ਚੰਡੀਗੜ੍ਹ ਦੇ ਮੈਡੀਕਲ ਹਾਲ ‘ਚ ਦਿਨ-ਦਿਹਾੜੇ ਹੋਏ ਕਤਲਕਾਂਡ ‘ਚ ਵੱਡੀ ਕਾਮਯਾਬੀ, ਜੰਮੂ-ਕਸ਼ਮੀਰ ਤੋਂ ਦੋ ਮੁਲਜ਼ਮ ਗ੍ਰਿਫ਼ਤਾਰ

Updated On: 

17 Jun 2026 23:11 PM IST

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੂਸਾਰ ਚੰਡੀਗੜ੍ਹ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ, ਜੰਮੂ-ਕਸ਼ਮੀਰ ਪੁਲਿਸ ਦੇ ਸਹਿਯੋਗ ਨਾਲ, ਬੀਤੀ 13 ਜੂਨ ਨੂੰ ਸੈਕਟਰ 11 ਸਥਿਤ 'ਸ੍ਰੀ ਕੁਮਾਰ ਮੈਡੀਕਲ ਹਾਲ' ਵਿੱਚ ਦਿਨ-ਦਿਹਾੜੇ ਹੋਏ ਖੂਨੀ ਹਮਲੇ ਦੇ ਮਾਮਲੇ ਵਿੱਚ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਚੰਡੀਗੜ੍ਹ ਦੇ ਮੈਡੀਕਲ ਹਾਲ ਚ ਦਿਨ-ਦਿਹਾੜੇ ਹੋਏ ਕਤਲਕਾਂਡ ਚ ਵੱਡੀ ਕਾਮਯਾਬੀ, ਜੰਮੂ-ਕਸ਼ਮੀਰ ਤੋਂ ਦੋ ਮੁਲਜ਼ਮ ਗ੍ਰਿਫ਼ਤਾਰ

ਸੰਕੇਤਰ ਤਸਵੀਰ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੂਸਾਰ ਚੰਡੀਗੜ੍ਹ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ, ਜੰਮੂ-ਕਸ਼ਮੀਰ ਪੁਲਿਸ ਦੇ ਸਹਿਯੋਗ ਨਾਲ, ਬੀਤੀ 13 ਜੂਨ ਨੂੰ ਸੈਕਟਰ 11 ਸਥਿਤ ‘ਸ੍ਰੀ ਕੁਮਾਰ ਮੈਡੀਕਲ ਹਾਲ’ ਵਿੱਚ ਦਿਨ-ਦਿਹਾੜੇ ਹੋਏ ਖੂਨੀ ਹਮਲੇ ਦੇ ਮਾਮਲੇ ਵਿੱਚ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਆਰੀਅਨ ਅਤੇ ਸੰਨੀ ਮਹਿਰਾ ਵਜੋਂ ਹੋਈ ਹੈ। ਦੱਸ ਦੇਈਏ ਕਿ ਇਸ ਦਿਲ ਕੰਬਾਊ ਹਮਲੇ ਦੌਰਾਨ 45 ਸਾਲਾ ਜਾਨਕੀ ਦਾਸ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਸੀ।

ਤੀਜਾ ਸ਼ੂਟਰ ਅਜੇ ਵੀ ਫ਼ਰਾਰ

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਤੀਜਾ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਿਹਾ ਹੈ। ਉਸੇ ਮੁਲਜ਼ਮ ਨੇ ਹਮਲੇ ਦੌਰਾਨ ਇੱਕ ਅਤਿ-ਆਧੁਨਿਕ ਹਥਿਆਰ ਨਾਲ ਤਾਬੜਤੋੜ ਤਕਰੀਬਨ 13 ਰਾਊਂਡ ਫਾਇਰਿੰਗ ਕੀਤੀ ਸੀ। ਇਸ ਦੇ ਨਾਲ ਹੀ ਵਾਰਦਾਤ ਵਿੱਚ ਇਸਤੇਮਾਲ ਕੀਤਾ ਗਿਆ ਉਹ ਆਧੁਨਿਕ ਹਥਿਆਰ ਵੀ ਅਜੇ ਤੱਕ ਪੁਲਿਸ ਵੱਲੋਂ ਬਰਾਮਦ ਨਹੀਂ ਕੀਤਾ ਜਾ ਸਕਿਆ ਹੈ।

ਰਾਜੌਰੀ ਤੋਂ ਹੋਈ ਗ੍ਰਿਫ਼ਤਾਰੀ

ਪੁਲਿਸ ਟੀਮਾਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਹਰ ਸੰਭਵ ਟਿਕਾਣੇ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਅਖੀਰ ਸੁਰਾਗ ਮਿਲਣ ਤੋਂ ਬਾਅਦ ਪੁਲਿਸ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਇਲਾਕੇ ਵਿੱਚ ਜਾਲ ਵਿਛਾ ਕੇ ਇਨ੍ਹਾਂ ਦੋਵਾਂ ਸ਼ੱਕੀਆਂ ਨੂੰ ਦਬੋਚ ਲਿਆ। ਉੱਚ ਪੱਧਰੀ ਸੂਤਰਾਂ ਮੁਤਾਬਕ, ਕਾਬੂ ਕੀਤੇ ਗਏ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਚੰਡੀਗੜ੍ਹ ਲਿਆਂਦੇ ਜਾਣ ਦੀ ਪੂਰੀ ਉਮੀਦ ਹੈ, ਜਿੱਥੇ ਪੁਲਿਸ ਵੱਲੋਂ ਉਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਪੁੱਛਗਿੱਛ ਅਤੇ ਜਾਂਚ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ।

ਕਈ ਸੂਬਿਆਂ ਦੀ ਪੁਲਿਸ ਦਾ ਸਾਂਝਾ ਅਪਰੇਸ਼ਨ

ਸੂਤਰਾਂ ਨੇ ਦੱਸਿਆ ਕਿ ਇਸ ਵੱਡੇ ਅਪਰੇਸ਼ਨ ਨੂੰ ਨੇਪਰੇ ਚਾੜ੍ਹਨ ਲਈ ਕਈ ਸੂਬਿਆਂ ਦੀਆਂ ਪੁਲਿਸ ਟੀਮਾਂ ਆਪਸੀ ਤਾਲਮੇਲ ਨਾਲ ਕੰਮ ਕਰ ਰਹੀਆਂ ਸਨ। ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਮੁਲਜ਼ਮ ਪਹਿਲਾਂ ਹੀ ਇੱਕ ਪੁਲਿਸ ਅਧਿਕਾਰੀ ਦੇ ਰਿਸ਼ਤੇਦਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ ਰਾਡਾਰ ‘ਤੇ ਚੱਲ ਰਿਹਾ ਸੀ।

ਡਿਜੀਟਲ ਫੁੱਟਪ੍ਰਿੰਟਸ ਨਾਲ ਮਿਲਿਆ ਸੁਰਾਗ

ਇੱਕ ਪੁਲਿਸ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਮੁਲਜ਼ਮਾਂ ਤੱਕ ਪਹੁੰਚਣ ਲਈ ਉਨ੍ਹਾਂ ਦੇ ਡਿਜੀਟਲ ਫੁੱਟਪ੍ਰਿੰਟਸ (ਇੰਟਰਨੈੱਟ ਅਤੇ ਮੋਬਾਈਲ ਲੋਕੇਸ਼ਨ/ਗਤੀਵਿਧੀਆਂ) ਅਤੇ ਸਰਵੇਲੈਂਸ (ਨਿਗਰਾਨੀ) ਇਨਪੁਟਸ ਦੀ ਮਦਦ ਲਈ ਗਈ ਸੀ, ਜਿਸ ਸਦਕਾ ਉਨ੍ਹਾਂ ਦਾ ਸਹੀ ਟਿਕਾਣਾ ਟ੍ਰੇਸ ਹੋ ਸਕਿਆ। ਇਸ ਤੋਂ ਇਲਾਵਾ, ਪੁਲਿਸ ਨੇ ਵਾਰਦਾਤ ਲਈ ਹਥਿਆਰ ਸਪਲਾਈ ਕਰਨ ਦੇ ਸ਼ੱਕ ਵਿੱਚ ਕੁਝ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Follow Us