ਭਾਜਪਾ ਪੰਜਾਬ ‘ਚ ਦੇਵੇਗੀ ਬਿਹਤਰ ਸ਼ਾਸਨ, ਰੁਜ਼ਗਾਰ ਤੇ ਨਿਵੇਸ਼ ਨੂੰ ਮਿਲੇਗਾ ਹੁਲਾਰਾ: ਸਤੀਸ਼ ਪੂਨੀਆ

Published: 

03 Sep 2026 08:01 AM IST

ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਤੀਸ਼ ਪੂਨੀਆ ਨੇ ਕਿਹਾ ਕਿ ਉਹ ਰਾਜਸਥਾਨ ਦੀ ਧਰਤੀ ਤੋਂ ਪੰਜਾਬ ਦੀ ਗੁਰੂ ਸਾਹਿਬਾਨ ਤੇ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਆਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅਜਿਹਾ ਪਵਿੱਤਰ ਸਥਾਨ ਹੈ, ਜੋ ਪੂਰੇ ਦੇਸ਼ ਤੇ ਦੁਨੀਆ ਨੂੰ ਸ਼ਾਂਤੀ, ਸਦਭਾਵਨਾ, ਸਮਾਨਤਾ, ਮਮਤਾ ਤੇ ਭਾਈਚਾਰੇ ਨਾਲ ਜੀਵਨ ਜਿਊਣ ਦੀ ਪ੍ਰੇਰਣਾ ਦਿੰਦਾ ਹੈ।

ਭਾਜਪਾ ਪੰਜਾਬ ਚ ਦੇਵੇਗੀ ਬਿਹਤਰ ਸ਼ਾਸਨ, ਰੁਜ਼ਗਾਰ ਤੇ ਨਿਵੇਸ਼ ਨੂੰ ਮਿਲੇਗਾ ਹੁਲਾਰਾ: ਸਤੀਸ਼ ਪੂਨੀਆ

ਪੰਜਾਬ ਭਾਜਪਾ ਦੇ ਪ੍ਰਦੇਸ਼ ਇੰਚਾਰਜ ਸਤੀਸ਼ ਪੂਨੀਆ ਆਪਣੇ ਸਾਥੀਆਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ’ਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਪੰਜਾਬ ‘ਚ ਸੁੱਖ-ਸ਼ਾਂਤੀ, ਆਪਸੀ ਭਾਈਚਾਰੇ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਦੇ ਸੀਨੀਅਰ ਆਗੂ ਤੇ ਪਾਰਟੀ ਵਰਕਰ ਵੀ ਮੌਜੂਦ ਰਹੇ।

ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਤੀਸ਼ ਪੂਨੀਆ ਨੇ ਕਿਹਾ ਕਿ ਉਹ ਰਾਜਸਥਾਨ ਦੀ ਧਰਤੀ ਤੋਂ ਪੰਜਾਬ ਦੀ ਗੁਰੂ ਸਾਹਿਬਾਨ ਤੇ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਆਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅਜਿਹਾ ਪਵਿੱਤਰ ਸਥਾਨ ਹੈ, ਜੋ ਪੂਰੇ ਦੇਸ਼ ਤੇ ਦੁਨੀਆ ਨੂੰ ਸ਼ਾਂਤੀ, ਸਦਭਾਵਨਾ, ਸਮਾਨਤਾ, ਮਮਤਾ ਤੇ ਭਾਈਚਾਰੇ ਨਾਲ ਜੀਵਨ ਜਿਊਣ ਦੀ ਪ੍ਰੇਰਣਾ ਦਿੰਦਾ ਹੈ।

ਪੂਨੀਆ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਪੰਜਾਬ ‘ਚ ਸੁੱਖ-ਸ਼ਾਂਤੀ, ਆਪਸੀ ਭਾਈਚਾਰਾ ਤੇ ਖੁਸ਼ਹਾਲੀ ਹਮੇਸ਼ਾ ਕਾਇਮ ਰਹੇ। ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਵੀ ਪਹਿਲਾਂ ਉਨ੍ਹਾਂ ਲਈ ਦੇਸ਼ ਹੈ ਤੇ ਦੇਸ਼ ਤੋਂ ਪਹਿਲੇ ਦੇਸ਼ ਦੇ ਨਾਗਰਿਕ, ਆਪਸ ਵਿਚਕਾਰ ਭਾਈਚਾਰਾ ਤੇ ਸਮਾਜਿਕ ਏਕਤਾ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜਦੋਂ ਸਮਾਜ ‘ਚ ਆਪਸੀ ਪਿਆਰ ਤੇ ਭਾਈਚਾਰਾ ਮਜ਼ਬੂਤ ਹੋਵੇਗਾ ਤਾਂ ਦੇਸ਼ ਵੀ ਤਰੱਕੀ ਕਰੇਗਾ।

“ਮੁੱਖ ਕੰਮ ਸੰਗਠਨ ਨੂੰ ਜ਼ਮੀਨੀ ਪੱਧਰ ਤੱਕ ਮਜ਼ਬੂਤ ਕਰਨਾ”

ਭਾਜਪਾ ਦੇ ਪ੍ਰਦੇਸ਼ ਇੰਚਾਰਜ ਨੇ ਸਪੱਸ਼ਟ ਕੀਤਾ ਕਿ ਉਹ ਸੰਗਠਨ ਦੇ ਵਿਅਕਤੀ ਹਨ ਤੇ ਉਨ੍ਹਾਂ ਨੂੰ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿਆਸੀ ਰਣਨੀਤੀ ਤੇ ਚੋਣਾਂ ਨਾਲ ਜੁੜੇ ਮੁੱਦਿਆਂ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਪਾਰਟੀ ਦੇ ਹੋਰ ਆਗੂ ਵਿਸਥਾਰ ਨਾਲ ਗੱਲ ਕਰਨਗੇ। ਉਨ੍ਹਾਂ ਦਾ ਮੁੱਖ ਕੰਮ ਸੰਗਠਨ ਨੂੰ ਜ਼ਮੀਨੀ ਪੱਧਰ ਤੱਕ ਮਜ਼ਬੂਤ ਕਰਨਾ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੌਰੇ ਦੌਰਾਨ ਉਨ੍ਹਾਂ ਨੇ ਸ਼ੁਰੂਆਤੀ ਤੌਰ ਤੇ ਮੀਡੀਆ ਨਾਲ ਗੱਲਬਾਤ ਕੀਤੀ ਹੈ, ਪਰ ਭਵਿੱਖ ‘ਚ ਉਨ੍ਹਾਂ ਵੱਲੋਂ ਲਗਾਤਾਰ ਪ੍ਰੈੱਸ ਕਾਨਫਰੰਸਾਂ ਜਾਂ ਬਿਆਨਬਾਜ਼ੀ ਨਹੀਂ ਕੀਤੀ ਜਾਵੇਗੀ। ਪਾਰਟੀ ਦੇ ਅਧਿਕਾਰਤ ਆਗੂ ਹੀ ਸਿਆਸੀ ਮੁੱਦਿਆਂ ਤੇ ਮੀਡੀਆ ਦੇ ਸਾਹਮਣੇ ਆਪਣੀ ਗੱਲ ਰੱਖਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਧਿਆਨ ਜ਼ਮੀਨੀ ਪੱਧਰ ਤੇ ਸੰਗਠਨ ਨੂੰ ਮਜ਼ਬੂਤ ਕਰਨ ਤੇ ਵਰਕਰਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਤੇ ਰਹੇਗਾ।

“ਪੰਜਾਬ ‘ਚ ਭਾਜਪਾ ਦਾ ਸੰਗਠਨ ਹੁਣ ਹੇਠਲੇ ਪੱਧਰ ਤੱਕ ਮਜ਼ਬੂਤ”

ਸਤੀਸ਼ ਪੂਨੀਆ ਨੇ ਕਿਹਾ ਕਿ ਪੰਜਾਬ ‘ਚ ਭਾਜਪਾ ਦਾ ਸੰਗਠਨ ਹੁਣ ਹੇਠਲੇ ਪੱਧਰ ਤੱਕ ਮਜ਼ਬੂਤ ਹੋ ਚੁੱਕਾ ਹੈ। ਪਾਰਟੀ ਕੋਲ ਚੰਗੇ ਤੇ ਮਿਹਨਤੀ ਵਰਕਰਾਂ ਦੀ ਟੀਮ ਤਿਆਰ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾਂ ‘ਚ ਭਾਜਪਾ ਪਹਿਲਾਂ ਨਾਲੋਂ ਬਿਹਤਰ ਨਤੀਜੇ ਹਾਸਲ ਕਰਨ ਦੀ ਸਥਿਤੀ ‘ਚ ਹੈ ਤੇ ਵਰਕਰ ਇਸ ਲਈ ਪੂਰੀ ਤਰ੍ਹਾਂ ਤਿਆਰ ਹਨ।

ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਤੇ ਟਿੱਪਣੀ ਕਰਦਿਆਂ ਪੂਨੀਆ ਨੇ ਕਿਹਾ ਕਿ ਸੂਬੇ ਦੀ ਜਨਤਾ ਮੌਜੂਦਾ ਸਰਕਾਰ ਤੋਂ ਨਾਰਾਜ਼ ਤੇ ਨਿਰਾਸ਼ ਹੈ। ਉਨ੍ਹਾਂ ਨਸ਼ੇ, ਅਪਰਾਧ, ਆਰਥਿਕ ਬਦਹਾਲੀ ਤੇ ਕਾਨੂੰਨ-ਵਿਵਸਥਾ ਵਰਗੇ ਮੁੱਦਿਆਂ ਨੂੰ ਲੈ ਕੇ ਸਰਕਾਰ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਦੀ ਲੋੜ ਹੈ।

ਉਨ੍ਹਾਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਹੋਰ ਸੂਬਿਆਂ ‘ਚ ਡਬਲ ਇੰਜਣ ਸਰਕਾਰਾਂ ਵਿਕਾਸ ਤੇ ਤਰੱਕੀ ਦੀ ਦਿਸ਼ਾ ‘ਚ ਕੰਮ ਕਰ ਰਹੀਆਂ ਹਨ, ਉਸੇ ਤਰ੍ਹਾਂ ਪੰਜਾਬ ‘ਚ ਵੀ ਭਾਜਪਾ ਨੂੰ ਮੌਕਾ ਦਿੱਤਾ ਜਾਵੇ। ਉਨ੍ਹਾਂ ਭਰੋਸਾ ਦਿਵਾਇਆ ਕਿ ਭਾਜਪਾ ਪੰਜਾਬ ਵਿੱਚ ਬਿਹਤਰ ਸ਼ਾਸਨ ਪ੍ਰਣਾਲੀ ਦੇਣ ਲਈ ਕੰਮ ਕਰੇਗੀ।

ਪੂਨੀਆ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ਤੇ ਪੰਜਾਬ ‘ਚ ਸੁੱਖ-ਸ਼ਾਂਤੀ ਤੇ ਭਾਈਚਾਰਾ ਹੋਰ ਮਜ਼ਬੂਤ ਹੋਵੇਗਾ। ਇਸ ਦੇ ਨਾਲ ਹੀ ਸੂਬੇ ‘ਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਨਿਵੇਸ਼ ਨੂੰ ਉਤਸ਼ਾਹਿਤ ਕਰਨ ਤੇ ਆਰਥਿਕ ਵਿਕਾਸ ਨੂੰ ਗਤੀ ਦੇਣ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਨੂੰ ਵਿਕਾਸ ਤੇ ਖੁਸ਼ਹਾਲੀ ਦੇ ਰਾਹ ਤੇ ਅੱਗੇ ਲਿਜਾਣ ਦੇ ਸੰਕਲਪ ਨਾਲ ਕੰਮ ਕਰੇਗੀ।

Loading...
Unable to load recommendations.
Follow Us