ਮਾਨਸਾ ਝੋਟਾ ਕਤਲ ਕਾਂਡ ‘ਚ CBI ਦੀ ਜਾਂਚ ਜਾਰੀ, ਦੁਕਾਨ ਦਾ ਮਲਬਾ ਹਟਾਉਣ ਪਹੁੰਚੀ ਟੀਮ, ਹਾਈਕੋਰਟ ਨੇ ਵੀ ਮੰਗੀ ਸਟੇਟਸ ਰਿਪੋਰਟ

Published: 

04 Nov 2026 12:17 PM IST

Parvinder Singh Jhota: ਮਾਨਸਾ ਵਿੱਚ ਐਂਟੀ ਡਰੱਗ ਐਕਟਿਵਿਸਟ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਜਾਂਚ ਏਜੰਸੀਆਂ ਦੀ ਕਾਰਵਾਈ ਲਗਾਤਾਰ ਜਾਰੀ ਹੈ। ਮਾਨਸਾ ਵਿੱਚ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਦੀ ਤੋੜੀ ਗਈ ਦੁਕਾਨ ਦਾ ਮਲਬਾ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।

ਮਾਨਸਾ ਝੋਟਾ ਕਤਲ ਕਾਂਡ ਚ CBI ਦੀ ਜਾਂਚ ਜਾਰੀ, ਦੁਕਾਨ ਦਾ ਮਲਬਾ ਹਟਾਉਣ ਪਹੁੰਚੀ ਟੀਮ, ਹਾਈਕੋਰਟ ਨੇ ਵੀ ਮੰਗੀ ਸਟੇਟਸ ਰਿਪੋਰਟ

ਮਾਨਸਾ ਝੋਟਾ ਕਤਲ ਕਾਂਡ 'ਚ CBI ਦੀ ਕਾਰਵਾਈ ਜਾਰੀ

ਮਾਨਸਾ ਵਿੱਚ ਐਂਟੀ ਡਰੱਗ ਐਕਟਿਵਿਸਟ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਜਾਂਚ ਏਜੰਸੀਆਂ ਦੀ ਕਾਰਵਾਈ ਲਗਾਤਾਰ ਜਾਰੀ ਹੈ। ਮਾਨਸਾ ਵਿੱਚ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਦੀ ਤੋੜੀ ਗਈ ਦੁਕਾਨ ਦਾ ਮਲਬਾ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਮਾਮਲੇ ਵਿੱਚ 1,000 ਤੋਂ 1,200 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। CBI ਟੀਮ ਅਤੇ ਪੁਲਿਸ ਅਧਿਕਾਰੀ JCB ਮਸ਼ੀਨ ਲੈ ਕੇ ਮੌਕੇ ‘ਤੇ ਪਹੁੰਚੇ। ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦੁਕਾਨ ਦਾ ਮਲਬਾ ਹਟਾਇਆ ਗਿਆ। ਜ਼ਿਕਰਯੋਗ ਹੈ ਕਿ 13 ਅਕਤੂਬਰ 2026 ਨੂੰ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਮੈਡੀਕਲ ਸਟੋਰ ਦਾ ਸੰਚਾਲਕ ਅਸ਼ਵਨੀ ਕੁਮਾਰ ਮੁੱਖ ਮੁਲਜ਼ਮ ਹੈ।

ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ

ਇਸ ਦੌਰਾਨ ਝੋਟਾ ਕਤਲ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਤਲਬ ਕੀਤੀ ਹੈ। ਅਦਾਲਤ ਨੇ ਸਰਕਾਰ ਨੂੰ ਹੁਣ ਤੱਕ ਕੀਤੀ ਗਈ ਕਾਰਵਾਈ ਦਾ ਪੂਰਾ ਵੇਰਵਾ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ, ਜੇਕਰ ਮੁਲਜ਼ਮ ਦੇ ਮਕਾਨ ਢਾਹੇ ਗਏ ਹਨ ਤਾਂ ਉਨ੍ਹਾਂ ਬਾਰੇ ਜਾਣਕਾਰੀ ਅਤੇ ਇਸ ਲਈ ਅਪਣਾਈ ਗਈ ਕਾਨੂੰਨੀ ਪ੍ਰਕਿਰਿਆ ਦਾ ਵੇਰਵਾ ਵੀ ਦੇਣ ਲਈ ਕਿਹਾ ਗਿਆ ਹੈ।

ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੀ ਡਿਵੀਜ਼ਨ ਬੈਂਚ ਨੇ ਖੁਦ ਨੋਟਿਸ ਲੈਂਦਿਆਂ ਦਾਇਰ ਜਨਹਿੱਤ ਪਟੀਸ਼ਨ (ਸੂਓ ਮੋਟੋ PIL) ਅਤੇ ਲਾਭ ਸਿੰਘ ਵੱਲੋਂ ਦਾਇਰ ਸਬੰਧਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਹ ਨਿਰਦੇਸ਼ ਦਿੱਤੇ।

ਪਟੀਸ਼ਨਕਰਤਾਵਾਂ ਨੇ ਅਦਾਲਤ ਵਿੱਚ ਚੁੱਕਿਆ ਮਾਮਲਾ

ਸੁਣਵਾਈ ਦੌਰਾਨ ਪਟੀਸ਼ਨਕਰਤਾਵਾਂ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਮਾਨਸਾ ਵਿੱਚ ਐਂਟੀ ਡਰੱਗ ਐਕਟਿਵਿਸਟ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਅਖ਼ਬਾਰਾਂ ਵਿੱਚ ਵੀ ਕਈ ਘਟਨਾਵਾਂ ਅਤੇ ਇਸ ਨਾਲ ਸਬੰਧਤ ਗਤੀਵਿਧੀਆਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਸਨ। ਪਟੀਸ਼ਨਕਰਤਾਵਾਂ ਵੱਲੋਂ ਸੀਨੀਅਰ ਵਕੀਲ ਬਲਤੇਜ ਸਿੰਘ ਸਿੱਧੂ ਨੇ ਵਕੀਲ ਹਿੰਮਤ ਸਿੰਘ ਸਿੱਧੂ, ਮੰਨਤ ਖੁਰਾਣਾ ਅਤੇ ਅਰਜੁਨ ਸਿੰਘ ਦੇ ਨਾਲ ਪੱਖ ਰੱਖਿਆ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ ਨੂੰ ਹੋਵੇਗੀ।

ਤਰੀਕ ਮੁਤਾਬਕ ਜਾਣੋ ਝੋਟਾ ਕਤਲ ਕਾਂਡ ਦੀ ਹੁਣ ਤੱਕ ਦੀ ਜਾਂਚ

13 ਅਕਤੂਬਰ 2026: ਮਾਨਸਾ ਵਿੱਚ ਐਂਟੀ ਡਰੱਗ ਐਕਟਿਵਿਸਟ ਪਰਵਿੰਦਰ ਸਿੰਘ ਝੋਟਾ ਦੀ ਇੱਕ ਮੈਡੀਕਲ ਸਟੋਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਵਿੱਚ ਚਾਰ ਹੋਰ ਲੋਕ ਵੀ ਜ਼ਖ਼ਮੀ ਹੋਏ ਸਨ। ਦੱਸਿਆ ਜਾਂਦਾ ਹੈ ਕਿ ਝੋਟਾ ਉਸ ਸਮੇਂ ਮੈਡੀਕਲ ਸਟੋਰ ਦੇ ਸੰਚਾਲਕ ਅਸ਼ਵਨੀ ਕੁਮਾਰ ਤੋਂ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਲੈ ਕੇ ਸਵਾਲ ਕਰ ਰਹੇ ਸਨ।

14 ਅਕਤੂਬਰ 2026: ਘਟਨਾ ਤੋਂ ਅਗਲੇ ਦਿਨ ਗੁੱਸੇ ਵਿੱਚ ਆਈ ਭੀੜ ਨੇ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਵਿੱਚ ਭੰਨਤੋੜ ਕੀਤੀ, ਉਸ ਨੂੰ ਢਾਹ ਦਿੱਤਾ ਅਤੇ ਅੱਗ ਲਗਾ ਦਿੱਤੀ। ਇਸੇ ਦੌਰਾਨ ਪ੍ਰਸ਼ਾਸਨ ਨੇ ਅਸ਼ਵਨੀ ਦੇ ਮਕਾਨ ਦਾ ਅਗਲਾ ਹਿੱਸਾ ਵੀ ਢਾਹ ਦਿੱਤਾ। ਦੁਕਾਨ ਢਾਹੁਣ ਦੀ ਕਾਰਵਾਈ ਦੌਰਾਨ ਪ੍ਰਸ਼ਾਸਨ ਦੀ JCB ਮਸ਼ੀਨ ਤੋਂ ਬਾਅਦ ਭੀੜ ਵੀ ਇਸ ਵਿੱਚ ਸ਼ਾਮਲ ਹੋ ਗਈ ਸੀ।

14 ਅਕਤੂਬਰ 2026: ਮਾਨਸਾ ਸਿਟੀ-2 ਥਾਣੇ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਅਸ਼ਵਨੀ ਕੁਮਾਰ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ ਕੀਤਾ। ਬਾਅਦ ਵਿੱਚ ਉਸ ਦੀ ਪਤਨੀ ਨੀਲਮ ਰਾਣੀ, ਵਿਪਿਨ ਗਰਗ ਅਤੇ ਲਾਡੀ ਨੂੰ ਵੀ ਮੁਲਜ਼ਮ ਬਣਾਇਆ ਗਿਆ।

20 ਅਕਤੂਬਰ 2026: ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ CBI ਨੂੰ ਸੌਂਪਣ ਦਾ ਫੈਸਲਾ ਕੀਤਾ। ਇਸੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।

21 ਅਕਤੂਬਰ 2026: CBI ਦੀ ਟੀਮ ਰਾਤ ਕਰੀਬ 12 ਵਜੇ ਮਾਨਸਾ ਪਹੁੰਚੀ। ਟੀਮ ਨੇ ਸਥਾਨਕ ਪੁਲਿਸ ਤੋਂ ਕੇਸ ਦੀਆਂ ਫਾਈਲਾਂ ਅਤੇ ਸਬੰਧਤ ਰਿਕਾਰਡ ਆਪਣੇ ਕਬਜ਼ੇ ਵਿੱਚ ਲਏ। DIG ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਜਾਂਚ ਸ਼ੁਰੂ ਕੀਤੀ ਗਈ।

21 ਅਕਤੂਬਰ 2026: CBI ਦੇ ਨਾਲ ਚੰਡੀਗੜ੍ਹ ਦੀ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ (CFSL) ਦੀ ਟੀਮ ਨੇ ਘਟਨਾ ਵਾਲੀ ਥਾਂ ਅਤੇ ਢਾਹੇ ਗਏ ਮੈਡੀਕਲ ਸਟੋਰ ਦਾ ਨਿਰੀਖਣ ਕੀਤਾ। ਦੁਕਾਨ ਦੇ ਬਾਹਰ ਅਤੇ ਆਲੇ-ਦੁਆਲੇ ਤੋਂ ਫੋਰੈਂਸਿਕ ਸੈਂਪਲ ਲਏ ਗਏ। ਝੋਟਾ ਨੂੰ ਗੋਲੀ ਲੱਗਣ ਤੋਂ ਬਾਅਦ ਜਿਸ ਜੁੱਤੀਆਂ ਦੀ ਦੁਕਾਨ ‘ਤੇ ਪਹੁੰਚਣ ਦੀ ਗੱਲ ਸਾਹਮਣੇ ਆਈ ਸੀ, ਉੱਥੇ ਵੀ ਜਾਂਚ ਕੀਤੀ ਗਈ। ਆਲੇ-ਦੁਆਲੇ ਦੇ ਦੁਕਾਨਦਾਰਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਦੁਕਾਨ ਤੋਂ ਡਿਜੀਟਲ ਵੀਡੀਓ ਰਿਕਾਰਡਰ (DVR) ਵੀ ਕਬਜ਼ੇ ਵਿੱਚ ਲੈਣ ਦੀ ਜਾਣਕਾਰੀ ਸਾਹਮਣੇ ਆਈ।

22 ਅਕਤੂਬਰ 2026: CBI ਨੇ ਚੰਡੀਗੜ੍ਹ ਵਿੱਚ ਨਵੀਂ FIR ਦਰਜ ਕਰਕੇ ਜਾਂਚ ਰਸਮੀ ਤੌਰ ‘ਤੇ ਆਪਣੇ ਹੱਥਾਂ ਵਿੱਚ ਲੈ ਲਈ। ਇਸ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਅਪਰਾਧਿਕ ਸਾਜ਼ਿਸ਼ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ।

22-23 ਅਕਤੂਬਰ 2026: CBI ਨੇ ਝੋਟਾ ਦੇ ਪਿਤਾ ਭੀਮ ਸਿੰਘ, ਪਤਨੀ ਮਨਪ੍ਰੀਤ ਕੌਰ ਅਤੇ ਮਾਤਾ ਅਮਰਜੀਤ ਕੌਰ ਦੇ ਬਿਆਨ ਦਰਜ ਕੀਤੇ। ਇਸ ਤੋਂ ਇਲਾਵਾ ਅਸ਼ਵਨੀ ਕੁਮਾਰ ਅਤੇ ਉਸ ਦੇ ਰਿਸ਼ਤੇਦਾਰ ਵਿਪਿਨ ਦੇ ਘਰਾਂ ਦੀ ਜਾਂਚ ਕੀਤੀ ਗਈ ਅਤੇ ਗੁਆਂਢੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ।

24-25 ਅਕਤੂਬਰ 2026: CBI ਨੇ ਨਸ਼ੀਲੀਆਂ ਦਵਾਈਆਂ ਦੀ ਕਥਿਤ ਗੈਰ-ਕਾਨੂੰਨੀ ਵਿਕਰੀ ਦੇ ਪਹਿਲੂ ਤੋਂ ਮਾਨਸਾ ਦੇ ਹੋਰ ਮੈਡੀਕਲ ਸਟੋਰਾਂ ਦੀ ਵੀ ਜਾਂਚ ਕੀਤੀ। ਇਸ ਦੌਰਾਨ ਤਿੰਨ ਮੈਡੀਕਲ ਸਟੋਰਾਂ ਦਾ ਨਿਰੀਖਣ ਕੀਤਾ ਗਿਆ।

Loading...
Unable to load recommendations.
Follow Us