ਮਜੀਠਿਆ ਨੇ ਕੀਤੀ ਬੈਰਕ ਬਦਲਣ ਦੀ ਮੰਗ, ਮੁਹਾਲੀ ਕੋਰਟ ‘ਚ ਪਟੀਸ਼ਨ ਦਾਇਰ
ਜਾਣਕਾਰੀ ਮੁਤਾਬਕ ਬਿਕਰਮ ਮਜੀਠਿਆ ਦੀ ਬੈਰਕ ਅੰਦਰ ਤੇ ਬਾਹਰ ਕੈਮਰੇ ਲਗਾਏ ਗਏ ਹਨ। ਇਸ ਤੋਂ ਪਹਿਲਾਂ ਜਦੋਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਸੀ ਤਾਂ ਉਸ ਸਮੇਂ ਦਾਅਵਾ ਕੀਤਾ ਗਿਆ ਸੀ ਕਿ ਮਜੀਠਿਆ ਦੀ ਬੈਰਕ 'ਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਤਾਂ ਕਿ ਉਨ੍ਹਾਂ ਦੀ ਸੁਰੱਖਿਆ ਰੱਖੀ ਜਾ ਸਕੇ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜਿਠਿਆ ਵਿਜੀਲੈਂਸ ਬਿਊਰੋ ਵੱਲੋ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਨਿਊ ਨਾਭਾ ਜੇਲ੍ਹ ‘ਚ ਨਿਆਂਇਕ ਹਿਰਾਸਤ ‘ਚ ਬੰਦ ਹਨ। ਜੇਲ੍ਹ ‘ਚ ਬੰਦ ਬਿਕਰਮ ਮਜੀਠਿਆਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਉਹ ਸਾਬਕਾ ਵਿਧਾਇਕ ਅਤੇ ਮੰਤਰੀ ਹਨ। ਉਹ ਆਰੇਂਜ ਕੈਟਗਰੀ ‘ਚ ਆਉਂਦੇ ਹਨ। ਉਨ੍ਹਾਂ ਨੂੰ ਮੁਕੱਦਮੇ ਅਧੀਨ ਕੈਦੀਆਂ ਅਤੇ ਸਜ਼ਾ ਕੱਟ ਰਹੇ ਕੈਦੀਆਂ ਤੋਂ ਵੱਖਰਾ ਰੱਖਿਆ ਜਾਣਾ ਚਾਹੀਦਾ ਹੈ।
ਜਾਣਕਾਰੀ ਮੁਤਾਬਕ ਬਿਕਰਮ ਮਜੀਠਿਆ ਦੀ ਬੈਰਕ ਅੰਦਰ ਤੇ ਬਾਹਰ ਕੈਮਰੇ ਲਗਾਏ ਗਏ ਹਨ। ਇਸ ਤੋਂ ਪਹਿਲਾਂ ਜਦੋਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਸੀ ਤਾਂ ਉਸ ਸਮੇਂ ਦਾਅਵਾ ਕੀਤਾ ਗਿਆ ਸੀ ਕਿ ਮਜੀਠਿਆ ਦੀ ਬੈਰਕ ‘ਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਤਾਂ ਕਿ ਉਨ੍ਹਾਂ ਦੀ ਸੁਰੱਖਿਆ ਰੱਖੀ ਜਾ ਸਕੇ।
ਇਸ ਦੇ ਨਾਲ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਮਜੀਠਿਆ ਨੂੰ ਆਮ ਕੈਦੀਆਂ ਵਾਂਗ ਰੱਖਿਆ ਜਾਵੇਗਾ ਤੇ ਆਮ ਕੈਦੀਆਂ ਵਾਂਗ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਵੀਆਈਪੀ ਸੁਵਿਧਾਵਾਂ ਨਹੀਂ ਮਿਲਣਗੀਆਂ।
ਇਸ ਤੋਂ ਪਟਿਆਲਾ ਪਟਿਆਲਾ ਜੇਲ੍ਹ ‘ਚ ਵੀ ਰਹਿ ਚੁੱਕੇ
ਇਸ ਤੋਂ ਪਹਿਲਾਂ 2021 ‘ਚ ਕਾਂਗਰਸ ਸਰਕਾਰ ਦੇ ਸਮੇਂ ਬਿਕਰਮ ਮਜੀਠਿਆ ਖਿਲਾਫ਼ ਡਰੱਗ ਤਸਕਰੀ ਨਾਲ ਜੁੜਿਆ ਕੇਸ ਦਰਜ ਕੀਤਾ ਗਿਆ ਸੀ। ਉਸ ਸਮੇਂ ਉਨ੍ਹਾਂ ਨੂੰ 2022 ਵਿਧਾਨ ਸਭਾ ਚੋਣਾਂ ਤੋਂ ਬਾਅਦ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਸੀ। ਉਹ ਉਸ ਸਮੇਂ ਕਰੀਬ ਛੇ ਮਹੀਨੇ ਪਟਿਆਲਾ ਜੇਲ੍ਹ ‘ਚ ਰਹੇ ਸਨ।
ਆਮਦਨ ਤੋਂ ਵੱਧ ਜਾਇਦਾਦ
ਦੱਸ ਦੇਈਏ ਕਿ ਵਿਜੀਲੈਂਸ ਬਿਊਰੋ ਨੇ 540 ਕਰੋੜ ਰੁਪਏ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ 25 ਜੂਨ ਨੂੰ ਬਿਕਰਮ ਮਜੀਠਿਆ ਦੀ ਅੰਮ੍ਰਿਤਸਰ ਰਿਹਾਇਸ਼ ਸਮੇਤ ਕਈ ਹੋਰ ਥਾਂਵਾਂ ਦੇ ਛਾਪੇਮਾਰੀ ਕੀਤੀ ਸੀ। ਉਨ੍ਹਾਂ ਨੂੰ ਉਸ ਹੀ ਦਿਨ ਹਿਰਾਸਤ ‘ਚ ਲੈ ਲਿਆ ਗਿਆ ਸੀ। ਛਾਪੇਮਾਰੀ ਦੌਰਾਨ ਵਿਜੀਲੈਂਸ ਨੂੰ 29 ਮੋਬਾਈਲ ਫ਼ੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, 8 ਡਾਈਰੀਆਂ ਤੇ ਹੋਰ ਦਸਤਾਵੇਜ਼ ਹੱਥ ਲੱਗੇ ਸਨ।