ਚੰਡੀਗੜ੍ਹ ‘ਚ ਬਣੇਗਾ ਪਹਿਲਾ ਡਿਜੀਟਲ ਮਿਊਜ਼ੀਅਮ, ਲੀ ਕਾਰਬੂਜ਼ੀਏ ਸੈਂਟਰ ਦੇ ਨਵੀਨੀਕਰਨ ਲਈ ਕੇਂਦਰ ਨੂੰ ਭੇਜਿਆ ਪ੍ਰਸਤਾਵ

Updated On: 

02 Jul 2026 16:05 PM IST

ਚੰਡੀਗੜ੍ਹ ਦੇ ਇਤਿਹਾਸ ਅਤੇ ਵਿਰਾਸਤ ਨੂੰ ਹੁਣ ਆਧੁਨਿਕ ਤਕਨੀਕਾਂ ਰਾਹੀਂ ਦੁਨੀਆ ਸਾਹਮਣੇ ਪੇਸ਼ ਕਰਨ ਦੀ ਵੱਡੀ ਤਿਆਰੀ ਕੀਤੀ ਜਾ ਰਹੀ ਹੈ। ਸਿਟੀ ਬਿਊਟੀਫੁੱਲ ਦੇ ਸੈਕਟਰ-19 ਵਿੱਚ ਸਥਿਤ ਇਤਿਹਾਸਕ 'ਲੀ ਕਾਰਬੂਜ਼ੀਏ ਸੈਂਟਰ' ਨੂੰ ਸ਼ਹਿਰ ਦਾ ਪਹਿਲਾ ਪੂਰੀ ਤਰ੍ਹਾਂ ਡਿਜੀਟਲ ਅਤੇ ਇੰਟਰਐਕਟਿਵ ਮਿਊਜ਼ੀਅਮ ਬਣਾਉਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ।

ਚੰਡੀਗੜ੍ਹ ਚ ਬਣੇਗਾ ਪਹਿਲਾ ਡਿਜੀਟਲ ਮਿਊਜ਼ੀਅਮ, ਲੀ ਕਾਰਬੂਜ਼ੀਏ ਸੈਂਟਰ ਦੇ ਨਵੀਨੀਕਰਨ ਲਈ ਕੇਂਦਰ ਨੂੰ ਭੇਜਿਆ ਪ੍ਰਸਤਾਵ

ਚੰਡੀਗੜ੍ਹ ਦੇ ਇਤਿਹਾਸ ਅਤੇ ਵਿਰਾਸਤ ਨੂੰ ਹੁਣ ਆਧੁਨਿਕ ਤਕਨੀਕਾਂ ਰਾਹੀਂ ਦੁਨੀਆ ਸਾਹਮਣੇ ਪੇਸ਼ ਕਰਨ ਦੀ ਵੱਡੀ ਤਿਆਰੀ ਕੀਤੀ ਜਾ ਰਹੀ ਹੈ। ਸਿਟੀ ਬਿਊਟੀਫੁੱਲ ਦੇ ਸੈਕਟਰ-19 ਵਿੱਚ ਸਥਿਤ ਇਤਿਹਾਸਕ ‘ਲੀ ਕਾਰਬੂਜ਼ੀਏ ਸੈਂਟਰ’ ਨੂੰ ਸ਼ਹਿਰ ਦਾ ਪਹਿਲਾ ਪੂਰੀ ਤਰ੍ਹਾਂ ਡਿਜੀਟਲ ਅਤੇ ਇੰਟਰਐਕਟਿਵ ਮਿਊਜ਼ੀਅਮ ਬਣਾਉਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ।

ਇਸ ਅਹਿਮ ਪ੍ਰੋਜੈਕਟ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਦੀ ‘ਸਵਦੇਸ਼ ਦਰਸ਼ਨ 2.0’ ਸਕੀਮ ਤਹਿਤ ਇੱਕ ਵਿਸਤ੍ਰਿਤ ਪ੍ਰਸਤਾਵ ਤਿਆਰ ਕਰਕੇ ਭੇਜਿਆ ਗਿਆ ਹੈ। ਜੇਕਰ ਕੇਂਦਰ ਵੱਲੋਂ ਇਸ ਪ੍ਰਸਤਾਵ ਉੱਤੇ ਮੋਹਰ ਲੱਗ ਜਾਂਦੀ ਹੈ, ਤਾਂ ਇਹ ਨਾ ਸਿਰਫ਼ ਚੰਡੀਗੜ੍ਹ ਦਾ ਪਹਿਲਾ ਮੁਕੰਮਲ ਡਿਜੀਟਲ ਮਿਊਜ਼ੀਅਮ ਹੋਵੇਗਾ, ਸਗੋਂ ਇਹ ਸਮੁੱਚੇ ਉੱਤਰੀ ਭਾਰਤ ਦੇ ਪ੍ਰਮੁੱਖ ਡਿਜੀਟਲ ਵਿਰਾਸਤੀ ਕੇਂਦਰਾਂ ਦੀ ਸੂਚੀ ਵਿੱਚ ਵੀ ਆਪਣਾ ਖਾਸ ਮੁਕਾਮ ਬਣਾ ਲਵੇਗਾ।

ਡਿਜੀਟਲ ਅਵਤਾਰ ਵਿੱਚ ਨਜ਼ਰ ਆਵੇਗਾ ਚੰਡੀਗੜ੍ਹ ਦਾ ਇਤਿਹਾਸ

ਮਸ਼ਹੂਰ ਆਰਕੀਟੈਕਟ ਲੀ ਕਾਰਬੂਜ਼ੀਏ ਅਤੇ ਉਨ੍ਹਾਂ ਦੀ ਟੀਮ ਵੱਲੋਂ ਉਲੀਕੇ ਗਏ ਚੰਡੀਗੜ੍ਹ ਸ਼ਹਿਰ ਦੇ ਇਤਿਹਾਸ, ਇਸ ਦੀ ਬਿਹਤਰੀਨ ਵਾਸਤੂਕਲਾ ਅਤੇ ਵਿਕਾਸ ਦੇ ਸਫ਼ਰ ਨੂੰ ਹੁਣ ਆਮ ਲੋਕ ਅਤੇ ਸੈਲਾਨੀ ਤਕਨੀਕੀ ਮਾਧਿਅਮ ਰਾਹੀਂ ਬਹੁਤ ਨੇੜਿਓਂ ਮਹਿਸੂਸ ਕਰ ਸਕਣਗੇ।

ਪ੍ਰਸ਼ਾਸਨ ਦਾ ਮੁੱਖ ਟੀਚਾ ਇੱਥੇ ਸਿਰਫ਼ ਇੱਕ ਰਵਾਇਤੀ ਅਜਾਇਬ ਘਰ ਬਣਾਉਣਾ ਨਹੀਂ ਹੈ, ਬਲਕਿ ਸ਼ਹਿਰ ਦੀ ਅਮੀਰ ਵਿਰਾਸਤ ਨੂੰ ਅੱਜ ਦੀ ਨਵੀਂ ਪੀੜ੍ਹੀ ਅਤੇ ਵਿਸ਼ਵ ਭਰ ਤੋਂ ਆਉਣ ਵਾਲੇ ਸੈਲਾਨੀਆਂ ਤੱਕ ਇੱਕ ਬੇਹੱਦ ਆਕਰਸ਼ਕ ਅਤੇ ਹਾਈਟੈੱਕ ਤਰੀਕੇ ਨਾਲ ਪਹੁੰਚਾਉਣਾ ਹੈ। ਚੰਡੀਗੜ੍ਹ ਸੈਰ-ਸਪਾਟਾ ਵਿਭਾਗ ਦੀ ਡਾਇਰੈਕਟਰ ਰਾਖਿਕਾ ਸਿੰਘ ਅਨੁਸਾਰ, ਫਿਲਹਾਲ ਇਹ ਪ੍ਰੋਜੈਕਟ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਹੈ। ਪ੍ਰਵਾਨਗੀ ਮਿਲਦੇ ਹੀ ਇਸ ਸੈਂਟਰ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਵਰਚੁਅਲ ਰਿਐਲਿਟੀ ਅਤੇ 3D ਤਕਨੀਕ ਨਾਲ ਮਿਲੇਗਾ ਵੱਖਰਾ ਅਨੁਭਵ

ਇਸ ਪ੍ਰਸਤਾਵਿਤ ਡਿਜੀਟਲ ਮਿਊਜ਼ੀਅਮ ਵਿੱਚ ਸੈਲਾਨੀਆਂ ਨੂੰ ਕਈ ਤਰ੍ਹਾਂ ਦੀਆਂ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿੱਚ ਵਰਚੁਅਲ ਰਿਐਲਿਟੀ (VR) ਟੂਰ, ਔਗਮੈਂਟੇਡ ਰਿਐਲਿਟੀ (AR) ‘ਤੇ ਆਧਾਰਿਤ ਪ੍ਰਦਰਸ਼ਨੀਆਂ, ਇੰਟਰਐਕਟਿਵ ਟੱਚ ਸਕਰੀਨਾਂ, 3D ਮਾਡਲ ਅਤੇ ਡਿਜੀਟਲ ਆਰਕਾਈਵਜ਼ ਵਰਗੀਆਂ ਸੁਵਿਧਾਵਾਂ ਸ਼ਾਮਲ ਹੋਣਗੀਆਂ। ਇਨ੍ਹਾਂ ਨਵੀਨਤਮ ਤਕਨੀਕਾਂ ਦੀ ਮਦਦ ਨਾਲ ਸੈਲਾਨੀ ਚੰਡੀਗੜ੍ਹ ਦੇ ਨਿਰਮਾਣ, ਇਸਦੇ ਡਿਜ਼ਾਈਨ ਅਤੇ ਸ਼ਹਿਰ ਦੇ ਵੱਸਣ ਦੀ ਪੂਰੀ ਕਹਾਣੀ ਨੂੰ ਇੱਕ ਨਵੇਂ ਅਤੇ ਜਿਉਂਦੇ-ਜਾਗਦੇ ਰੂਪ ਵਿੱਚ ਵੇਖ ਅਤੇ ਸਮਝ ਸਕਣਗੇ। ਇਸ ਤੋਂ ਇਲਾਵਾ, ਸ਼ਹਿਰ ਦੇ ਪੁਰਾਣੇ ਨਕਸ਼ਿਆਂ, ਜ਼ਰੂਰੀ ਦਸਤਾਵੇਜ਼ਾਂ ਅਤੇ ਇਤਿਹਾਸਕ ਰਿਕਾਰਡਾਂ ਨੂੰ ਵੀ ਡਿਜੀਟਲ ਰੂਪ ਵਿੱਚ ਹਮੇਸ਼ਾ ਲਈ ਸੁਰੱਖਿਅਤ ਕੀਤਾ ਜਾਵੇਗਾ।

ਇਤਿਹਾਸ ਮਹਿਸੂਸ ਕਰਵਾਉਣ ਦੀ ਹੈ ਤਿਆਰੀ

ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਦਾ ਸਪੱਸ਼ਟ ਕਹਿਣਾ ਹੈ ਕਿ ਇਸ ਪ੍ਰੋਜੈਕਟ ਦਾ ਉਦੇਸ਼ ਮਹਿਜ਼ ਪੁਰਾਣੀਆਂ ਵਸਤਾਂ ਨੂੰ ਸ਼ੀਸ਼ੇ ਪਿੱਛੇ ਪ੍ਰਦਰਸ਼ਿਤ ਕਰਨਾ ਨਹੀਂ ਹੈ। ਇਸ ਦੀ ਬਜਾਏ, ਵਿਭਾਗ ਲੋਕਾਂ ਨੂੰ ਚੰਡੀਗੜ੍ਹ ਦੇ ਇਤਿਹਾਸ ਅਤੇ ਵਾਸਤੂਕਲਾ ਦੇ ਨਾਲ ਭਾਵਨਾਤਮਕ ਅਤੇ ਅਨੁਭਵਾਤਮਕ ਤੌਰ ‘ਤੇ ਜੋੜਨਾ ਚਾਹੁੰਦਾ ਹੈ। ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਜਦੋਂ ਵੀ ਕੋਈ ਸੈਲਾਨੀ ਇੱਥੇ ਆਵੇ, ਤਾਂ ਉਹ ਸ਼ਹਿਰ ਦੇ ਬਣਨ ਦੀ ਪੂਰੀ ਗਾਥਾ ਨੂੰ ਆਧੁਨਿਕ ਤਕਨੀਕਾਂ ਰਾਹੀਂ ਆਪਣੇ ਅੰਦਰ ਮਹਿਸੂਸ ਕਰ ਸਕੇ ਅਤੇ ਇੱਕ ਯਾਦਗਾਰ ਤਜਰਬਾ ਲੈ ਕੇ ਜਾਵੇ।

ਸੈਕਟਰ-19 ਵਿੱਚ ਬਣੇ ਇਸ ਲੀ ਕਾਰਬੂਜ਼ੀਏ ਸੈਂਟਰ ਦੀ ਆਪਣੀ ਇੱਕ ਬਹੁਤ ਹੀ ਖਾਸ ਇਤਿਹਾਸਕ ਮਹੱਤਤਾ ਹੈ। ਸਾਲ 1951 ਵਿੱਚ ਇਸ ਇਮਾਰਤ ਨੂੰ ਇੱਕ ਅਸਥਾਈ ਢਾਂਚੇ ਵਜੋਂ ਬਣਾਇਆ ਗਿਆ ਸੀ। ਇਹ ਉਹੀ ਇਤਿਹਾਸਕ ਥਾਂ ਹੈ ਜਿੱਥੇ ਬੈਠ ਕੇ ਵਿਸ਼ਵ ਪ੍ਰਸਿੱਧ ਆਰਕੀਟੈਕਟ ਲੀ ਕਾਰਬੂਜ਼ੀਏ, ਪੀਅਰੇ ਜੇਨੇਰੇ ਅਤੇ ਉਨ੍ਹਾਂ ਦੀ ਅੰਤਰਰਾਸ਼ਟਰੀ ਟੀਮ ਨੇ ਆਜ਼ਾਦ ਭਾਰਤ ਦੇ ਪਹਿਲੇ ਯੋਜਨਾਬੱਧ ਸ਼ਹਿਰ ਚੰਡੀਗੜ੍ਹ ਦਾ ਮੁਕੰਮਲ ਮਾਸਟਰ ਪਲਾਨ ਉਲੀਕਿਆ ਸੀ। ਇਤਿਹਾਸ ਦੇ ਇਸ ਅਹਿਮ ਪੰਨੇ ਦੀ ਗਵਾਹ ਇਹ ਇਮਾਰਤ ਅੱਜ ਵੀ ਆਪਣੀ ਵਿਲੱਖਣ ਬਣਤਰ ਅਤੇ ਡਿਜ਼ਾਈਨ ਕਾਰਨ ਆਪਣੀ ਇੱਕ ਵੱਖਰੀ ਪਛਾਣ ਕਾਇਮ ਰੱਖੀ ਹੋਈ ਹੈ।

ਕੀ ਹੈ ਕੇਂਦਰ ਦੀ ‘ਸਵਦੇਸ਼ ਦਰਸ਼ਨ 2.0’ ਸਕੀਮ?

ਜ਼ਿਕਰਯੋਗ ਹੈ ਕਿ ‘ਸਵਦੇਸ਼ ਦਰਸ਼ਨ 2.0’ ਕੇਂਦਰ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਵੱਲੋਂ ਚਲਾਈ ਗਈ ਇੱਕ ਅਹਿਮ ਅਤੇ ਅਭਿਲਾਸ਼ੀ ਯੋਜਨਾ ਹੈ। ਇਸ ਯੋਜਨਾ ਦਾ ਮਕਸਦ ਸਿਰਫ਼ ਸੈਰ-ਸਪਾਟਾ ਸਥਾਨਾਂ ਨੂੰ ਸੁੰਦਰ ਬਣਾਉਣਾ ਹੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਟਿਕਾਊ, ਜ਼ਿੰਮੇਵਾਰਾਨਾ ਅਤੇ ਅਨੁਭਵ ‘ਤੇ ਆਧਾਰਿਤ ਟੂਰਿਜ਼ਮ ਸੈਂਟਰਾਂ ਵਜੋਂ ਵਿਕਸਤ ਕਰਨਾ ਹੈ। ਇਸ ਨਾਲ ਸੈਲਾਨੀਆਂ ਨੂੰ ਸਿਰਫ਼ ਘੁੰਮਣ-ਫਿਰਨ ਦਾ ਹੀ ਨਹੀਂ, ਸਗੋਂ ਉਸ ਜਗ੍ਹਾ ਦੇ ਇਤਿਹਾਸ ਨੂੰ ਡੂੰਘਾਈ ਨਾਲ ਸਮਝਣ ਅਤੇ ਮਹਿਸੂਸ ਕਰਨ ਦਾ ਪੂਰਾ ਮੌਕਾ ਮਿਲਦਾ ਹੈ।

Loading...
Unable to load recommendations.
Follow Us