ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ, ਵਾਰਡਾਂ ਦੇ ਰਾਖਵੇਂਕਰਨ ਦਾ ਨੋਟੀਫਿਕੇਸ਼ਨ ਜਾਰੀ
ਦਸੰਬਰ ਮਹੀਨੇ ਵਿੱਚ ਹੋਣ ਵਾਲੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪ੍ਰਸ਼ਾਸਨ ਵੱਲੋਂ ਅਨੁਸੂਚਿਤ ਜਾਤੀ (SC) ਅਤੇ ਔਰਤਾਂ ਲਈ ਵਾਰਡਾਂ ਦੇ ਰਾਖਵੇਂਕਰਨ ਦੀ ਵਿਵਸਥਾ ਤੈਅ ਕਰਦਿਆਂ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਹੁਕਮਾਂ ਅਨੁਸਾਰ, ਸਾਲ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਆਧਾਰ 'ਤੇ ਸਭ ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ ਵਾਲੇ 7 ਵਾਰਡਾਂ ਨੂੰ ਐਸਸੀ (SC) ਵਰਗ ਲਈ ਰਾਖਵਾਂ ਕੀਤਾ ਜਾਵੇਗਾ।
ਦਸੰਬਰ ਮਹੀਨੇ ਵਿੱਚ ਹੋਣ ਵਾਲੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪ੍ਰਸ਼ਾਸਨ ਵੱਲੋਂ ਅਨੁਸੂਚਿਤ ਜਾਤੀ (SC) ਅਤੇ ਔਰਤਾਂ ਲਈ ਵਾਰਡਾਂ ਦੇ ਰਾਖਵੇਂਕਰਨ ਦੀ ਵਿਵਸਥਾ ਤੈਅ ਕਰਦਿਆਂ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਹੁਕਮਾਂ ਅਨੁਸਾਰ, ਸਾਲ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਆਧਾਰ ‘ਤੇ ਸਭ ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ ਵਾਲੇ 7 ਵਾਰਡਾਂ ਨੂੰ ਐਸਸੀ (SC) ਵਰਗ ਲਈ ਰਾਖਵਾਂ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਨਗਰ ਨਿਗਮ ਵਿੱਚ ਮਹਿਲਾਵਾਂ ਲਈ ਕੁੱਲ 12 ਵਾਰਡ ਰਾਖਵੇਂ ਰੱਖੇ ਗਏ ਹਨ। ਇਨ੍ਹਾਂ ਵਿੱਚੋਂ 9 ਵਾਰਡ ਜਨਰਲ (ਆਮ) ਵਰਗ ਦੀਆਂ ਔਰਤਾਂ ਲਈ ਅਤੇ 3 ਵਾਰਡ ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਨਿਰਧਾਰਿਤ ਕੀਤੇ ਗਏ ਹਨ। ਐਸਸੀ ਮਹਿਲਾਵਾਂ ਲਈ ਰਾਖਵੇਂ ਇਹ 3 ਵਾਰਡ, ਅਨੁਸੂਚਿਤ ਜਾਤੀ ਲਈ ਤੈਅ ਕੀਤੇ ਗਏ ਕੁੱਲ 7 ਵਾਰਡਾਂ ਦਾ ਹੀ ਹਿੱਸਾ ਹੋਣਗੇ। ਇਹ ਸਮੁੱਚੀ ਚੋਣ ਪ੍ਰਕਿਰਿਆ ਰੋਟੇਸ਼ਨ ਪ੍ਰਣਾਲੀ ਦੇ ਆਧਾਰ ‘ਤੇ ਅਮਲ ਵਿੱਚ ਲਿਆਂਦੀ ਜਾਵੇਗੀ। ਸਾਲ 2021 ਦੀਆਂ ਨਿਗਮ ਚੋਣਾਂ ਵਿੱਚ ਜੋ ਵਾਰਡ ਔਰਤਾਂ ਲਈ ਰਾਖਵੇਂ ਸਨ, ਉਨ੍ਹਾਂ ਨੂੰ ਇਸ ਵਾਰ ਡਰਾਅ ਪ੍ਰਕਿਰਿਆ ਤੋਂ ਬਾਹਰ ਰੱਖਿਆ ਜਾਵੇਗਾ। ਮਹਿਲਾ (ਅਤੇ ਐਸਸੀ ਮਹਿਲਾ) ਉਮੀਦਵਾਰਾਂ ਦੇ ਵਾਰਡਾਂ ਦਾ ਫ਼ੈਸਲਾ ਪਾਰਦਰਸ਼ੀ ਤਰੀਕੇ ਨਾਲ ‘ਡਰਾਅ ਆਫ਼ ਲਾਟਸ’ (ਜਨਤਕ ਪਰਚੀ ਪ੍ਰਣਾਲੀ) ਰਾਹੀਂ ਕੀਤਾ ਜਾਵੇਗਾ।
ਸਮਝੋ ਕਿਵੇਂ ਹੋਵੇਗੀ ਵਾਰਡਾਂ ਦੇ ਰਾਖਵੇਂਕਰਨ ਦੀ ਪੂਰੀ ਪ੍ਰਕਿਰਿਆ
ਐਸਸੀ ਉਮੀਦਵਾਰਾਂ ਲਈ 7 ਵਾਰਡ: ਸਾਲ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ ਵਾਲੇ 7 ਵਾਰਡ ਐਸਸੀ ਉਮੀਦਵਾਰਾਂ ਲਈ ਰਾਖਵੇਂ ਹੋਣਗੇ। ਇਹ ਚੋਣ ਰੋਟੇਸ਼ਨ ਵਿਵਸਥਾ ਅਨੁਸਾਰ ਕੀਤੀ ਜਾਵੇਗੀ।
ਪਿਛਲੀ ਵਾਰ ਰਾਖਵੇਂ ਰਹੇ ਵਾਰਡ ਰਹਿਣਗੇ ਬਾਹਰ: ਸਾਲ 2021 ਦੀਆਂ ਚੋਣਾਂ ਦੌਰਾਨ ਜੋ 7 ਵਾਰਡ ਐਸਸੀ ਵਰਗ ਲਈ ਰਾਖਵੇਂ ਸਨ, ਉਨ੍ਹਾਂ ਨੂੰ ਇਸ ਵਾਰ ਦੀ ਸੂਚੀ ਵਿੱਚੋਂ ਬਾਹਰ ਰੱਖਿਆ ਜਾਵੇਗਾ ਅਤੇ ਉਨ੍ਹਾਂ ਤੋਂ ਬਾਅਦ ਅਗਲੀ ਸਭ ਤੋਂ ਵੱਧ ਆਬਾਦੀ ਵਾਲੇ ਵਾਰਡਾਂ ਨੂੰ ਰਾਖਵੇਂਕਰਨ ਵਿੱਚ ਸ਼ਾਮਲ ਕੀਤਾ ਜਾਵੇਗਾ।
ਔਰਤਾਂ ਲਈ 12 ਵਾਰਡ ਰਾਖਵੇਂ: ਕੁੱਲ 12 ਵਾਰਡ ਮਹਿਲਾਵਾਂ ਲਈ ਰਾਖਵੇਂ ਰਹਿਣਗੇ, ਜਿਨ੍ਹਾਂ ਵਿੱਚ 3 ਵਾਰਡ ਐਸਸੀ ਮਹਿਲਾਵਾਂ ਲਈ ਵਿਸ਼ੇਸ਼ ਤੌਰ ‘ਤੇ ਸ਼ਾਮਲ ਕੀਤੇ ਗਏ ਹਨ।
ਇਹ ਵੀ ਪੜ੍ਹੋ
ਜਨਤਕ ਡਰਾਅ ਰਾਹੀਂ ਹੋਵੇਗਾ ਫ਼ੈਸਲਾ: ਮਹਿਲਾਵਾਂ (ਸਮੇਤ ਐਸਸੀ ਮਹਿਲਾਵਾਂ) ਦੇ ਵਾਰਡਾਂ ਦੀ ਚੋਣ ‘ਡਰਾਅ ਆਫ਼ ਲਾਟਸ’ ਯਾਨੀ ਪਰਚੀ ਸਿਸਟਮ ਰਾਹੀਂ ਕੀਤੀ ਜਾਵੇਗੀ। 2021 ਵਿੱਚ ਔਰਤਾਂ ਲਈ ਰਾਖਵੇਂ ਰਹੇ ਵਾਰਡ ਇਸ ਵਾਰ ਡਰਾਅ ਦੀ ਪ੍ਰਕਿਰਿਆ ਦਾ ਹਿੱਸਾ ਨਹੀਂ ਹੋਣਗੇ।
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਲਈ ਬੂਸਟਰ
ਦਸੰਬਰ ਵਿੱਚ ਹੋਣ ਜਾ ਰਹੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਪੰਜਾਬ ਦੀ ਸਿਆਸਤ ਦੇ ਲਿਹਾਜ਼ ਨਾਲ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਇਨ੍ਹਾਂ ਨਿਗਮ ਚੋਣਾਂ ਤੋਂ ਕੁਝ ਸਮੇਂ ਬਾਅਦ ਹੀ ਪੰਜਾਬ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ਵਿੱਚ ਨਗਰ ਨਿਗਮ ਵਿੱਚ ਜਿੱਤ ਦਰਜ ਕਰਨ ਵਾਲੀ ਪਾਰਟੀ ਇਸ ਨਤੀਜੇ ਨੂੰ ਪੰਜਾਬ ਵਿੱਚ ਆਪਣੇ ਪੱਖ ਵਿੱਚ ਸਿਆਸੀ ਹਵਾ ਬਣਾਉਣ ਲਈ ਵੱਡੇ ਪੱਧਰ ‘ਤੇ ਵਰਤਣ ਦੀ ਕੋਸ਼ਿਸ਼ ਕਰੇਗੀ।
ਜ਼ਿਕਰਯੋਗ ਹੈ ਕਿ ਸਾਲ 2021 ਦੀਆਂ ਚੰਡੀਗੜ੍ਹ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 14 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਧਿਰ ਵਜੋਂ ਉਭਾਰ ਹਾਸਲ ਕੀਤਾ ਸੀ। ਇਸ ਤੋਂ ਕਰੀਬ ਤਿੰਨ ਮਹੀਨੇ ਬਾਅਦ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੇ 117 ਵਿੱਚੋਂ ਇਤਿਹਾਸਕ 92 ਸੀਟਾਂ ਜਿੱਤ ਕੇ ਪੂਰਨ ਬਹੁਮਤ ਵਾਲੀ ਸਰਕਾਰ ਬਣਾਈ ਸੀ। ਇਸ ਲਈ ਇਸ ਵਾਰ ਵੀ ਚੰਡੀਗੜ੍ਹ ਨਗਰ ਨਿਗਮ ਦੇ ਚੋਣ ਨਤੀਜਿਆਂ ਨੂੰ ਪੰਜਾਬ ਦੇ ਆਗਾਮੀ ਸਿਆਸੀ ਭਵਿੱਖ ਦਾ ਰੁਖ਼ ਤੈਅ ਕਰਨ ਵਾਲੇ ਇੱਕ ਅਹਿਮ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
