ਨਵੇਂ ਸਾਲ ਚ ਨਵੀਂ ਟੀਮ ਨਾਲ ਕੰਮ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ
ਕਰੀਬ 10 ਮਹੀਨਿਆਂ ਦੇ ਕਾਰਜਕਾਲ ਚ ਪੰਜਾਬ ਦੀ ਹਾਕਮ ਆਪ ਸਰਕਾਰ ਨੇ ਮੰਤਰੀ ਮੰਡਲ ਚ ਦੋ ਵਾਰ ਬਦਲਾਅ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਦਾ ਜਨਤਾ ਚ ਕੀ ਅਸਰ ਹੋਵੇਗਾ ਇਸ ਬਾਰੇ ਤਾਂ ਭਵਿੱਖ ਚ ਪਤਾ ਲਗੇਗਾ।
ਪੰਜਾਬ ਚ ਕਰੀਬ 10 ਮਹੀਨੇ ਪਹਿਲਾਂ 92 ਸੀਟਾਂ ਤੇ ਜਿੱਤ ਹਾਸਲ ਕਰਕੇ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ 10 ਮਹੀਨਿਆਂ ਦੇ ਕਾਰਜਕਾਲ ਦੌਰਾਨ ਦੋ ਵਾਰ ਆਪਣੇ ਮੰਤਰੀ ਮੰਡਲ ਵਿਚ ਫੇਰ ਬਦਲ ਕੀਤਾ ਹੈ, ਜਿਸਦੇ ਕਾਰਨ ਵੱਖ ਵੱਖ ਸਮਿਆਂ ਤੇ ਵੱਖਰੇ ਵੱਖਰੇ ਰਹੇ। ਤੁਹਾਨੂੰ ਦੱਸ ਦਈਏ ਕਿ ਨਵੇਂ ਸਾਲ ਦੇ ਪਹਿਲੇ ਹੀ ਹਫ਼ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਮੰਤਰੀ ਵਿਚ ਫੇਰ ਬਦਲ ਕਰਦਿਆਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਜਿਨ੍ਹਾਂ ਦੀ ਭ੍ਰਿਸ਼ਟਾਚਾਰ ਸਬੰਧੀ ਇਕ ਆਡੀਓ ਵਾਇਰਲ ਹੋਈ ਸੀ, ਨੂੰ ਅਸਿੱਧੇ ਢੰਗ ਨਾਲ ਕੈਬਨਿਟ ਚੋਂ ਬਾਹਰ ਦਾ ਰਸਤਾ ਦਿਖਾਉਦਿਆਂ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ ਨਵੇਂ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਵਾਈ।
ਸਾਬਕਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਤੇ ਲੰਘੇ ਸਮੇਂ ਦੌਰਾਨ ਲਗਾਤਾਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਸਨ ਕਿਉਂਕਿ ਉਨ੍ਹਾਂ ਦੀ ਪੈਸੇ ਮੰਗਦਿਆਂ ਦੀ ਇਕ ਆਡੀਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਆਗੂਆਂ ਸਮੇਤ ਭਾਜਪਾ ਅਤੇ ਅਕਾਲੀ ਆਗੂਆਂ ਵਲੋਂ ਇਸੇ ਮੁੱਦੇ ਤੇ ਆਪ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਚੁੱਕੇ ਜਾ ਰਹੇ ਸੀ ਕਿ ਜਿਸ ਸਾਬਕਾ ਕੈਬਨਿਟ ਮੰਤਰੀ ਵਿਜੈ ਸਿੰਗਲਾ ਸਬੰਧੀ ਕਿਸੇ ਨੇ ਭ੍ਰਿਸ਼ਟਾਚਾਰ ਸਬੰਧੀ ਕੋਈ ਸਬੂਤ ਨਹੀਂ ਸੀ ਦੇਖਿਆ ਉਸ ਆਗੂ ਨੂੰ ਤਾਂ ਮੁੱਖ ਮੰਤਰੀ ਨੇ ਅਹੁਦੇ ਤੋਂ ਲਾਹ ਕੇ ਸਲਾਖਾਂ ਪਿਛੇ ਭੇਜਿਆ ਸੀ ਪਰ ਸਰਾਰੀ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣਾ ਆਪ ਸਰਕਾਰ ਦੀ ਕਾਰਵਾਈ ਤੇ ਸਵਾਲੀਆ ਨਿਸ਼ਾਨ ਸੀ।
ਇਸ ਸਭ ਵਿਚਕਾਰ ਜਨਵਰੀ ਦੇ ਪਹਿਲੇ ਹਫ਼ਤੇ ਹੀ ਫੌਜਾ ਸਿੰਘ ਸਰਾਰੀ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣਾ ਵਿਭਾਗ ਛੱਡ ਦਿੱਤਾ ਗਿਆ ਸੀ ਅਤੇ ਇਸ ਉਪਰੰਤ ਭਗਵੰਤ ਮਾਨ ਸਰਕਾਰ ਨੇ ਕੈਬਨਿਟ ਮੰਡਲ ਚ ਡਾ. ਬਲਬੀਰ ਸਿੰਘ ਨੂੰ ਜਿੰਮੇਵਾਰੀ ਦਿੱਤੀ ਗਈ ਹੈ।
ਇਸਦੇ ਨਾਲ ਹੀ ਮੁੱਖ ਮੰਤਰੀ ਨੇ ਮੌਜੂਦਾ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਬਦਲਾਅ ਕੀਤਾ ਹੈ। ਚੇਤਨ ਸਿੰਘ ਜੌੜਾਮਾਜਰਾ ਤੋਂ ਸਿਹਤ ਵਿਭਾਗ ਵਾਪਸ ਲਈ ਲਿਆ ਗਿਆ ਹੈ। ਉਨ੍ਹਾਂ ਨੂੰ ਹੁਣ ਘੱਟ ਪ੍ਰਭਾਵਸ਼ਾਲੀ ਸਾਬਕਾ ਮੰਤਰੀ ਫੌਜਾ ਸਿੰਘ ਵਾਲੇ ਵਿਭਾਗ ਦਿੱਤੇ ਗਏ ਹਨ। ਕੈਬਨਿਟ ਮੰਤਰੀ ਹਰਜੋਤ ਬੈਂਸ ਤੋਂ ਮਾਇਨਿੰਗ ਮਹਿਕਮਾ ਵਾਪਸ ਲੈਕੇ ਮੁੜ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਦੇ ਦਿੱਤਾ ਗਿਆ ਹੈ। ਬੈਂਸ ਹੁਣ ਪੂਰੀ ਤਰਾਂ ਸਿੱਖਿਆ ਵਿਭਾਗ ਦਾ ਕੰਮਕਾਜ ਦੇਖਣਗੇ। ਮੰਤਰੀ ਅਨਮੋਲ ਗਗਨ ਮਾਨ ਨੂੰ ਪ੍ਰੋਹਣਚਾਰੀ ਵਿਭਾਗ ਦੇ ਕੇ ਹੋਰ ਮਜ਼ਬੂਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਆਪਣੀ ਨਵੀਂ ਟੀਮ ਦੇ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ।