾ ਲੈਣ ਲਈ ਖਰੜ ਪਹੁੰਚੇ। ਇੱਥੇ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀਆਂ ਬਾਰੇ ਜਾਣਕਾਰੀ ਲਈ।

ਰਾਜਪੁਰਾ ਵਿੱਚ 1200 ਏਕੜ ਵਿੱਚ ਫੈਲਿਆ ਨਾਭਾ ਪਾਵਰ ਪਲਾਂਟ ਪਾਣੀ ਵੜ੍ਹ ਆਉਣ ਕਾਰਨ ਬੰਦ ਹੋ ਗਿਆ ਹੈ। ਜਿਸ ਕਾਰਨ ਆਉਣ ਵਾਲੇ ਦਿਨਾਂ ‘ਚ ਇਸ ਦਾ ਅਸਰ ਬਿਜਲੀ ਸਪਲਾਈ ‘ਤੇ ਵੀ ਦੇਖਣ ਨੂੰ ਮਿਲ ਸਕਦਾ ਹੈ। ਯੂਨਿਟ ਬੰਦ ਹੋਣ ਕਾਰਨ ਪਾਵਰ ਪਲਾਂਟ ਆਪਣੀ ਸਮਰੱਥਾ ਦਾ ਅੱਧਾ ਹਿੱਸਾ ਹੀ ਪੈਦਾ ਕਰ ਰਿਹਾ ਹੈ।

ਮੁੱਖ ਮੰਤਰੀ ਨੇ ਲੋਕਾਂ ਨੂੰ ਦਿੱਤਾ ਭਰੋਸਾ

ਮੁੱਖ ਮੰਤਰੀ ਭਗਵੰਤ ਮਾਨ ਗ੍ਰਾਉਂਡ ਜੀਰੋ ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ। ਉਹ ਉਨ੍ਹਾਂ ਨੂੰ ਭਰੋਸਾ ਦੇ ਰਹੇ ਹਨ ਕਿ ਸਰਕਾਰ ਦੀ ਹਰ ਪੱਲ ਹਾਲਾਤ ਤੇ ਤਿੱਖੀ ਨਜ਼ਰ ਹੈ। ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉੱਧਰ, ਟਵਿਟਰ ਤੇ ਤਸਵੀਰਾਂ ਸਾਂਝੀਆਂ ਕਰਦਿਆ ਸੀਐਮ ਮਾਨ ਨੇ ਲਿਖਿਆ- ਪੰਜਾਬੀਆਂ ਨੂੰ ਮੇਰੀ ਅਪੀਲ ਹੈ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਘਬਰਾਹਟ ਵਿੱਚ ਨਾ ਆਵੇ। ਮੈਂ ਪੰਜਾਬ ਦੇ ਹਰ ਛੋਟੇ-ਵੱਡੇ ਅਫਸਰਾਂ ਤੋਂ ਹਰ ਕੋਨੇ ਦੀ ਜਾਣਕਾਰੀ ਲੈ ਰਿਹਾ ਹਾਂ। ਇਹ ਕੁਦਰਤੀ ਆਫ਼ਤ ਹੈ, ਅਸੀਂ ਮਿਲ ਕੇ ਇਸ ਦਾ ਸਾਹਮਣਾ ਕਰਾਂਗੇ। ਸਰਕਾਰ ਲੋਕਾਂ ਦੇ ਨਾਲ ਹੈ। ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਉੱਧਰ, ਸਤਲੁਜ ਦਰਿਆ ਵਿੱਚ ਪਾੜ ਪੈਣ ਕਾਰਨ ਸਥਿਤੀ ਚਿੰਤਾਜਨਕ ਹੋ ਗਈ ਹੈ। ਦੂਜੇ ਪਾਸੇ 13 ਜੁਲਾਈ ਤੱਕ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਇਸ ਦੌਰਾਨ ਮੀਂਹ ਕਾਰਨ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਲਗਾਤਾਰ ਬੰਦ ਰਹਿਣਗੇ।

ਮੁੱਖ ਸਕੱਤਰ ਨੇ ਵੀ ਲਿਆ ਹਾਲਾਤ ਦਾ ਜਾਇਜ਼ਾ

ਉੱਧਰ, ਮੁੱਖ ਸਕੱਤਰ ਵੱਲੋਂ ਵੀ ਗ੍ਰਾਉਂਡ ਜੀਰੋ ਦਾ ਜਾਇਜ਼ਾ ਲਿਆ ਗਿਆ, ਇਸ ਦੌਰਾਨ ਵੱਖ-ਵੱਖ ਜਿਲ੍ਹਿਆਂ ਦੇ ਕਮਿਸ਼ਨਰਾਂ ਨੇ ਉਨ੍ਹਾਂ ਨੂੰ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਇਆ। ਉਨਾਂ ਦੇ ਦੱਸਿਆ ਕਿ ਕਈ ਜ੍ਹਿਲਿਆਂ ਵਿੱਚ ਕੁਝ ਥਾਵਾਂ ਉਤੇ ਸਥਿਤੀ ਗੰਭੀਰ ਹੈ ਪਰ ਪ੍ਰਸ਼ਾਸਨ ਵੱਲੋਂ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਮੁੱਖ ਸਕੱਤਰ ਨੇ ਸਾਰੇ ਜ਼ਿਲਿਆਂ ਨੂੰ ਲੋੜੀਂਦੀ ਮਦਦ ਬਾਰੇ ਜਾਣਕਾਰੀ ਦੇਣ ਲਈ ਵੀ ਕਿਹਾ।

ਉੱਧਰ, ਇਸ ਮੌਕੇ ਐਨ.ਡੀ.ਆਰ.ਐਫ. ਦੇ ਕਮਾਡੈਂਟ ਨੇ ਦੱਸਿਆ ਕਿ ਪੰਜਾਬ ਵਿੱਚ 14 ਐਨਡੀਆਰਐਫ ਟੀਮਾਂ ਤਾਇਨਾਤ ਹਨ। ਰੂਪਨਗਰ ਜਿੱਥੇ ਹੁਣ ਚਾਰ ਟੀਮਾਂ ਤਾਇਨਾਤ ਸਨ, ਡਿਪਟੀ ਕਮਿਸ਼ਨਰ ਵੱਲੋਂ ਮੰਗ ਕੀਤੇ ਜਾਣ ਉਤੇ ਇਕ ਹੋਰ ਟੀਮ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ।

ਲੁਧਿਆਣਾ ਵਿੱਚ ਨਹਿਰ ਟੁੱਟੀ, ਇਮਾਰਤ ਡਿੱਗੀ

ਦੋਰਾਹਾ, ਖੰਨਾ, ਲੁਧਿਆਣਾ ਵਿੱਚ ਨਹਿਰ ਟੁੱਟਣ ਨਾਲ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਵੜ੍ਹ ਗਿਆ। ਨਹਿਰ ਦੇ ਨਾਲ ਲੱਗਦੇ ਫੌਜੀ ਖੇਤਰ ਵਿੱਚ ਵੀ ਪਾਣੀ ਭਰ ਗਿਆ। ਤੁਰੰਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਫ਼ੌਜ ਦੀ ਮਦਦ ਨਾਲ ਜੇਸੀਬੀ ਤੇ ਹੋਰ ਮਸ਼ੀਨਰੀ ਬੁਲਾ ਕੇ ਬੰਨ੍ਹ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ, ਇਸਦੇ ਨਾਲ ਹੀ ਲਾਇਬ੍ਰੇਰੀ ਚੌਕ ਵਿੱਚ ਇਮਾਰਤ ਢਹਿ ਢੇਰੀ ਹੋ ਗਈ।

‘ਆਪ’ ਵਿਧਾਇਕ ਨੇ ਲੋਕਾਂ ਨੂੰ ਬਚਾਇਆ

ਫਤਿਹਗੜ੍ਹ ਸਾਹਿਬ ‘ਚ ਲਗਾਤਾਰ ਪੈ ਰਹੀ ਬਾਰਿਸ਼ ਨੇ ਹਾਲਾਤ ਵਿਗੜ ਗਏ ਹਨ। ਬਰਸਾਤੀ ਪਾਣੀ ਜਿੱਥੇ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ, ਉਥੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਹੋਸਟਲ ਅਤੇ ਹੋਰ ਪਿੰਡਾਂ ਵਿੱਚ ਫਸੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਰੈਸਕਿਊ ਜਾ ਰਿਹਾ ਹੈ। ਇੱਥੇ ‘ਆਪ’ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਖੁਦ ਟਰੈਕਟਰ ਟਰਾਲੀ ਚਲਾ ਕੇ ਬਚਾਅ ਕੀਤਾ।

NDRF ਦੀ ਮਦਦ ਨਾਲ ਕੀਰਤਪੁਰ ਸਾਹਿਬ ਦੇ ਆਸਪਾਸ ਦੇ ਇਲਾਕਿਆਂ ਵਿੱਚ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਚੌਕਸੀ ਦੇ ਚੱਲਦਿਆਂ ਅੰਬਾਲਾ ਦੇ ਡੀਸੀ ਨੇ ਜਲੰਧਰ-ਪਾਣੀਪਤ ਨੈਸ਼ਨਲ ਹਾਈਵੇਅ 44 ਤੇ ਨਾ ਜਾਣ ਦੇ ਹੁਕਮ ਜਾਰੀ ਕੀਤੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ