ਜਲੰਧਰ ‘ਚ ਭਲਕੇ BJP ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਦੇ ਸਵਾਗਤ ਲਈ ਨਿਕਲੇਗਾ ਇਤਿਹਾਸਕ ਰੋਡ ਸ਼ੋਅ, ਵਰਕਰਾਂ ‘ਚ ਭਾਰੀ ਜੋਸ਼

Updated On: 

19 Jun 2026 22:52 PM IST

ਭਾਰਤੀ ਜਨਤਾ ਪਾਰਟੀ (BJP) ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਦੇ ਜਲੰਧਰ ਆਗਮਨ ਨੂੰ ਲੈ ਕੇ ਭਾਜਪਾ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਕੌਮੀ ਪ੍ਰਧਾਨ ਦੇ ਸਵਾਗਤ ਲਈ 20 ਜੂਨ ਨੂੰ ਜਲੰਧਰ ਦੀ ਧਰਤੀ 'ਤੇ ਇੱਕ ਵਿਸ਼ਾਲ ਅਤੇ ਇਤਿਹਾਸਕ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ।

ਜਲੰਧਰ ਚ ਭਲਕੇ BJP ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਦੇ ਸਵਾਗਤ ਲਈ ਨਿਕਲੇਗਾ ਇਤਿਹਾਸਕ ਰੋਡ ਸ਼ੋਅ, ਵਰਕਰਾਂ ਚ ਭਾਰੀ ਜੋਸ਼

ਭਾਰਤੀ ਜਨਤਾ ਪਾਰਟੀ (BJP) ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਦੇ ਜਲੰਧਰ ਆਗਮਨ ਨੂੰ ਲੈ ਕੇ ਭਾਜਪਾ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਕੌਮੀ ਪ੍ਰਧਾਨ ਦੇ ਸਵਾਗਤ ਲਈ 20 ਜੂਨ ਨੂੰ ਜਲੰਧਰ ਦੀ ਧਰਤੀ ‘ਤੇ ਇੱਕ ਵਿਸ਼ਾਲ ਅਤੇ ਇਤਿਹਾਸਕ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਇਸ ਰੋਡ ਸ਼ੋਅ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸਥਾਨਕ ਪ੍ਰਸ਼ਾਸਨਿਕ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇੱਕ ਬੇਹੱਦ ਅਹਿਮ ਤੇ ਵਿਸ਼ੇਸ਼ ਮੀਟਿੰਗ ਕੀਤੀ ਗਈ।

ਤੀਕਸ਼ਣ ਸੂਦ ਵੱਲੋ ਇਹ ਦਾਅਵਾ

ਇਸ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਭਾਜਪਾ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦਾ ਇਹ ਪੰਜਾਬ ਦੌਰਾ ਸੂਬੇ ਦੀ ਮੌਜੂਦਾ ਰਾਜਨੀਤੀ ਵਿੱਚ ਬਦਲਾਅ ਦਾ ਇੱਕ ਨਵਾਂ ਅਧਿਆਇ ਲਿਖੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਪੰਜਾਬ ਦੇ ਸਰਬਪੱਖੀ ਵਿਕਾਸ, ਸੁਸ਼ਾਸਨ ਅਤੇ ਲੋਕ ਭਲਾਈ ਦੇ ਲੋਕ-ਪੱਖੀ ਮੁੱਦਿਆਂ ਨੂੰ ਲੈ ਕੇ ਜਨਤਾ ਦੇ ਕਚਹਿਰੀ ਵਿੱਚ ਜਾ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਰਾਸ਼ਟਰੀ ਪ੍ਰਧਾਨ ਦੇ ਇਸ ਦੌਰੇ ਨਾਲ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਵਰਕਰਾਂ ਵਿੱਚ ਇੱਕ ਨਵੀਂ ਊਰਜਾ, ਤਾਕਤ ਅਤੇ ਉਤਸ਼ਾਹ ਦਾ ਸੰਚਾਰ ਹੋਵੇਗਾ।

20 ਜੂਨ ਨੂੰ ਸ਼ਾਮ 7 ਵਜੇ ਕੱਢਿਆ ਜਾਵੇਗਾ ਵਿਸ਼ਾਲ ਰੋਡ ਸ਼ੋਅ

ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਪ੍ਰੋਗਰਾਮ ਦੀ ਰੂਪ-ਰੇਖਾ ਸਾਂਝੀ ਕਰਦਿਆਂ ਦੱਸਿਆ ਕਿ 20 ਜੂਨ ਨੂੰ ਸ਼ਾਮ ਬਕਾਇਦਾ 7 ਵਜੇ ਪ੍ਰਭੂ ਸ਼੍ਰੀ ਰਾਮ ਚੌਕ ਤੋਂ ਲੈ ਕੇ ਭਗਵਾਨ ਵਾਲਮੀਕੀ ਚੌਕ ਤੱਕ ਇੱਕ ਬਹੁਤ ਹੀ ਵਿਸ਼ਾਲ ਅਤੇ ਯਾਦਗਾਰੀ ਰੋਡ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ। ਇਸ ਰੋਡ ਸ਼ੋਅ ਦੇ ਦੌਰਾਨ ਭਾਜਪਾ ਦੀ ਸਮੁੱਚੀ ਸੂਬਾ ਲੀਡਰਸ਼ਿਪ, ਸੀਨੀਅਰ ਸਿਆਸੀ ਆਗੂ, ਜ਼ਿਲ੍ਹਾ ਅਹੁਦੇਦਾਰ, ਮੰਡਲ ਪੱਧਰ ਦੇ ਆਗੂ, ਸ਼ਕਤੀ ਕੇਂਦਰਾਂ ਦੇ ਪ੍ਰਮੁੱਖ ਅਤੇ ਬੂਥ ਪੱਧਰ ਤੱਕ ਦੇ ਅਹੁਦੇਦਾਰ ਤੇ ਵਰਕਰ ਬਹੁਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਨਵੀਨ ਦੇ ਨਿੱਘੇ ਸਵਾਗਤ ਲਈ ਨਾ ਸਿਰਫ਼ ਵਰਕਰ ਬਲਕਿ ਜਲੰਧਰ ਦੀ ਆਮ ਜਨਤਾ ਵੀ ਪੂਰੀ ਤਰ੍ਹਾਂ ਉਤਾਵਲੀ ਹੈ।

ਸ਼ੀਤਲ ਅੰਗੁਰਾਲ ਵੱਲੋਂ ਜਨ-ਆਧਾਰ ਵਧਣ ਦਾ ਦਾਅਵਾ

ਇਸ ਮੌਕੇ ਹਾਜ਼ਰ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਦਾ ਲਗਾਤਾਰ ਵੱਧ ਰਿਹਾ ਜਨ-ਆਧਾਰ ਅਤੇ ਲੋਕਪ੍ਰਿਯਤਾ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਸੂਬੇ ਵਿੱਚ ਇੱਕ ਸਕਾਰਾਤਮਕ ਰਾਜਨੀਤਿਕ ਤਬਦੀਲੀ ਆ ਰਹੀ ਹੈ। ਰਾਸ਼ਟਰੀ ਪ੍ਰਧਾਨ ਦਾ ਇਹ ਦੌਰਾ ਜਿੱਥੇ ਪਾਰਟੀ ਦੇ ਸੰਗਠਨ ਨੂੰ ਹੋਰ ਜ਼ਿਆਦਾ ਮਜ਼ਬੂਤੀ ਪ੍ਰਦਾਨ ਕਰੇਗਾ, ਉੱਥੇ ਹੀ ਵਰਕਰਾਂ ਨੂੰ ਆਉਣ ਵਾਲੀਆਂ ਸਿਆਸੀ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਿਤ ਕਰੇਗਾ।

ਇਸ ਅਹਿਮ ਮੀਟਿੰਗ ਦੌਰਾਨ ਰੋਡ ਸ਼ੋਅ ਦੇ ਨਿਰਧਾਰਿਤ ਰੂਟ, ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ, ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਅਤੇ ਹੋਰਨਾਂ ਸਾਰੀਆਂ ਲੋੜੀਂਦੀਆਂ ਸਹੂਲਤਾਂ ਬਾਰੇ ਬਾਰੀਕੀ ਨਾਲ ਵਿਸਥਾਰਪੂਰਵਕ ਚਰਚਾ ਕੀਤੀ ਗਈ। ਭਾਜਪਾ ਆਗੂਆਂ ਨੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਆਪਸੀ ਤਾਲਮੇਲ ਸਥਾਪਤ ਕਰਦਿਆਂ ਪੂਰੇ ਪ੍ਰੋਗਰਾਮ ਨੂੰ ਅਮਨ-ਅਮਾਨ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਇੱਕ ਵਿਸ਼ੇਸ਼ ਰੂਪ-ਰੇਖਾ (ਪਲਾਨ) ਤਿਆਰ ਕੀਤੀ।

ਮੀਟਿੰਗ ਵਿੱਚ ਇਹ ਪ੍ਰਮੁੱਖ ਸ਼ਖਸੀਅਤਾਂ ਰਹੀਆਂ ਹਾਜ਼ਰ

ਇਸ ਉੱਚ ਪੱਧਰੀ ਤਿਆਰੀ ਮੀਟਿੰਗ ਵਿੱਚ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਯਸ਼ਪਾਲ ਸ਼ਰਮਾ, ਜ਼ਿਲ੍ਹਾ ਉਪ ਪ੍ਰਧਾਨ ਅਸ਼ਵਨੀ ਭੰਡਾਰੀ, ਦਵਿੰਦਰ ਕਾਲੀਆ, ਲਲਿਤ ਯਾਦਵ ਬੱਬੂ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਸਨੀ ਸ਼ਰਮਾ, ਗੌਰਵ ਰਾਏ, ਹਿਮਾਂਸ਼ੂ ਸ਼ਰਮਾ ਅਤੇ ਸ਼ੁਭਮ ਗੁਪਤਾ ਸਮੇਤ ਕਈ ਹੋਰ ਪ੍ਰਮੁੱਖ ਅਹੁਦੇਦਾਰ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਦੂਜੇ ਪਾਸੇ, ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵੱਲੋਂ ਡੀ.ਸੀ.ਪੀ. ਜਯੰਤ ਪੁਰੀ, ਏ.ਡੀ.ਸੀ.ਪੀ. ਸੁਖਵਿੰਦਰ ਸਿੰਘ, ਏ.ਸੀ.ਪੀ. ਨਾਰਥ ਅਸ਼ੋਕ ਮੀਣਾ, ਥਾਣਾ ਡਿਵੀਜ਼ਨ ਨੰਬਰ-3 ਦੇ ਐਸ.ਐਚ.ਓ. ਜਿਤਿੰਦਰ ਸਿੰਘ ਅਤੇ ਥਾਣਾ ਨੰਬਰ-4 ਦੇ ਡਿਊਟੀ ਅਫ਼ਸਰ ਹੀਰਾਲਾਲ ਨੇ ਸ਼ਿਰਕਤ ਕੀਤੀ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਪਾਰਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Follow Us