ਭਾਜਪਾ ਦੇਸ਼ ‘ਚ ਜਾਤੀਵਾਦ ਦਾ ਜ਼ਹਿਰ ਫੈਲਾ ਰਹੀ ਹੈ: ਰਾਹੁਲ ਗਾਂਧੀ

Published: 

19 Jan 2023 18:18 PM

ਪੰਜਾਬ 'ਚ ਭਾਰਤ ਜੋੜੋ ਯਾਤਰਾ ਦੇ ਆਖਰੀ ਦਿਨ ਵੀਰਵਾਰ ਨੂੰ ਪਠਾਨਕੋਟ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਭਾਜਪਾ ਦੇ ਰਾਜ 'ਚ ਕਿਸਾਨਾਂ ਲਈ ਤਿੰਨ ਕਾਲੇ ਖੇਤੀ ਕਾਨੂੰਨ ਆਏ ਤਾਂ ਪੂਰੇ ਦੇਸ਼ ਦੇ ਕਿਸਾਨ ਡਰ ਗਏ ਅਤੇ ਇਕਜੁੱਟ ਹੋ ਕੇ ਅੰਦੋਲਨ ਕੀਤਾ।

ਭਾਜਪਾ ਦੇਸ਼ ਚ ਜਾਤੀਵਾਦ ਦਾ ਜ਼ਹਿਰ ਫੈਲਾ ਰਹੀ ਹੈ: ਰਾਹੁਲ ਗਾਂਧੀ

ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਪੁਰਾਣੀ ਤਸਵੀਰ

Follow Us On

ਭਾਰਤੀ ਜਨਤਾ ਪਾਰਟੀ ਨੂੰ ਕਰੜੇ ਹੱਥੀ ਲੈਂਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਜਪਾ ਨੇ ਦੇਸ਼ ‘ਚ ਜਾਤੀਵਾਦ ਫੈਲਾ ਕੇ ਡਰ ਅਤੇ ਖੌਫ ਦਾ ਮਾਹੌਲ ਪੈਦਾ ਕੀਤਾ ਹੈ। ਭਾਜਪਾ ਦੇ ਰਾਜ ਵਿੱਚ ਜੋ ਵੀ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ, ਉਹ ਲੋਕ ਹਿੱਤ ਵਿੱਚ ਨਹੀਂ ਸਗੋਂ ਚੋਣਵੇਂ ਲੋਕਾਂ ਦੇ ਹਿੱਤ ਵਿੱਚ ਚਲਾਈਆਂ ਗਈਆਂ ਹਨ।

ਪੰਜਾਬ ‘ਚ ਭਾਰਤ ਜੋੜੋ ਯਾਤਰਾ ਦੇ ਆਖਰੀ ਦਿਨ ਵੀਰਵਾਰ ਨੂੰ ਪਠਾਨਕੋਟ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਭਾਜਪਾ ਦੇ ਰਾਜ ‘ਚ ਕਿਸਾਨਾਂ ਲਈ ਤਿੰਨ ਕਾਲੇ ਖੇਤੀ ਕਾਨੂੰਨ ਆਏ ਤਾਂ ਪੂਰੇ ਦੇਸ਼ ਦੇ ਕਿਸਾਨ ਡਰ ਗਏ ਅਤੇ ਇਕਜੁੱਟ ਹੋ ਕੇ ਅੰਦੋਲਨ ਕੀਤਾ। ਇਸ ਅੰਦੋਲਨ ਵਿੱਚ ਕਰੀਬ ਸੱਤ ਸੌ ਕਿਸਾਨ ਸ਼ਹੀਦ ਹੋਏ ਸਨ ਪਰ ਜਦੋਂ ਲੋਕ ਸਭਾ ਵਿੱਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੀ ਗੱਲ ਆਈ ਤਾਂ ਭਾਜਪਾ ਪਿੱਛੇ ਹਟ ਗਈ।

ਅਗਨੀਪਥ ਯੋਜਨਾ ਨੂੰ ਨੌਜਵਾਨ ਵਿਰੋਧੀ ਦੱਸਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਇਹ ਯੋਜਨਾ ਲੈ ਕੇ ਆਈ ਤਾਂ ਦੇਸ਼ ਦੀ ਫੌਜ ਨੇ ਖੁਦ ਨੂੰ ਕਮਜ਼ੋਰ ਮਹਿਸੂਸ ਕੀਤਾ ਅਤੇ ਫੌਜੀਆਂ ‘ਚ ਡਰ ਫੈਲ ਗਿਆ। ਗਾਂਧੀ ਨੇ ਕਿਹਾ ਕਿ ਕੇਂਦਰ ਦੀ ਹਰ ਯੋਜਨਾ ਨੇ ਦੇਸ਼ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਅੱਜ ਹਾਲਾਤ ਇਹ ਬਣ ਗਏ ਹਨ ਕਿ ਇਸ ਦੇਸ਼ ਨੂੰ ਜਾਤੀਵਾਦ ਦੇ ਨਾਂ ‘ਤੇ ਵੰਡਿਆ ਜਾ ਰਿਹਾ ਹੈ।

ਪੰਜਾਬ ਸਰਕਾਰ ਤੇ ਟਿੱਪਣੀ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਇੱਕ ਚੰਗੇ ਇਨਸਾਨ ਹਨ। ਉਨ੍ਹਾਂ ਲੋਕ ਸਭਾ ਵਿੱਚ ਪੰਜਾਬ ਦੇ ਕਈ ਅਹਿਮ ਮੁੱਦੇ ਉਠਾਏ ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣਾ ਰਿਮੋਟ ਦਿੱਲੀ ਦੇ ਮੁੱਖ ਮੰਤਰੀ ਨੂੰ ਦੇ ਦਿੱਤਾ। ਰਾਹੁਲ ਨੇ ਵਿਅੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ਤੋਂ ਆਉਣ ਵਾਲੇ ਸਾਗ ਅਤੇ ਮੱਕੀ ਦੀ ਰੋਟੀ ਨੂੰ ਪਸੰਦ ਨਹੀਂ ਕਰਨਗੇ।

ਚੰਗਾ ਹੋਵੇਗਾ ਜੇਕਰ ਇੱਥੋਂ ਦੇ ਲੋਕਾਂ ਨੂੰ ਪੰਜਾਬ ਦਾ ਸਾਗ ਹੀ ਦਿੱਤਾ ਜਾਵੇ। ਰੈਲੀ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਅਤੇ ਜਵਾਨਾਂ ਦਾ ਅਪਮਾਨ ਕੀਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕ ਇੱਕਜੁੱਟ ਹੋ ਕੇ ਇਸ ਬੇਇੱਜ਼ਤੀ ਦਾ ਬਦਲਾ ਲੈਣ ਅਤੇ ਕਾਂਗਰਸ ਦੇ ਰਾਜ ਵਿੱਚ ਮੁੜ ਲਾਗੂ ਕੀਤੀਆਂ ਗਈਆਂ ਸਕੀਮਾਂ ਨੂੰ ਚਾਲੂ ਕਰਵਾਉਣ।

ਦੇਸ਼ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਦੇਖਣਾ ਚਾਹੁੰਦਾ ਹੈ: ਬਾਜਵਾ

ਪਠਾਨਕੋਟ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਆਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਕੁਝ ਮੌਕਾਪ੍ਰਸਤਾਂ ਕਾਰਨ ਖ਼ਰਾਬ ਹੋ ਰਹੀ ਹੈ।

ਰਾਹੁਲ ਗਾਂਧੀ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਦੇਸ਼ ਦਾ ਮਾਹੌਲ ਕਾਂਗਰਸ ਦੇ ਹੱਕ ਵਿਚ ਹੈ ਅਤੇ ਹੁਣ ਦੇਸ਼ ਦੇ ਲੋਕ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਰੈਲੀ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਜਿੰਦਰ ਕੌਰ ਭੱਲਾ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ।