Governer vs CM Mann: ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਮੁੜ ਵਧਿਆ ਤਣਾਅ, ਰਾਜਪਾਲ ਬੋਲੇ- ਮੇਰੀਆਂ 10 ਚਿੱਠੀਆਂ ‘ਚੋਂ ਇਕ ਦਾ ਵੀ ਨਹੀਂ ਦਿੱਤਾ ਜਵਾਬ

Published: 

12 Jun 2023 18:53 PM

ਪੰਜਾਬ ਵਿਧਾਨ ਸਭਾ ਵੱਲੋਂ ਬੁਲਾਏ ਗਏ ਵਿਸ਼ੇਸ਼ ਸੈਸ਼ਨ ਬਾਰੇ ਗੱਲ ਕਰਦਿਆਂ ਰਾਜਪਾਲ ਨੇ ਕਿਹਾ ਕਿ ਜਦੋਂ ਉਨ੍ਹਾਂ ਤੋਂ ਵਿਸ਼ੇਸ਼ ਸੈਸ਼ਨ ਲਈ ਇਜਾਜ਼ਤ ਮੰਗੀ ਜਾਵੇਗੀ ਤਾਂ ਉਹ ਜਰੂਰ ਦੇਣਗੇ।

Governer vs CM Mann: ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਮੁੜ ਵਧਿਆ ਤਣਾਅ, ਰਾਜਪਾਲ ਬੋਲੇ- ਮੇਰੀਆਂ 10 ਚਿੱਠੀਆਂ ਚੋਂ ਇਕ ਦਾ ਵੀ ਨਹੀਂ ਦਿੱਤਾ ਜਵਾਬ
Follow Us On

ਚੰਡੀਗੜ੍ਹ ਨਿਊਜ਼: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਅਤੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵਿਚਾਲੇ ਇੱਕ ਵਾਰ ਮੁੜ ਤੋਂ ਤਣਾਅ ਵਧਣ ਦੇ ਸੰਕੇਤ ਮਿਲ ਰਹੇ ਹਨ। ਸੋਮਵਾਰ ਨੂੰ ਰਾਜਪਾਲ ਪੁਰੋਹਿਤ ਨੇ ਮੁੱਖ ਮੰਤਰੀ ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ 10 ਚਿੱਠੀਆਂ ਲਿਖੀਆਂ, ਪਰ ਉਨ੍ਹਾਂ ਨੇ ਇਕ ਵੀ ਚਿੱਠੀ ਦਾ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਨ੍ਹਾਂ ਚਿੱਠੀਆਂ ਦਾ ਜਵਾਬ ਮੰਗਿਆ ਤਾਂ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਆਪਣੇ ਕੰਮ ਨਾਲ ਕੰਮ ਰੱਖਣ ਦਾ ਮਸ਼ਵਰਾ ਦੇ ਦਿੱਤਾ ਗਿਆ।

ਰਾਜਪਾਲ ਪੁਰੋਹਿਤ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਸਾਫ ਨਿਰਦੇਸ਼ ਹੈ ਕਿ ਮੁੱਖ ਮੰਤਰੀ ਨੂੰ ਰਾਜਪਾਲ ਦੇ ਹਰ ਸਵਾਲ ਦਾ ਜਵਾਬ ਦੇਣਾ ਹੀ ਹੋਵੇਗਾ ਕਿਉਂਕਿ ਇਹ ਮੁੱਖ ਮੰਤਰੀ ਦੀ ਸੰਵਿਧਾਨਕ ਜ਼ਿੰਮੇਵਾਰੀ ਵੀ ਹੈ।

ਸੀਐੱਮ ਮਾਨ ਦੇ ਵਾਰ ‘ਤੇ ਗਵਰਨਰ ਦਾ ਪਲਟਵਾਰ

ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਸੀ ਕਿ ਪੰਜਾਬ ਦੇ ਰਾਜਪਾਲ ਨੇ ਪੰਜਾਬ ਕੈਬਿਨੇਟ ਦੀਆਂ ਪ੍ਰਾਪਤੀਆਂ ਬਾਰੇ ਪੰਜਾਬ ਵਿਧਾਨ ਸਭਾ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚ ਉਨ੍ਹਾਂ ਦੀ ਸਰਕਾਰ ਨੂੰ ‘ਮੇਰੀ ਸਰਕਾਰ’ ਕਹਿ ਕੇ ਨਹੀਂ ਕਹਿਣ ਦੀ ਗੱਲ ਕਹੀ ਸੀ। ਮੁੱਖ ਮੰਤਰੀ ਮਾਨ ਦਿੱਲੀ ਵਿੱਚ ਗੈਰ-ਭਾਜਪਾ ਸਰਕਾਰਾਂ ਦੇ ਰਾਜਪਾਲ ਅਤੇ ਮੁੱਖ ਮੰਤਰੀਆਂ ਨਾਲ ਟਕਰਾਅ ਸਬੰਧੀ ਟਿੱਪਣੀਆਂ ਕਰ ਰਹੇ ਸਨ।

ਸੋਮਵਾਰ ਨੂੰ ਚੰਡੀਗੜ੍ਹ ਵਿੱਚ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਰਾਜਪਾਲ ਪੁਰੋਹਿਤ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਸਰਕਾਰ ਹੈ ਅਤੇ ਉਹ ਇਸ ਨੂੰ ਵਾਰ-ਵਾਰ ਮੇਰੀ ਸਰਕਾਰ ਕਹਿਣਗੇ। ਉਨ੍ਹਾਂ ਮੁੱਖ ਮੰਤਰੀ ਨੂੰ ਉਹ ਰਿਕਾਰਡ ਪੇਸ਼ ਕਰਨ ਲਈ ਕਿਹਾ ਜਿਸ ਵਿੱਚ ਰਾਜਪਾਲ ਨੇ ਮੇਰੀ ਸਰਕਾਰ ਨਾ ਬੋਲਣ ਦੀ ਗੱਲ ਕਹੀ ਸੀ।

ਸਰਹੱਦੀ ਖੇਤਰਾਂ ਦੇ ਦੌਰੇ ਤੇ ਕੀ ਬੋਲੇ ਰਾਜਪਾਲ?

ਪਿਛਲੇ ਦਿਨੀਂ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਦੌਰੇ ਬਾਰੇ ਉਨ੍ਹਾਂ ਕਿਹਾ ਕਿ ਇਹ ਦੌਰਾ ਸਿਆਸੀ ਨਹੀਂ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਫੌਜ ਅਤੇ ਬੀਐਸਐਫ ਵਿਚਕਾਰ ਸਹਿਯੋਗ ਪਸੰਦ ਆਇਆ ਹੈ। ਸਰਹੱਦ ਤੋਂ 15 ਕਿਲੋਮੀਟਰ ਤੱਕ ਹਰ ਪਿੰਡ ਵਿੱਚ ਸਿਵਿਲ ਡਿਫੈਂਸ ਕਮੇਟੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਉਹ 3 ਮਹੀਨਿਆਂ ਬਾਅਦ ਮੁੜ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ।

ਪਾਕਿਸਤਾਨ ਡਰੋਨਾਂ ਦੀ ਵੱਧਦੀ ਘੁਸਪੈਠ ਤੇ ਕੇਂਦਰ ਨੂੰ ਚਿੱਠੀ

ਪਾਕਿਸਤਾਨ ਤੋਂ ਵਾਰ-ਵਾਰ ਡਰੋਨ ਦੀ ਘੁਸਪੈਠ ਦੇ ਮੁੱਦੇ ਤੇ ਗਵਰਨਰ ਨੇ ਕਿਹਾ ਕਿ, ਡਰੋਨ ਦੇ ਘੁਸਪੈਠ ਦੀਆਂ ਘਟਨਾਵਾਂ ਪਹਿਲਾ ਨਾਲੋਂ ਕਿਤੇ ਜਿਆਦਾ ਵੱਧੀਆਂ ਹਨ। ਇੰਨੀ ਵੱਡੀ ਗਿਣਤੀ ਵਿੱਚ ਡਰੋਨ ਦਾ ਆਉਣਾ ਪਾਕਿਸਤਾਨ ਦੀ ਆਰਮੀ ਅਤੇ ਦੇਸ਼ ਵਿਰੋਧੀ ਲੋਕਾਂ ਦੇ ਸਾਥ ਬਿਨਾ ਨਾਮੁਨਕਿਨ ਹੈ। ਮੁੜ ਤੋਂ ਸਰਜੀਕਲ ਸਟਰਾਈਕ ਹੋਣੀ ਚਾਹੀਦੀ ਹੈ ਜਿਸ ਨੂੰ ਲੈ ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲਿਖ ਰਿਹਾ ਹਾਂ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ