ਅੰਮ੍ਰਿਤਸਰ ‘ਚ BSF ਦੀ ਕਾਰਵਾਈ, ਰਾਜਾਤਾਲ BOP ਦੇ ਨੇੜੇ ਹੈਰੋਇਨ ਤੇ ਡਰੋਨ ਬਰਾਮਦ
ਮੁੱਢਲੀ ਜਾਂਚ 'ਚ ਡਰੋਨ ਰਾਹੀਂ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਏ ਜਾਣ ਦਾ ਸ਼ੱਕ ਸਾਹਮਣੇ ਆਇਆ ਹੈ। ਹਾਲਾਂਕਿ, ਅਜੇ ਤੱਕ ਬਰਾਮਦ ਹੈਰੋਇਨ ਤੇ ਡਰੋਨ ਨਾਲ ਜੁੜੇ ਕਿਸੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਸੁਰੱਖਿਆ ਏਜੰਸੀਆਂ ਬਰਾਮਦ ਸਮੱਗਰੀ ਦੇ ਆਧਾਰ ਤੇ ਪੂਰੇ ਨੈੱਟਵਰਕ ਦੀ ਜਾਣਕਾਰੀ ਇਕੱਠੀ ਕਰਨ 'ਚ ਲੱਗੀਆਂ ਹੋਈਆਂ ਹਨ।
ਅੰਮ੍ਰਿਤਸਰ ‘ਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕੇ ‘ਚ BSF ਨੇ ਹੈਰੋਇਨ ਤੇ ਡਰੋਨ ਬਰਾਮਦ ਕੀਤਾ ਹੈ। ਇਹ ਬਰਾਮਦਗੀ ਰਾਜਾਤਾਲ ਇਲਾਕੇ ਵਿੱਚ BOP ਦੇ ਨੇੜੇ ਕੀਤੀ ਗਈ। 181 ਬਟਾਲੀਅਨ ਦੀ D ਕੰਪਨੀ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਸ਼ੱਕੀ ਪੈਕੇਟ ਬਰਾਮਦ ਕੀਤਾ। ਪੈਕੇਟ ਦੀ ਜਾਂਚ ਕਰਨ ਤੇ ਉਸ ‘ਚ ਕਰੀਬ ਇੱਕ ਕਿਲੋ ਹੈਰੋਇਨ ਮਿਲੀ। ਇਸ ਦੇ ਨਾਲ ਹੀ ਪੈਕੇਟ ‘ਚ ਇੱਕ ਛੋਟਾ ਡਰੋਨ ਤੇ ਕੁਝ ਪੈਕਿੰਗ ਸਮੱਗਰੀ ਵੀ ਬਰਾਮਦ ਹੋਈ।
ਅਣਪਛਾਤੇ ਮੁਲਜ਼ਮ ਤੇ ਕੇਸ, ਜਾਂਚ ਸ਼ੁਰੂ
ਇਸ ਮਾਮਲੇ ‘ਚ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। BSF ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਮੁਤਾਬਕ, 181 ਬਟਾਲੀਅਨ BSF ਦੀ D ਕੰਪਨੀ ਦੇ ਕੰਪਨੀ ਕਮਾਂਡਰ ਸੁਨੀਲ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਬਰਾਮਦਗੀ ਨੂੰ ਲੈ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਦੇ ਅਨੁਸਾਰ, ਮਾਮਲੇ ‘ਚ NDPS ਐਕਟ ਦੀਆਂ ਧਾਰਾਵਾਂ 21, 61 ਤੇ 85 ਤਹਿਤ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਭਾਰਤੀ ਵਾਯੂਯਾਨ ਐਕਟ 2024 ਦੀਆਂ ਧਾਰਾਵਾਂ 25, 26 ਅਤੇ 29 ਵੀ ਲਗਾਈਆਂ ਗਈਆਂ ਹਨ। ਪੁਲਿਸ ਹੁਣ ਇਹ ਪਤਾ ਲਗਾਉਣ ‘ਚ ਜੁਟੀ ਹੋਈ ਹੈ ਕਿ ਸਰਹੱਦੀ ਇਲਾਕੇ ‘ਚ ਮਿਲਿਆ ਡਰੋਨ ਕਿਸ ਦੇ ਜ਼ਰੀਏ ਉੱਥੇ ਪਹੁੰਚਿਆ ਤੇ ਇਸ ਦੀ ਵਰਤੋਂ ਕਿਸ ਮਕਸਦ ਲਈ ਕੀਤੀ ਜਾਣੀ ਸੀ।
ਡਰੋਨ ਰਾਹੀਂ ਨਸ਼ੇ ਦੀ ਖੇਪ ਪਹੁੰਚਾਉਣ ਦਾ ਸ਼ੱਕ
ਮੁੱਢਲੀ ਜਾਂਚ ‘ਚ ਡਰੋਨ ਰਾਹੀਂ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਏ ਜਾਣ ਦਾ ਸ਼ੱਕ ਸਾਹਮਣੇ ਆਇਆ ਹੈ। ਹਾਲਾਂਕਿ, ਅਜੇ ਤੱਕ ਬਰਾਮਦ ਹੈਰੋਇਨ ਤੇ ਡਰੋਨ ਨਾਲ ਜੁੜੇ ਕਿਸੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਸੁਰੱਖਿਆ ਏਜੰਸੀਆਂ ਬਰਾਮਦ ਸਮੱਗਰੀ ਦੇ ਆਧਾਰ ਤੇ ਪੂਰੇ ਨੈੱਟਵਰਕ ਦੀ ਜਾਣਕਾਰੀ ਇਕੱਠੀ ਕਰਨ ‘ਚ ਲੱਗੀਆਂ ਹੋਈਆਂ ਹਨ।
ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਰੋਨ ਕਿੱਥੋਂ ਆਇਆ, ਇਸ ਨੂੰ ਕੌਣ ਚਲਾ ਰਿਹਾ ਸੀ ਤੇ ਕਰੀਬ ਇੱਕ ਕਿਲੋ ਹੈਰੋਇਨ ਦੀ ਖੇਪ ਕਿਸ ਵਿਅਕਤੀ ਤੱਕ ਪਹੁੰਚਾਈ ਜਾਣੀ ਸੀ। ਫਿਲਹਾਲ ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ।
