PM ਮੋਦੀ ਵੀ ਹੋਏ ਮੁਰੀਦ, ਇੰਦਰਜੀਤ ਸਿੱਧੂ ਨੇ ਝਾੜੂ ਨਾਲ ਬਦਲ ਦਿੱਤੀ ਚੰਡੀਗੜ੍ਹ ਦੀ ਤਸਵੀਰ; ਮਿਲਿਆ ‘ਪਦਮ ਸ਼੍ਰੀ’ ਸਨਮਾਨ
ਚੰਡੀਗੜ੍ਹ ਨੂੰ ਸਾਫ਼-ਸੁਥਰਾ ਬਣਾਉਣ ਦੇ ਮਿਸ਼ਨ ਵਿੱਚ ਜੁਟੇ 88 ਸਾਲਾ ਸਾਬਕਾ ਆਈ.ਪੀ.ਐੱਸ. ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ 'ਪਦਮ ਸ਼੍ਰੀ' ਸਨਮਾਨ ਨਾਲ ਨਿਵਾਜਿਆ ਗਿਆ ਹੈ। ਸੇਵਾਮੁਕਤੀ ਤੋਂ ਬਾਅਦ ਰੋਜ਼ਾਨਾ ਝਾੜੂ ਚੁੱਕ ਕੇ ਸਫ਼ਾਈ ਕਰਨ ਵਾਲੇ ਸਿੱਧੂ ਦੇ ਇਸ ਜਜ਼ਬੇ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ।
ਕਦੇ ਪੁਲਿਸ ਦੀ ਵਰਦੀ ਪਹਿਨ ਕੇ ਕਾਨੂੰਨ ਵਿਵਸਥਾ ਸੰਭਾਲਣ ਵਾਲੇ 88 ਸਾਲਾ ਸਾਬਕਾ ਆਈ.ਪੀ.ਐੱਸ. (IPS) ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਅੱਜ ਆਪਣੇ ਹੱਥਾਂ ਵਿੱਚ ਝਾੜੂ ਫੜ ਕੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਦੇ ਮਿਸ਼ਨ ਵਿੱਚ ਜੁਟੇ ਹੋਏ ਹਨ। ਉਨ੍ਹਾਂ ਦੀ ਇਸੇ ਅਣਥੱਕ ਮਿਹਨਤ ਅਤੇ ਲਗਨ ਨੇ ਨਾ ਸਿਰਫ਼ ਪੂਰੇ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ, ਬਲਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਦੇ ਕੰਮ ਦੇ ਮੁਰੀਦ ਹੋ ਗਏ ਹਨ।
ਪਦਮ ਸ਼੍ਰੀ ਸਨਮਾਨ ਸਮਾਰੋਹ ਦੌਰਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਆਹਮੋ-ਸਾਹਮਣੇ ਸਨ, ਤਾਂ ਪੀ.ਐੱਮ. ਮੋਦੀ ਨੇ ਇੰਦਰਜੀਤ ਸਿੰਘ ਸਿੱਧੂ ਵੱਲ ਇਸ਼ਾਰਾ ਕਰਦਿਆਂ ਕਿਹਾ, ਦੇਖੋ, ਇਨ੍ਹਾਂ ਨੇ ਪੂਰਾ ਚੰਡੀਗੜ੍ਹ ਸਾਫ਼ ਕਰ ਦਿੱਤਾ। ਇਸ ‘ਤੇ ਸਿੱਧੂ ਨੇ ਬੜੀ ਨਿਮਰਤਾ ਨਾਲ ਜਵਾਬ ਦਿੰਦਿਆਂ ਕਿਹਾ, ਸਫ਼ਾਈ ਤਾਂ ਤੁਸੀਂ ਲੋਕ ਕਰ ਰਹੇ ਹੋ, ਮੇਰਾ ਤਾਂ ਇਸ ਵਿੱਚ ਬਹੁਤ ਥੋੜ੍ਹਾ ਜਿਹਾ ਯੋਗਦਾਨ ਹੈ।
ਰੋਜ਼ਾਨਾ ਸਵੇਰੇ ਝਾੜੂ ਲੈ ਕੇ ਨਿਕਲਦੇ ਹਨ ਸਿੱਧੂ
ਸਮਾਜ ਸੇਵਾ ਅਤੇ ਸਫ਼ਾਈ ਦੇ ਖੇਤਰ ਵਿੱਚ ਪਾਏ ਬੇਮਿਸਾਲ ਯੋਗਦਾਨ ਲਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਇੰਦਰਜੀਤ ਸਿੰਘ ਸਿੱਧੂ ਨੂੰ ਦੇਸ਼ ਦੇ ਵੱਕਾਰੀ ‘ਪਦਮ ਸ਼੍ਰੀ’ ਸਨਮਾਨ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਅਣਗੌਲੇ ਨਾਇਕਾਂ ਦੀ ਸ਼੍ਰੇਣੀ ਵਿੱਚ ਦਿੱਤਾ ਗਿਆ ਹੈ। ਸਾਲ 1996 ਵਿੱਚ ਆਈ.ਪੀ.ਐੱਸ. ਸੇਵਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਸਿੱਧੂ ਨੇ ਆਰਾਮ ਦੀ ਜ਼ਿੰਦਗੀ ਜਿਊਣ ਦੀ ਬਜਾਏ ਸਮਾਜ ਸੇਵਾ ਨੂੰ ਚੁਣਿਆ।
ਸੈਕਟਰ-49 ਵਿੱਚ ਫੈਲੀ ਗੰਦਗੀ ਅਤੇ ਕੂੜੇ-ਕਰਕਟ ਨੂੰ ਦੇਖ ਕੇ ਉਨ੍ਹਾਂ ਨੇ ਖ਼ੁਦ ਸਫ਼ਾਈ ਦੀ ਜ਼ਿੰਮੇਵਾਰੀ ਚੁੱਕਣ ਦਾ ਫ਼ੈਸਲਾ ਕੀਤਾ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਰੋਜ਼ਾਨਾ ਸਵੇਰੇ 6 ਵਜੇ ਝਾੜੂ ਅਤੇ ਸਾਈਕਲ ਰੇਹੜੀ ਲੈ ਕੇ ਸੜਕਾਂ, ਪਾਰਕਾਂ ਅਤੇ ਨਾਲੀਆਂ ਦੀ ਸਫ਼ਾਈ ਲਈ ਨਿਕਲ ਪੈਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਹਾਲ ਹੀ ਵਿੱਚ ਇੱਕ ਸੜਕ ਹਾਦਸੇ ਦੌਰਾਨ ਜ਼ਖਮੀ ਹੋਣ ਅਤੇ ਪੈਰ ‘ਤੇ ਸੱਟ ਲੱਗਣ ਦੇ ਬਾਵਜੂਦ ਵੀ ਉਨ੍ਹਾਂ ਦਾ ਹੌਸਲਾ ਨਹੀਂ ਡੋਲਿਆ। ਉਨ੍ਹਾਂ ਨੇ ਡੰਡੇ ਦੇ ਸਹਾਰੇ ਵੀ ਆਪਣੀ ਸਫ਼ਾਈ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਿਆ। ਇਹੀ ਜਜ਼ਬਾ ਅੱਜ ਉਨ੍ਹਾਂ ਨੂੰ ਚੰਡੀਗੜ੍ਹ ਹੀ ਨਹੀਂ, ਬਲਕਿ ਪੂਰੇ ਦੇਸ਼ ਲਈ ਪ੍ਰੇਰਨਾ ਦਾ ਇੱਕ ਵੱਡਾ ਸਰੋਤ ਬਣਾ ਰਿਹਾ ਹੈ।
ਪਦਮ ਸ਼੍ਰੀ ਸਮਾਰੋਹ ਲਈ ਅਮਰੀਕਾ ਤੋਂ ਸੀ ਪਰਤੀ ਪੋਤੀ
ਅਮਰੀਕਾ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਇੰਦਰਜੀਤ ਸਿੰਘ ਸਿੱਧੂ ਦੀ ਪੋਤੀ ਸੁਖਮ ਕੌਰ ਸਿੱਧੂ ਵੀ ਅਮਰੀਕਾ ਤੋਂ ਖ਼ੁਦ ਆਪਣੇ ਦਾਦਾ ਜੀ ਨੂੰ ਇਹ ਵੱਕਾਰੀ ਐਵਾਰਡ ਲੈਂਦੇ ਹੋਏ ਦੇਖਣਾ ਚਾਹੁੰਦੀ ਸੀ। ਉਨ੍ਹਾਂ ਦੀ ਭਾਰਤ ਆਉਣ ਦੀ ਟਿਕਟ ਕਾਫੀ ਦੇਰ ਬਾਅਦ ਦੀ ਸੀ, ਪਰ ਉਨ੍ਹਾਂ ਨੇ ਉਸ ਟਿਕਟ ਨੂੰ ਰੱਦ ਕਰਵਾ ਕੇ ਜਲਦੀ ਆਉਣ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ
ਪੋਤੀ ਸੁਖਮ ਨੇ ਭਾਵੁਕ ਹੁੰਦਿਆਂ ਕਿਹਾ ਕਿ ਦਾਦਾ ਜੀ ਉਨ੍ਹਾਂ ਦੇ ਅਸਲ ਹੀਰੋ ਹਨ ਅਤੇ ਉਹ ਖ਼ੁਦ ਵੀ ਭਵਿੱਖ ਵਿੱਚ ਸਮਾਜ ਲਈ ਕੁਝ ਖ਼ਾਸ ਕਰਨਾ ਚਾਹੁੰਦੀ ਹੈ। ਸੁਖਮ ਦੇ ਨਾਲ-ਨਾਲ ਸਿੱਧੂ ਦੀ ਦੋਹਤੀ ਡਾ. ਸਰਗਮ ਬਰਾੜ ਅਤੇ ਉਨ੍ਹਾਂ ਦੇ ਪਤੀ ਗੁਰਪ੍ਰੀਤ ਸਿੰਘ ਬਰਾੜ ਵੀ ਇਸ ਇਤਿਹਾਸਕ ਅਤੇ ਮਾਣਮੱਤੇ ਪਲ ਦੇ ਗਵਾਹ ਬਣਨ ਲਈ ਸਮਾਰੋਹ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ।
