BJP-SAD Alliance: ਪੰਜਾਬ ‘ਚ ਮੁੜ ਇੱਕ ਹੋਣਗੇ ਅਕਾਲੀ-ਭਾਜਪਾ!, ਇਸ ਅਕਾਲੀ ਆਗੂ ਨੇ ਦਿੱਤੇ ਸੰਕੇਤ…

Updated On: 

07 Jun 2023 16:48 PM

SAD-BJP Defeated in Elections: ਗੱਠਜੋੜ ਟੁਟਣ ਤੋਂ ਬਾਅਦ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਅਤੇ ਬੀਤੇ ਦਿਨੀਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਦੋਵਾਂ ਪਾਰਟੀਆਂ ਨੂੰ ਵੱਡਾ ਨੁਕਸਾਨ ਹੋਇਆ ਹੈ। ਗਰੇਵਾਲ ਨੇ ਸਵੀਕਾਰ ਕੀਤਾ ਕਿ ਜੇਕਰ ਇਨ੍ਹਾਂ ਚੋਣਾਂ ਦੌਰਾਨ ਦੋਵੇ ਪਾਰਟੀਆਂ ਇੱਕ ਹੁੰਦੀਆਂ ਤਾਂ ਦੋਵਾਂ ਨੂੰ ਹੀ ਫਾਇਦਾ ਹੁੰਦਾ।

BJP-SAD Alliance: ਪੰਜਾਬ ਚ ਮੁੜ ਇੱਕ ਹੋਣਗੇ ਅਕਾਲੀ-ਭਾਜਪਾ!, ਇਸ ਅਕਾਲੀ ਆਗੂ ਨੇ ਦਿੱਤੇ ਸੰਕੇਤ...
Follow Us On

ਪੰਜਾਬ ਨਿਊਜ: ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ (SAD) ਮੁੜ ਤੋਂ ਇੱਕ ਹੋ ਸਕਦੇ ਹਨ। ਇਸ ਗੱਲ ਦੇ ਸੰਕੇਤ ਖੁਦ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਦਿੱਤੇ ਹਨ।

ਦੱਸ ਦੇਈਏ ਕਿ ਇਹ ਗੱਠਜੋੜ ਉਦੋਂ ਟੁੱਟ ਗਿਆ ਸੀ, ਜਦੋਂ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਸੀ।

ਵੱਖ ਹੋਣ ਤੋਂ ਬਾਅਦ ਦੋਵਾਂ ਨੂੰ ਹੋਇਆ ਨੁਕਸਾਨ

ਸੂਬੇ ਵਿੱਚ ਜਦੋਂ ਤੋਂ ਇਹ ਗੱਠਜੋੜ ਟੁੱਟਾ ਹੈ, ਉਦੋਂ ਤੋਂ ਹੀ ਨਾਂ ਤਾ ਭਾਜਪਾ ਨੂੰ ਅਤੇ ਨਾ ਹੀ ਅਕਾਲੀ ਦਲ ਨੂੰ ਪੰਜਾਬ ਦੀ ਸਿਆਸਤ ਵਿੱਚ ਕੋਈ ਵੱਡੀ ਕਾਮਯਾਬ ਹੱਥ ਲੱਗੀ ਹੈ। ਭਾਜਪਾ ਤੋਂ ਨਾਤਾ ਤੋੜਣ ਤੋਂ ਬਾਅਦ ਅਕਾਲੀ ਦਲ ਨੇ ਬਹੁਜਨ ਸਮਾਜਵਾਦੀ ਪਾਰਟੀ (ਬੀਐੱਸਪੀ) ਨਾਲ ਗੱਠਜੋੜ ਕੀਤਾ, ਪਰ ਦੋਵਾਂ ਨੂੰ ਉਮੀਦ ਮੁਤਾਬਕ ਕੋਈ ਵੱਡੀ ਕਾਮਯਾਬੀ ਤਾਂ ਬਿਲਕੁੱਲ ਵੀ ਨਹੀਂ ਮਿਲੀ, ਸਗੋਂ ਪਹਿਲਾਂ ਦੇ ਮੁਕਾਬਲੇ ਨੁਕਸਾਨ ਹੋਰ ਵੀ ਵੱਡਾ ਹੋ ਗਿਆ।

ਦੋਵੇਂ ਪਾਰਟੀਆਂ ਦੇ ਮੁੜ ਇੱਕ ਹੋਣ ਦੇ ਮੁੱਦੇ ਤੇ ਜਦੋਂ ਗੁਰਚਰਨ ਸਿੰਘ ਗਰੇਵਾਲ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਿਆਸਤ ਵਿੱਚ ਕੁਝ ਵੀ ਨਾਮੁਮਕਿਨ ਨਹੀਂ ਹੈ। ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਭਾਜਪਾ ਦੇ ਪੱਖ ਵਿੱਚ ਖੜਾ ਹੋਇਆ ਸੀ, ਜਦੋਂ ਉਸ ਨਾਲ ਸਿਰਫ਼ ਇੱਕੋ-ਇੱਕ ਉਸ ਦੀ ਪੁਰਾਣੀ ਭਾਈਵਾਲ ਪਾਰਟੀ ਸ਼ਿਵ ਸੈਨਾ ਹੀ ਸੀ।

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸਾਰੇ ਸਹਿਯੋਗੀਆਂ ਨੂੰ ਨਾਲ ਲੈ ਕੇ ਐਨਡੀਏ ਸਰਕਾਰ ਚਲਾਈ ਸੀ। ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੱਡੇ ਫੈਸਲੇ ਲੈਣ ਵੇਲੇ ਇਨ੍ਹਾਂ ਭਾਈਵਾਲਾਂ ਤੋਂ ਸਲਾਹ ਨਹੀਂ ਲਈ। ਜਿਸ ਕਰਕੇ ਨਰਾਜ਼ਗੀ ਵਧੀ ਅਤੇ ਗੱਠਜੋੜ ਨੂੰ ਤੋੜਣ ਦੀ ਨੌਬਤ ਆ ਗਈ।

ਕਈ ਵੱਡੇ ਮੁੱਦਿਆਂ ਦਾ ਹੱਲ ਹੋਣਾ ਹਾਲੇ ਬਾਕੀ – ਗਰੇਵਾਲ

ਗਰੇਵਾਲ ਨੇ ਅੱਗੇ ਕਿਹਾ, ਦਬਾਅ ਵਿੱਚ ਆ ਕੇ ਬੇਸ਼ੱਕ ਭਾਜਪਾ ਨੇ ਤਿੰਨੋ ਖੇਤੀ ਕਾਨੂੰਨ ਵਾਪਸ ਲੈ ਲਏ , ਪਰ ਹਾਲੇ ਵੀ ਕੁੱਝ ਅਜਿਹੇ ਅਹਿਮ ਮੁੱਦੇ ਹਨ, ਜਿਨ੍ਹਾਂ ਦਾ ਹੱਲ ਹੋਣਾ ਹਾਲੇ ਬਾਕੀ ਹੈ। ਇਨ੍ਹਾਂ ਮੁੱਦਿਆਂ ਵਿੱਚ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੇਸ਼ ਦੀਆਂ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਬੰਦ ਪਏ ਸਿੱਖ ਕੈਦੀਆਂ ਤੋਂ ਇਲਾਵਾ ਸਮੇਤ ਹੋਰ ਵੀ ਕਈ ਮੁੱਦਿਆਂ ਤੇ ਚਰਚਾ ਹੋਣੀ ਬਾਕੀ ਹੈ।

SAD-BJP ਦੇ ਮੁੜ ਗੱਠਜੋੜ ਦੀ ਚਰਚਾ ਨੂੰ ਇੰਝ ਮਿਲੀ ਹਵਾ

ਜਿਕਰਯੋਗ ਹੈ ਕਿ ਬੀਤੇ ਦਿਨੀਂ ਜਦੋਂ ਅਕਾਲੀ ਦਲ ਦੇ ਸਰਪ੍ਰਸਤ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ‘ਤੇ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ ਤਾਂ ਉਦੋਂ ਇਸ ਚਰਚਾ ਨੂੰ ਹੋਰ ਵੀ ਹਵਾ ਮਿਲੀ ਸੀ ਕਿ ਦੋਵੇਂ ਪਾਰਟੀਆਂ ਮੁੜ ਤੋਂ ਆਪਣੇ ਸਾਲਾਂ ਪੁਰਾਣੇ ਗੱਠਜੋੜ ਨੂੰ ਸੁਰਜੀਤ ਕਰ ਸਕਦੀਆਂ ਹਨ।

ਇਸ ਤੋਂ ਬਾਅਦ ਸਾਰੀਆਂ ਵਿਰੋਧੀ ਪਾਰਟੀਆਂ ਦੇ ਵਿਰੋਧ ਦੇ ਬਾਵਜੂਦ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਵੀਂ ਪਾਰਲੀਮੈਂਟ ਦੇ ਉਦਘਾਟਨ ਦੇ ਮੌਕੇ ‘ਤੇ ਵੀ ਖਾਸ ਤੌਰ ‘ਤੇ ਮੌਜੂਦ ਰਹੇ ਸਨ। ਜਿਸ ਨੇ ਇਸ ਚਰਚਾ ਨੂੰ ਹੋਰ ਵੀ ਭਖਾ ਦਿੱਤਾ।

ਹੁਣ ਵੇਖਣਾ ਬੜਾ ਹੀ ਦਿਲਚਸਪ ਹੋਵੇਗਾ ਕਿ ਆਉਂਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਕੀ ਇੱਕ ਵਾਰ ਮੁੜ ਤੋਂ ਇਹ ਦੋਵੇਂ ਪੁਰਾਣੇ ਸਹਿਯੋਗੀ ਗਿਲੇ-ਸ਼ਿਕਵੇ ਭੁੱਲ ਕੇ ਇੱਕ ਹੋਣਗੇ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version