ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠਿਆ ਢੇਰ, ਮਮਦੋਟ ‘ਚ ਸਰਹੱਦ ਪਾਰ ਕਰਨ ਦੀ ਕਰ ਰਿਹਾ ਸੀ ਕੋਸ਼ਿਸ਼

tv9-punjabi
Updated On: 

08 May 2025 15:28 PM

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਬੀਐਸਐਫ ਨੇ ਪੰਜਾਬ ਵਿੱਚ ਸਰਹੱਦ 'ਤੇ ਚੌਕਸੀ ਵਧਾ ਦਿੱਤੀ ਹੈ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਸਰਹੱਦੀ ਇਲਾਕੇ ਹਾਈ ਅਲਰਟ 'ਤੇ ਹਨ। ਫਿਰੋਜ਼ਪੁਰ ਦੇ ਮਮਦੋਟ ਬਲਾਕ ਵਿੱਚ ਬੀਐਸਐਫ ਪੋਸਟ ਲੱਖਾ ਸਿੰਘ ਵਾਲਾ ਨੇੜੇ ਪਾਕਿਸਤਾਨ ਤੋਂ ਆ ਰਹੇ ਇੱਕ ਘੁਸਪੈਠੀਏ ਨੂੰ ਗੋਲੀ ਮਾਰ ਦਿੱਤੀ।

ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠਿਆ ਢੇਰ, ਮਮਦੋਟ ਚ ਸਰਹੱਦ ਪਾਰ ਕਰਨ ਦੀ ਕਰ ਰਿਹਾ ਸੀ ਕੋਸ਼ਿਸ਼

ਪੁਰਾਣੀ ਤਸਵੀਰ

Follow Us On

ਬੀਐਸਐਫ ਨੇ ਬੁੱਧਵਾਰ ਰਾਤ ਨੂੰ ਕਰੀਬ 2:30 ਵਜੇ ਫਿਰੋਜ਼ਪੁਰ ਦੇ ਮਮਦੋਟ ਬਲਾਕ ਵਿੱਚ ਬੀਐਸਐਫ ਪੋਸਟ ਲੱਖਾ ਸਿੰਘ ਵਾਲਾ ਨੇੜੇ ਪਾਕਿਸਤਾਨ ਤੋਂ ਆ ਰਹੇ ਇੱਕ ਘੁਸਪੈਠੀਏ ਨੂੰ ਗੋਲੀ ਮਾਰ ਦਿੱਤੀ। ਇਹ ਘਟਨਾ ਕੌਮਾਂਤਰੀ ਤਾਰਾਂ ‘ਤੇ ਗੇਟ ਨੰਬਰ 207/1 ਦੇ ਨੇੜੇ ਵਾਪਰੀ। ਦੱਸ ਦਈਏ ਕਿ ਕੌਮਾਂਤਰੀ ਤਾਰਾਂ ‘ਤੇ ਗੇਟ ਬੰਦ ਕਰਨ ਤੋਂ ਬਾਅਦ, ਬੀਐਸਐਫ ਨੇ ਸਰਹੱਦ ‘ਤੇ ਪੂਰੀ ਤਰ੍ਹਾਂ ਚੌਕਸੀ ਵਧਾ ਦਿੱਤੀ ਹੈ।

ਪਹਿਲਗਾਮ ਅੱਤਵਾਦੀ ਹਮਲੇ ਅਤੇ ਉਸ ਤੋਂ ਬਾਅਦ ਹੋਏ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ਹਾਈ ਅਲਰਟ ‘ਤੇ ਹੈ। ਖਾਸ ਕਰਕੇ ਸਰਹੱਦੀ ਇਲਾਕਿਆਂ ਵਿੱਚ ਸਖ਼ਤੀ ਵਧਾ ਦਿੱਤੀ ਗਈ ਹੈ। ਬੀਐਸਐਫ ਨੇ ਸਰਹੱਦ ‘ਤੇ ਕੰਡਿਆਲੀ ਤਾਰ ਦੇ ਆਲੇ-ਦੁਆਲੇ ਚੌਕਸੀ ਵਧਾ ਦਿੱਤੀ ਹੈ। ਵਾੜ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ।

ਹੁਸੈਨੀਵਾਲਾ ਤੇ ਸਾਦਕੀ ਸਰਹੱਦ ‘ਤੇ ਰਿਟਰੀਟ ਸਮਾਰੋਹ ‘ਤੇ ਪਾਬੰਦੀ

ਭਾਰਤ ਤੇ ਪਾਕਿਸਤਾਨ ਵਿਚਕਾਰ ਸਰਹੱਦ ‘ਤੇ ਤਣਾਅ ਦੇ ਕਾਰਨ ਬੀਐਸਐਫ ਨੇ ਹੁਸੈਨੀਵਾਲਾ ਅਤੇ ਸਦੀਕੀ ਸਰਹੱਦ ‘ਤੇ ਰਿਟਰੀਟ ਸੈਰੇਮਨੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਹੁਣ ਹੁਸੈਨੀਵਾਲਾ ਅਤੇ ਸਦੀਕੀ ਸਰਹੱਦ ‘ਤੇ ਸ਼ਾਮ ਨੂੰ ਕੋਈ ਰਿਟਰੀਟ ਸਮਾਰੋਹ ਨਹੀਂ ਹੋਵੇਗਾ। ਇਹ ਜਾਣਕਾਰੀ ਬੀਐਸਐਫ ਦੇ ਅਧਿਕਾਰੀਆਂ ਨੇ ਦਿੱਤੀ ਹੈ।

ਜਾਣਕਾਰੀ ਮੁਤਾਬਕ ਇਸ ਹੁਕਮ ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਦਿਲਾਂ ਵਿੱਚ ਜੰਗ ਦਾ ਡਰ ਵਧਣ ਲੱਗ ਪਿਆ ਹੈ। ਲੋਕਾਂ ਨੇ ਹੁਣ ਖਾਣਾ ਅਤੇ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੂੰ ਲੱਗਦਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਕਿਸੇ ਵੀ ਸਮੇਂ ਜੰਗ ਛਿੜ ਸਕਦੀ ਹੈ।

ਦੱਸ ਦਈਏ ਕਿ ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਪਾਕਿਸਤਾਨ ਅਤੇ ਪੀਓਕੇ ਵਿੱਚ ਅੱਤਵਾਦੀ ਕੈਂਪਾਂ ਤੇ ਹਮਲਾ ਕਰਕੇ ਲਿਆ। ਇਸ ਕਾਰਵਾਈ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ। ਇਸ ਮੁਹਿੰਮ ਨੂੰ ਆਪ੍ਰੇਸ਼ਨ ਸਿੰਦੂਰ ਦਾ ਨਾਂਅ ਦਿੱਤਾ ਗਿਆ ਸੀ। ਭਾਰਤ ਦੀ ਇਹ ਕਾਰਵਾਈ ਪਹਿਲਗਾਮ ਦੀਆਂ ਪੀੜਤ ਔਰਤਾਂ ਲਈ ਇਨਸਾਫ਼ ਹੈ। 22 ਅਪ੍ਰੈਲ ਨੂੰ ਅੱਤਵਾਦੀਆਂ ਨੇ ਪਹਿਲਗਾਮ ਤੇ ਹਮਲਾ ਕੀਤਾ, ਜਿਸ ਵਿੱਚ 26 ਲੋਕ ਮਾਰੇ ਗਏ। ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਖਾਸ ਤੌਰ ਤੇ ਆਦਮੀਆਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਾਹਮਣੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ।