ਸੰਗਰੂਰ, ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਸ੍ਰੀ ਅਮਨ ਅਰੋੜਾ ਵੱਲੋਂ ਅੱਜ ਸੰਗਰੂਰ ਵਿਖੇ ਐਮਪੀਐਲ 10ਵੀਂ ਨੈਸ਼ਨਲ ਅਮੇਚਿਓਰ ਚੈੱਸ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੂੰ ਸ਼ਾਨਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਆਪਣੇ ਖੇਡ ਹੁਨਰ ਵਿਚ ਨਿਖਾਰ ਲਿਆਉਣ ਲਈ ਨਿਰੰਤਰ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਜੁਟੇ ਰਹਿਣ ਵਾਲੇ ਹੀ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹਣ ਦੇ ਸਮਰੱਥ ਬਣਦੇ ਹਨ। ਉਨ੍ਹਾਂ ਚੈੱਸ ਖੇਡ ਮੁਕਾਬਲਿਆਂ ਦਾ ਆਯੋਜਨ ਕਰਨ ਲਈ ਜ਼ਿਲ੍ਹਾ ਸੰਗਰੂਰ ਚੈੱਸ ਐਸੋਸੀਏਸ਼ਨ ਦੀ ਸ਼ਲਾਘਾ ਕੀਤੀ। ਸ੍ਰੀ ਅਰੋੜਾ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਸ਼ਤਰੰਜ ਖੇਡ ਦਾ ਨੈਸ਼ਨਲ ਅਮੇਚਿਓਰ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਦੇਸ਼ ਦੇ 24 ਰਾਜਾਂ ਦੇ 385 ਖਿਡਾਰੀ ਹਿੱਸਾ ਲੈ ਰਹੇ ਹਨ।
22 ਫਰਵਰੀ ਤੱਕ ਚਲੇਗੀ ਚੈੱਸ ਚੈਂਪੀਅਨਸ਼ਿਪ
ਉਨ੍ਹਾਂ ਕਿਹਾ ਕਿ 22 ਫਰਵਰੀ ਤੱਕ ਚੱਲਣ ਵਾਲੀ ਇਸ ਚੈੱਸ ਚੈਂਪੀਅਨਸ਼ਿਪ ਦੇ ਜੇਤੂ ਵਿਸ਼ਵ ਅਮੇਚਿਓਰ ਚੈੱਸ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਸ਼ਮਾਂ ਰੌਸ਼ਨ ਕਰਕੇ ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਕੀਤਾ।ਇਸ ਮੌਕੇ ਮਨੀਸ਼ ਥਾਪਰ ਪ੍ਰਧਾਨ ਪੰਜਾਬ ਸਟੇਟ ਚੈੱਸ ਐਸੋਸੀਏਸ਼ਨ, ਰਾਕੇਸ਼ ਗੁਪਤਾ ਸਕੱਤਰ ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਨੇ ਖਿਡਾਰੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਖੇਡ ਦੀ ਭਾਵਨਾ ਨਾਲ ਖੇਡਣ ਲਈ ਕਿਹਾ।
23 ਫਰਵਰੀ ਨੂੰ ਹੋਵੇਗਾ ਸਮਾਪਨ
ਉਹਨਾਂ ਖਿਡਾਰੀਆਂ ਨੂੰ ਚੈਂਪੀਅਨਸ਼ਿਪ ਦੇ ਨਿਯਮ ਤੇ ਕਾਇਦੇ ਸਮਝਾਏ ਤੇ ਪੰਜਾਬ ਸਰਕਾਰ ਨੂੰ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਦੀ ਅਪੀਲ ਕੀਤੀ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਚੈਂਪੀਅਨਸ਼ਿਪ ਦਾ ਸਮਾਪਨ 22ਫਰਵਰੀ 23 ਨੂੰ ਰੱਖਿਆ ਗਈਆ ਜਿਸ ਵਿੱਚ ਦੇਸ਼ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਖਿਡਾਰੀ ਖਾਸ ਤੌਰ ਤੇ ਹਾਜ਼ਰ ਰਹਿਣਗੇ ਅਤੇ ਖੇਡ ਨਾਲ ਜੁੜੇ ਆਪਣੇ ਜਿੰਦਗੀ ਭਰ ਦੇ ਤਜੁਰਬੇ ਭੀ ਖਿਡਾਰੀਆਂ ਨਾਲ ਸਾਂਝੇ ਕਰਨਗੇ।
ਸਮਾਪਨ ਸਮਾਗਮ ਚ ਖਿਡਾਰੀਆਂ ਨੂੰ ਭਾਗ ਲੈਣ ਦੀ ਕੀਤੀ ਅਪੀਲ
ਉਹਨਾਂ ਖਿਡਾਰੀਆਂ ਨੂੰ ਸਮਾਪਨ ਸਮਾਗਮ ਵਿੱਚ ਭਾਗ ਲੈਣ ਦੀ ਅਪੀਲ ਭੀ ਕੀਤੀ। ਉਹਨਾਂ ਕੈਬਿਨੇਟ ਮੰਤਰੀ ਪੰਜਾਬ ਅਮਨ ਅਰੋੜਾ ਦਾ ਇਸ ਖੇਡ ਇਵੇਂਟ
ਲਈ ਸਮਾਂ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਪੰਕਜ ਸ਼ਰਮਾ ਖਜ਼ਾਨਚੀ, ਦਿਨੇਸ਼ ਗੋਇਲ ਸੰਯੁਕਤ ਸਕੱਤਰ, ਰਾਜਪ੍ਰੀਤ ਗੋਇਲ ਸਕੱਤਰ ਜ਼ਿਲ੍ਹਾ ਸੰਗਰੂਰ ਚੈੱਸ ਐਸੋਸੀਏਸ਼ਨ, ਜਤਿੰਦਰ ਜੈਨ, ਭਾਨੂ ਪ੍ਰਤਾਪ ਵੀ ਹਾਜ਼ਰ ਸਨ।