BJP-SAD ਗਠਜੋੜ ਬਚਾ ਸਕੇਗਾ ਸਿਆਸੀ ਹੋਂਦ… ਚੋਣਾਂ ‘ਤੇ ਕਿੰਨਾ ਪਵੇਗਾ ਅਸਰ? ਜਾਣੋ…
BJP-SAD Alliance: ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (SAD) ਅਤੇ ਭਾਰਤੀ ਜਨਤਾ ਪਾਰਟੀ (BJP) ਨੇ ਮੁੜ ਹੱਥ ਮਿਲਾ ਲਿਆ ਹੈ।
2027 ਲਈ ਮੁੜ ਇਕੱਠੇ ਹੋਏ BJP-SAD
ਸ਼੍ਰੋਮਣੀ ਅਕਾਲੀ ਦਲ (SAD) ਅਤੇ ਭਾਰਤੀ ਜਨਤਾ ਪਾਰਟੀ (BJP) ਵਿਚਾਲੇ ਗਠਜੋੜ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਆਖ਼ਰਕਾਰ ਮੰਗਲਵਾਰ ਨੂੰ ਹਕੀਕਤ ਵਿੱਚ ਬਦਲ ਗਈਆਂ। ਦੁਪਹਿਰ 1 ਵਜੇ ਦੋਵਾਂ ਪਾਰਟੀਆਂ ਦੇ ਪ੍ਰਧਾਨਾਂ ਨੇ ਇਨ੍ਹਾਂ ਚਰਚਾਵਾਂ ‘ਤੇ ਮੋਹਰ ਲਗਾਉਂਦਿਆਂ ਅਧਿਕਾਰਤ ਤੌਰ ‘ਤੇ ਗਠਜੋੜ ਦਾ ਐਲਾਨ ਕਰ ਦਿੱਤਾ। ਹਾਲਾਂਕਿ, ਸਿਆਸੀ ਮਾਹਰਾਂ ਦੀ ਮੰਨੀਏ ਤਾਂ ਇਹ ਫ਼ੈਸਲਾ ਕਾਫ਼ੀ ਪਹਿਲਾਂ ਹੋ ਜਾਣਾ ਚਾਹੀਦਾ ਸੀ। ਪਰ ਕਹਿੰਦੇ ਹਨ ਕਿ ਦੇਰ ਆਏ, ਦਰੁਸਤ ਆਏ। ਹੁਣ ਜਦੋਂ ਦੋਵਾਂ ਪਾਰਟੀਆਂ ਨੇ ਮਿਲ ਕੇ ਚੋਣਾਂ ਲੜਨ ਦਾ ਫ਼ੈਸਲਾ ਕਰ ਲਿਆ ਹੈ ਤਾਂ ਵਿਰੋਧੀ ਧਿਰਾਂ ਵਿੱਚ ਹਲਚਲ ਹੋਣੀ ਸੁਭਾਵਿਕ ਹੈ। ਕਿਉਂਕਿ ਜਦੋਂ ਵੀ ਦੋਵੇਂ ਪਾਰਟੀਆਂ ਇਕੱਠੀਆਂ ਚੋਣ ਮੈਦਾਨ ਵਿੱਚ ਉਤਰੀਆਂ ਹਨ, ਉਨ੍ਹਾਂ ਨੇ ਦੂਜੀਆਂ ਪਾਰਟੀਆਂ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਕੀਤੀ ਹੈ।
ਹੁਣ ਸਵਾਲ ਇਹ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਗਠਜੋੜ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੂੰ ਆਪਣੀਆਂ ਰਣਨੀਤੀਆਂ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਕਰਨੇ ਪੈਣਗੇ ਅਤੇ ਉਨ੍ਹਾਂ ਸਾਹਮਣੇ ਕਿਹੜੀਆਂ ਚੁਣੌਤੀਆਂ ਹੋਣਗੀਆਂ? ਇਹ ਤੈਅ ਹੈ ਕਿ ਦੋਵਾਂ ਪਾਰਟੀਆਂ ਦੇ ਇਕੱਠੇ ਹੋਣ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ। ਇਸ ਗੱਲ ਦੀ ਗਵਾਹੀ ਪਿਛਲੀਆਂ ਚੋਣਾਂ ਦੇ ਅੰਕੜੇ ਖ਼ੁਦ ਦਿੰਦੇ ਹਨ।
ਦੋਵਾਂ ਪਾਰਟੀਆਂ ਵਿਚਾਲੇ ਹੈ ਪੁਰਾਣਾ ਰਿਸ਼ਤਾ!
ਜੇਕਰ ਕਿਹਾ ਜਾਵੇ ਕਿ ਭਾਜਪਾ ਅਤੇ ਅਕਾਲੀ ਦਲ ਦਾ ਰਿਸ਼ਤਾ ਕਾਫ਼ੀ ਪੁਰਾਣਾ ਹੈ ਤਾਂ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਰਸਮੀ ਗਠਜੋੜ ਤੋਂ ਕਾਫ਼ੀ ਪਹਿਲਾਂ ਅਕਾਲੀ ਦਲ ਨੇ ਭਾਰਤੀ ਜਨ ਸੰਘ ਨਾਲ ਮਿਲ ਕੇ 1967 ਅਤੇ 1970 ਵਿੱਚ ਗਠਜੋੜ ਦੀਆਂ ਸਰਕਾਰਾਂ ਵਿੱਚ ਕੰਮ ਕੀਤਾ ਸੀ। ਦੋਵਾਂ ਪਾਰਟੀਆਂ ਵਿਚਾਲੇ ਸਾਂਝ 1990 ਦੇ ਦਹਾਕੇ ਵਿੱਚ ਹੋਰ ਮਜ਼ਬੂਤ ਹੋਈ। ਸਾਲ 1996 ਵਿੱਚ ਜਦੋਂ ਅਟਲ ਬਿਹਾਰੀ ਵਾਜਪਾਈ ਨੇ 13 ਦਿਨਾਂ ਦੀ ਸਰਕਾਰ ਬਣਾਈ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਸੀ।
ਉਸ ਸਮੇਂ ਅਕਾਲੀ ਦਲ ਦੀ ਪਛਾਣ ਪੰਥਕ ਪਾਰਟੀ ਵਜੋਂ ਸੀ, ਪਰ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਇਸ ਦੀ ਪਛਾਣ ‘ਪੰਥਕ ਪਾਰਟੀ’ ਤੋਂ ਬਦਲ ਕੇ ‘ਪੰਜਾਬੀ ਪਾਰਟੀ’ ਵਜੋਂ ਬਣਾਈ। ਇਸ ਤੋਂ ਬਾਅਦ ਪੰਜਾਬ ਵਿੱਚ ਦੋਵਾਂ ਪਾਰਟੀਆਂ ਨੇ ਪਹਿਲੀ ਵਾਰ 1997 ਵਿੱਚ ਗਠਜੋੜ ਕਰਕੇ ਚੋਣਾਂ ਲੜਨ ਦਾ ਫ਼ੈਸਲਾ ਕੀਤਾ। ਦੋਵਾਂ ਪਾਰਟੀਆਂ ਦਾ ਇਹ ਫ਼ੈਸਲਾ ਸਹੀ ਸਾਬਤ ਹੋਇਆ ਅਤੇ ਉਨ੍ਹਾਂ ਨੇ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਕੇ ਸਰਕਾਰ ਬਣਾਈ।
ਇਸ ਤੋਂ ਬਾਅਦ 2007 ਤੋਂ 2012 ਅਤੇ ਫਿਰ 2012 ਤੋਂ 2017 ਤੱਕ ਵੀ ਗਠਜੋੜ ਦੀ ਸਰਕਾਰ ਕਾਇਮ ਰਹੀ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। ਸਾਲ 2012 ਦੀਆਂ ਚੋਣਾਂ ਵਿੱਚ ਅਕਾਲੀ ਦਲ ਨੇ 56 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ ਅਤੇ ਉਸ ਨੂੰ 48,28,612 ਵੋਟਾਂ ਮਿਲੀਆਂ ਸਨ। ਇਸ ਦਾ ਵੋਟ ਸ਼ੇਅਰ 34.73 ਫ਼ੀਸਦੀ ਸੀ। ਉੱਥੇ ਹੀ ਭਾਜਪਾ ਨੇ 12 ਸੀਟਾਂ ਜਿੱਤ ਕੇ 9,98,098 ਵੋਟਾਂ ਹਾਸਲ ਕੀਤੀਆਂ ਸਨ, ਜੋ 7.18 ਫ਼ੀਸਦੀ ਬਣਦੀਆਂ ਸਨ।
ਇਹ ਵੀ ਪੜ੍ਹੋ
ਜੇਕਰ 2017 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੂੰ 15 ਸੀਟਾਂ ‘ਤੇ ਜਿੱਤ ਮਿਲੀ ਅਤੇ ਪਾਰਟੀ ਨੂੰ 38,98,161 ਵੋਟਾਂ (25.42 ਫ਼ੀਸਦੀ ਵੋਟ ਸ਼ੇਅਰ) ਮਿਲੀਆਂ। ਜਦਕਿ ਭਾਜਪਾ ਨੇ 3 ਸੀਟਾਂ ਜਿੱਤੀਆਂ ਅਤੇ ਉਸ ਨੂੰ 8,33,092 ਵੋਟਾਂ (5.43 ਫ਼ੀਸਦੀ ਵੋਟ ਸ਼ੇਅਰ) ਮਿਲਿਆ। ਹਾਲਾਂਕਿ, ਇਸ ਵਾਰ ਗਠਜੋੜ ਸਰਕਾਰ ਬਣਾਉਣ ਵਿੱਚ ਸਫ਼ਲ ਨਹੀਂ ਹੋ ਸਕਿਆ। 38.77 ਫ਼ੀਸਦੀ ਵੋਟ ਸ਼ੇਅਰ ਨਾਲ ਕਾਂਗਰਸ ਨੇ ਸੱਤਾ ਹਾਸਲ ਕੀਤੀ ਸੀ।
2020 ਵਿੱਚ ਟੁੱਟ ਗਿਆ ਸੀ ਦੋਵਾਂ ਪਾਰਟੀਆਂ ਦਾ ਰਿਸ਼ਤਾ
ਸਤੰਬਰ 2020 ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੇ ਜਦੋਂ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਸ਼ੁਰੂ ਕੀਤਾ ਤਾਂ ਅਕਾਲੀ ਦਲ ਵੀ ਉਨ੍ਹਾਂ ਦੇ ਸਮਰਥਨ ਵਿੱਚ ਖੜ੍ਹਾ ਹੋ ਗਿਆ ਅਤੇ ਕੇਂਦਰ ਸਰਕਾਰ ਦੇ ਕਾਨੂੰਨਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ। ਉਸ ਸਮੇਂ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਵਿੱਚ ਮੰਤਰੀ ਸਨ। ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਗਠਜੋੜ ਤੋੜਨ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਭਾਜਪਾ ਅਤੇ ਅਕਾਲੀ ਦਲ ਦੇ ਰਸਤੇ ਵੱਖ ਹੋ ਗਏ।
ਹਾਲਾਂਕਿ, ਜਿਵੇਂ-ਜਿਵੇਂ 2027 ਦੀਆਂ ਚੋਣਾਂ ਨੇੜੇ ਆਉਂਦੀਆਂ ਗਈਆਂ, ਦੋਵਾਂ ਪਾਰਟੀਆਂ ਦੇ ਆਗੂ ਸਿਆਸੀ ਭਾਸ਼ਣਾਂ ਅਤੇ ਮੀਡੀਆ ਬ੍ਰੀਫਿੰਗ ਦੌਰਾਨ ਇਕ-ਦੂਜੇ ਖ਼ਿਲਾਫ਼ ਖੁੱਲ੍ਹ ਕੇ ਬੋਲਣ ਤੋਂ ਬਚਦੇ ਰਹੇ। ਆਗੂਆਂ ਦੇ ਦਿਲਾਂ ਵਿੱਚ ਇਕ-ਦੂਜੇ ਲਈ ਨਰਮ ਰੁਖ਼ ਸਾਫ਼ ਦਿਖਾਈ ਦੇਣ ਲੱਗਾ। ਇਸ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਮੁੜ ਇਕੱਠੇ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ।
ਵੱਖ ਹੋਣ ਦਾ ਦੋਵਾਂ ਪਾਰਟੀਆਂ ਨੂੰ ਭੁਗਤਣਾ ਪਿਆ ਖ਼ਮਿਆਜ਼ਾ
ਗਠਜੋੜ ਟੁੱਟਣ ਦਾ ਖ਼ਮਿਆਜ਼ਾ ਦੋਵਾਂ ਪਾਰਟੀਆਂ ਨੂੰ ਭੁਗਤਣਾ ਪਿਆ। ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਮਿਲੇ ਵੋਟ ਸ਼ੇਅਰ ‘ਤੇ ਨਜ਼ਰ ਮਾਰੀਏ ਤਾਂ ਸਾਫ਼ ਪਤਾ ਲੱਗਦਾ ਹੈ ਕਿ ਜੇਕਰ ਦੋਵੇਂ ਪਾਰਟੀਆਂ ਇਕੱਠੀਆਂ ਚੋਣ ਲੜਦੀਆਂ ਤਾਂ ਕਈ ਸੀਟਾਂ ‘ਤੇ ਵੱਡੀ ਜਿੱਤ ਦਰਜ ਕਰ ਸਕਦੀਆਂ ਸਨ। ਕੁਝ ਸੀਟਾਂ ਅਜਿਹੀਆਂ ਵੀ ਸਨ, ਜਿੱਥੇ ਦੋਵਾਂ ਪਾਰਟੀਆਂ ਦਾ ਵੋਟ ਸ਼ੇਅਰ ਜੋੜਨ ਨਾਲ ਵੱਡੀ ਜਿੱਤ ਮਿਲ ਸਕਦੀ ਸੀ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ 28,61,286 ਵੋਟਾਂ ਮਿਲੀਆਂ ਸਨ, ਜੋ ਲਗਭਗ 18.5 ਫ਼ੀਸਦੀ ਬਣਦੀਆਂ ਹਨ। ਉੱਥੇ ਹੀ ਭਾਜਪਾ ਨੂੰ 10,27,143 ਵੋਟਾਂ ਮਿਲੀਆਂ ਸਨ ਅਤੇ ਉਸ ਦਾ ਵੋਟ ਸ਼ੇਅਰ 6.6 ਫ਼ੀਸਦੀ ਰਿਹਾ ਸੀ।
ਇਸੇ ਤਰ੍ਹਾਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦਾ ਵੋਟ ਸ਼ੇਅਰ 13 ਤੋਂ 13.5 ਫ਼ੀਸਦੀ ਦੇ ਕਰੀਬ ਰਿਹਾ, ਜਦਕਿ ਭਾਜਪਾ ਦਾ ਵੋਟ ਸ਼ੇਅਰ 18 ਤੋਂ 19 ਫ਼ੀਸਦੀ ਦੇ ਵਿਚਕਾਰ ਸੀ। ਸਾਲ 2024 ਵਿੱਚ ਭਾਜਪਾ ਦਾ ਵੋਟ ਸ਼ੇਅਰ ਵਧ ਕੇ 18.56 ਫ਼ੀਸਦੀ ਹੋ ਗਿਆ ਸੀ, ਜਦਕਿ ਅਕਾਲੀ ਦਲ ਨੂੰ 13.52 ਫ਼ੀਸਦੀ ਵੋਟਾਂ ਮਿਲੀਆਂ ਸਨ।
ਦੋਵਾਂ ਪਾਰਟੀਆਂ ਵਿਚਾਲੇ ਮਤਭੇਦਾਂ ਦਾ ਫ਼ਾਇਦਾ 2022 ਵਿੱਚ ਆਮ ਆਦਮੀ ਪਾਰਟੀ (AAP) ਨੂੰ ਮਿਲਿਆ, ਜਦਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਇਸ ਦਾ ਲਾਭ ਹੋਇਆ। ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ, ਜਦਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ 7 ਸੀਟਾਂ ਜਿੱਤੀਆਂ ਸਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ 3 ਸੀਟਾਂ ਆਈਆਂ, ਦੋ ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਅਤੇ ਅਕਾਲੀ ਦਲ ਨੂੰ ਸਿਰਫ਼ ਇੱਕ ਸੀਟ ਨਾਲ ਹੀ ਸਬਰ ਕਰਨਾ ਪਿਆ। ਵੋਟ ਸ਼ੇਅਰ ਵੱਧ ਹੋਣ ਦੇ ਬਾਵਜੂਦ ਭਾਜਪਾ ਆਪਣਾ ਖਾਤਾ ਖੋਲ੍ਹਣ ਵਿੱਚ ਵੀ ਸਫ਼ਲ ਨਹੀਂ ਹੋ ਸਕੀ।
ਕੀ 2027 ਵਿੱਚ ਫਿਰ ਹੋਵੇਗਾ ਚਮਤਕਾਰ?
ਪਿਛਲੀਆਂ ਚੋਣਾਂ ਦੇ ਅੰਕੜਿਆਂ ਨੂੰ ਆਧਾਰ ਬਣਾਇਆ ਜਾਵੇ ਤਾਂ 2027 ਵਿੱਚ ਜੇਕਰ ਦੋਵੇਂ ਪਾਰਟੀਆਂ ਮਿਲ ਕੇ ਜਿੱਤ ਦਰਜ ਕਰਦੀਆਂ ਹਨ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਜ਼ਮੀਨੀ ਪੱਧਰ ‘ਤੇ ਦੇਖਿਆ ਜਾਵੇ ਤਾਂ ਭਾਜਪਾ ਸ਼ਹਿਰਾਂ ਤੋਂ ਨਿਕਲ ਕੇ ਪਿੰਡਾਂ ਤੱਕ ਆਪਣੀ ਪਹੁੰਚ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਹਾਲਾਂਕਿ, ਪਿੰਡਾਂ ਵਿੱਚ ਪਾਰਟੀ ਨੂੰ ਅਜੇ ਤੱਕ ਉਮੀਦ ਮੁਤਾਬਕ ਸਫ਼ਲਤਾ ਨਹੀਂ ਮਿਲ ਸਕੀ ਹੈ। ਦੂਜੀਆਂ ਪਾਰਟੀਆਂ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਵੱਡੇ ਚਿਹਰੇ ਵੀ ਉਸ ਦਾ ਵੋਟ ਸ਼ੇਅਰ ਵਧਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਆਪਣੇ ‘ਤੇ ਲੱਗੇ ਬੇਅਦਬੀ ਅਤੇ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਵਰਗੇ ਮਾਮਲਿਆਂ ਕਾਰਨ ਸਿੱਖ ਭਾਈਚਾਰੇ ਵਿੱਚ ਪੈਦਾ ਹੋਈ ਨਾਰਾਜ਼ਗੀ ਨੂੰ ਦੂਰ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਵਿੱਚ ਜੇਕਰ ਲੋਕਾਂ ਦਾ ਰੁਖ਼ ਬਦਲਦਾ ਹੈ ਤਾਂ ਇਹ ਗਠਜੋੜ ਸਰਕਾਰ ਬਣਾਉਣ ਦੀ ਦੌੜ ਵਿੱਚ ਮਜ਼ਬੂਤ ਦਾਅਵੇਦਾਰ ਬਣ ਸਕਦਾ ਹੈ।
ਹਾਲਾਂਕਿ, ਕਾਂਗਰਸ ਵੀ ਦੋਵਾਂ ਪਾਰਟੀਆਂ ਲਈ ਵੱਡੀ ਚੁਣੌਤੀ ਬਣ ਸਕਦੀ ਹੈ। ਪਰ ਪਾਰਟੀ ਦੇ ਵੱਡੇ ਆਗੂਆਂ ਵਿਚਾਲੇ ਚੱਲ ਰਹੀ ਅੰਦਰੂਨੀ ਖਿੱਚੋਤਾਣ ਦਾ ਫ਼ਾਇਦਾ ਭਾਜਪਾ-ਅਕਾਲੀ ਦਲ ਗਠਜੋੜ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ ਅਕਾਲੀ ਦਲ ਤੋਂ ਵੱਖ ਹੋਏ ਅਕਾਲੀ ਦਲ ਪੁਨਰ ਸੁਰਜੀਤ ਅਤੇ ਵਾਰਿਸ ਪੰਜਾਬ ਦੇ ਵਿਚਾਲੇ ਹੋਣ ਵਾਲਾ ਗਠਜੋੜ ਵੀ ਕੁਝ ਸੀਟਾਂ ‘ਤੇ ਆਪਣਾ ਪ੍ਰਭਾਵ ਦਿਖਾ ਸਕਦਾ ਹੈ।
ਖ਼ੈਰ, ਪੰਜਾਬ ਦੀ ਸਿਆਸਤ ਦੀ ਅਸਲ ਤਸਵੀਰ 2027 ਦੀਆਂ ਚੋਣਾਂ ਵਿੱਚ ਹੀ ਸਾਫ਼ ਹੋਵੇਗੀ, ਪਰ ਇੰਨਾ ਤੈਅ ਹੈ ਕਿ ਇਸ ਵਾਰ ਪੰਜਾਬ ਦਾ ਚੋਣ ਮੁਕਾਬਲਾ ਕਾਫ਼ੀ ਦਿਲਚਸਪ ਹੋਣ ਵਾਲਾ ਹੈ।
