ਪੰਜਾਬ ਦੇ ਮੁੱਖ ਜੰਕਸ਼ਨਾਂ ‘ਤੇ ਜਲਦ ਲਗਾਏ ਜਾਣਗੇ ਸੀ.ਸੀ.ਟੀ.ਵੀ. ਕੈਮਰੇ
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਹੈ ਕਿ ਪੰਜਾਬ ਦੇ ਸਾਰੇ ਮੁੱਖ ਜੰਕਸ਼ਨਾਂ ਉੱਤੇ ਬਹੁਤ ਜਲਦ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾ ਰਹੇ ਹਨ ਤਾਂ ਜੋ ਟ੍ਰੈਫਿਕ ਦੀ ਨਿਗਰਾਨੀ ਸਹੀ ਤਰੀਕੇ ਕੀਤੀ ਜਾ ਸਕੇ।
ਮੋਹਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਰੋਡ ਐਕਸੀਡੈਂਟ ਰਿਪੋਰਟ-2021 ਅਨੁਸਾਰ ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਰੋਜ਼ਾਨਾ 13 ਲੋਕ ਆਪਣੀ ਜਾਨ ਗੁਆ ਰਹੇ ਹਨ। ਇਨ੍ਹਾਂ ਸੜਕ ਹਾਦਸਿਆਂ ਵਿੱਚ ਮਰਨ ਵਾਲੇ 70 ਫ਼ੀਸਦੀ ਲੋਕ 18 ਤੋਂ 45 ਸਾਲ ਉਮਰ ਦੇ ਹੁੰਦੇ ਹਨ।
ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਕਰੋ ਟ੍ਰੈਫਿਕ ਨਿਯਮਾਂ ਦੀ ਪਾਲਣਾ
ਭੁੱਲਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸੜਕ ਦੁਰਘਟਨਾਵਾਂ ਨੂੰ ਰੋਕਣ ਵਿੱਚ ਸਭ ਤੋਂ ਵੱਧ ਕਾਰਗਾਰ ਅਮਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਹੈ ਅਤੇ ਸਾਡੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਭ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦਾ ਕਾਰਜ ਸਕੂਲ ਪੱਧਰ ‘ਤੇ ਹੀ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਬਾਲਗ ਹੋਣ ਤੱਕ ਟ੍ਰੈਫਿਕ ਨਿਯਮਾਂ ਪ੍ਰਤੀ ਉਹ ਪੂਰੀ ਤਰ੍ਹਾਂ ਜਾਗਰੂਕ ਹੋ ਸਕਣ।
ਦੋ ਪਹੀਆ ਵਾਹਨ ਚਾਲਕਾਂ ਨੂੰ ਵੰਡੇ ਮੁਫਤ ਹੈਲਮੇਟ
ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਆਪਣੇ ਸੰਬੋਧਨ ਦੌਰਾਨ ਕਾਰ ਦੀ ਪਿਛਲੀ ਸੀਟ ਤੇ ਬੈਲਟ ਲਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਦੇ ਨਾਮੀ ਵਿਅਕਤੀ ਸਾਇਰਸ ਮਿਸਤਰੀ ਦੀ ਮੌਤ ਇਸੇ ਕਾਰਨ ਹੋਈ ਕਿਉਂਕਿ ਉਨ੍ਹਾਂ ਨੇ ਪਿਛਲੀ ਸੀਟ ਬੈਲਟ ਨਹੀਂ ਲਾਈ ਸੀ। ਸਮਾਗਮ ਉਪਰੰਤ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਸਕੂਲੀ ਬੱਚਿਆਂ ਨੇ ਟਰਾਂਸਪੋਰਟ ਮੰਤਰੀ ਦੀ ਅਗਵਾਈ ਹੇਠ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਸਬੰਧੀ ਸਰਕਾਰੀ ਸਕੂਲ 3ਬੀ1 ਤੋਂ 3-5 ਲਾਇਟ ਪੁਆਇੰਟ ਤੱਕ ਵਿਸ਼ੇਸ਼ ਰੈਲੀ ਕੱਢੀ। ਰੈਲੀ ਦੇ ਸਮਾਪਤੀ ਮੌਕੇ ਟਰਾਂਸਪੋਰਟ ਮੰਤਰੀ ਵੱਲੋਂ ਬਿਨਾਂ ਹੈਲਮੇਟ ਦੋ ਪਹੀਆ ਵਾਹਨ ਚਾਲਕਾਂ ਨੂੰ ਮੁਫਤ ਹੈਲਮੇਟ ਵੀ ਵੰਡੇ ਗਏ ਅਤੇ ਵਾਹਨਾਂ ‘ਤੇ ਰਿਫ਼ਲੈਕਟਰ ਲਾਏ ਗਏ। ਉਨ੍ਹਾਂ ਰਾਹਗੀਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਵੀ ਕੀਤਾ।