ਜਲੰਧਰ ‘ਚ ਕਾਂਗਰਸ ਨੂੰ ਵੱਡਾ ਝਟਕਾ, ‘ਆਪ’ ਵਿੱਚ ਸ਼ਾਮਲ ਹੋਏ ਇਹ ਆਗੂ
ਕਾਂਗਰਸ ਪਾਰਟੀ ਨੂੰ ਜਲੰਧਰ ਚ ਲੱਗਿਆ ਵੱਡਾ ਝਟਕਾ, ਕਾਕੂ ਆਹਲੂਵਾਲੀਆ, ਮਨਜਿੰਦਰ ਚੱਠਾ ਸਮੇਤ ਕਈ ਕਾਂਗਰਸੀ ਤੇ ਭਾਜਪਾ ਆਗੂ 'ਆਪ' ਵਿੱਚ ਹੋਏ ਸ਼ਾਮਿਲ।
ਪੰਜਾਬ ਦੇ ਲੋਕਲ ਬਾਡੀ ਮੰਤਰੀ ਇੰਦਰਬੀਰ ਸਿੰਘ ਨਿੱਝਰ ਜਲੰਧਰ ਦੇ ਸਰਕਟ ਹਾਊਸ ਪਹੁੰਚੇ ਜਿੱਥੇ ਵਿਧਾਇਕ ਰਮਨ ਅਰੋੜਾ ਅਤੇ ਸ਼ੀਤਲ ਅੰਗੁਰਾਲ ਸਮੇਤ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ । ਉੱਥੇ ਹੀ ਜਲੰਧਰ ‘ਚ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰ ਲਿਆ ਹੈ। ਇਸੇ ਦੌਰਾਨ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਲਜੀਤ ਆਹਲੂਵਾਲੀਆ ਦੇ ਪੁੱਤਰ ਕਾਕੂ ਆਹਲੂਵਾਲੀਆ, ਜੇਸੀ ਰਿਜ਼ੋਰਟ ਦੇ ਮਾਲਕ ਮਨਜਿੰਦਰ ਸਿੰਘ ਚੱਠਾ, ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਜੇਸ਼ ਸ਼ੇਖਰ ਅੱਜ ਆਪ ਵਿੱਚ ਸ਼ਾਮਲ ਹੋ ਗਏ ਹਨ। ਇੱਥੋਂ ਤੱਕ ਕਿ ਪਿੰਡ ਫੋਲੜੀਵਾਲ ਤੋਂ ਕਾਂਗਰਸੀ ਸਰਪੰਚ ਸੁੱਖਾ ਫੋਲੜੀਵਾਲ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ।
ਨਿੱਜੀ ਕਾਰਨਾਂ ਕਰਕੇ ਕਾਂਗਰਸ ਨੂੰ ਕਿਹਾ ਅਲਵਿਦਾ
ਜਲੰਧਰ ਦੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਪੁੱਤਰ ਗਗਨਦੀਪ ਸਿੰਘ ਆਹਲੂਵਾਲੀਆ (ਕਾਕੂ ਆਹਲੂਵਾਲੀਆ) ਨੇ ਦੱਸਿਆ ਕਿ ਉਹ ਨਿੱਜੀ ਕਾਰਨਾਂ ਕਰਕੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ । ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਕਾਂਗਰਸ ਪਾਰਟੀ ਵਿੱਚ ਸੇਵਾ ਕਰ ਰਹੀਆਂ ਹਨ। ਹਾਲਾਂਕਿ ਉਨ੍ਹਾਂ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਪਰ ਉਹ ਇਹ ਕਹਿੰਦੇ ਨਜ਼ਰ ਆਏ ਕਿ ਉਨ੍ਹਾਂ ਦਾ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਨਾਲ ਚੰਗਾ ਰਿਸ਼ਤਾ ਹੈ ਅਤੇ ਉਹ ਆਮ ਆਦਮੀ ਪਾਰਟੀ ਦੇ ਕੰਮ ਕਰਨ ਦੇ ਤਰੀਕੇ ਨੂੰ ਪਸੰਦ ਕਰਦੇ ਹਨ।ਵਿਧਾਇਕ ਸ਼ੀਤਲ ਅੰਗੂਰਾਲ ਇੱਕ ਨੌਜਵਾਨ ਆਗੂ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਹੈ । ਇਨ੍ਹਾਂ ਕਾਰਨਾਂ ਕਰਕੇ ਉਹ ਕਾਂਗਰਸ ਛੱਡ ਕੇ ‘ਆਪ’ ‘ਚ ਆਪਣੀ ਸੇਵਾ ਕਰਨਗੇ ।
ਪਾਰਟੀ ਤੋਂ ਨਾਖੁਸ਼ ਸਨ ਆਗੂ
ਲੋਕਲ ਬਾਡੀਜ਼ ਮੰਤਰੀ ਇੰਦਰਬੀਰ ਸਿੰਘ ਨਿੱਝਰ ਅਤੇ ਜਲੰਧਰ ਸੈਂਟਰ ਦੇ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਕਾਂਗਰਸ ਅਤੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਤੋਂ ਆਏ ਪਾਰਟੀ ਵਰਕਰ ਦੋਵਾਂ ਪਾਰਟੀਆ ਤੋਂ ਨਾਖੁਸ਼ ਸਨ, ਇਸ ਲਈ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ ਹੈ ਜੋ ਆਮ ਲੋਕਾਂ ਅਤੇ ਸਿਆਸਤਦਾਨਾਂ ਲਈ ਸੋਚਦੀ ਅਤੇ ਕੰਮ ਕਰਦੀ ਹੈ।
ਨਿੱਝਰ ਨੇ ਪਾਰਟੀ ‘ਚ ਸ਼ਾਮਿਲ ਵਰਕਰਾਂ ਦਾ ਕੀਤਾ ਸਵਾਗਤ
ਇਸ ਦੇ ਨਾਲ ਹੀ ਤਰਸੇਮ ਲਾਲ, ਰਾਜਿੰਦਰ ਕੌਂਸਲਰ ਧਨੋਵਾਲੀ, ਕਾਂਗਰਸ ਤੋਂ ਗੰਗਾ ਦੇਵੀ, ਸਾਬਕਾ ਕੌਂਸਲਰ ਵਿੱਕੀ ਤੁਲਸੀ, ਪ੍ਰਵੀਨ ਪਹਿਲਵਾਨ, ਗੋਪੀ ਚੰਦ ਗੁਲਾਟੀ, ਬੰਟੀ ਬਾਜਵਾ, ਲੱਕੀ ਓਬਰਾਏ ਸਮੇਤ ਕਈ ਆਗੂ ਆਪ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸਰਕਟ ਹਾਊਸ ਵਿਖੇ ‘ਆਪ’ ਪਾਰਟੀ ਦੀ ਇਸ ਮੀਟਿੰਗ ‘ਚ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਪਾਰਟੀ ‘ਚ ਸ਼ਾਮਿਲ ਵਰਕਰਾਂ ਦਾ ਸਵਾਗਤ ਕੀਤਾ | ਇਸ ਦੌਰਾਨ ਉੱਤਰੀ ਤੋਂ ਦਿਨੇਸ਼ ਢੱਲ, ਕੇਂਦਰੀ ਤੋਂ ਰਮਨ ਅਰੋੜਾ ਅਤੇ ਪੱਛਮੀ ਹਲਕੇ ਤੋਂ ਸ਼ੀਤਲ ਅੰਗੁਰਾਲ ਨੇ ਕਈ ਵਰਕਰਾਂ ਨੂੰ ਆਪ ਪਾਰਟੀ ਵਿੱਚ ਸ਼ਾਮਲ ਕੀਤਾ ।