BBMB ਚ ਹਰਿਆਣਾ ਹੋਇਆ ਮਜ਼ਬੂਤ, ਬਿਜੇਂਦਰ ਨਾਰਾ ਨੂੰ ਮਿਲਿਆ ਸਿੰਚਾਈ ਮੈਂਬਰ ਦਾ ਵਾਧੂ ਚਾਰਜ

tv9-punjabi
Updated On: 

27 May 2025 13:33 PM

ਬੀਬੀਐਮਬੀ ਨੇ ਹਰਿਆਣਾ ਦੇ ਸੀਨੀਅਰ ਇੰਜੀਨੀਅਰ ਬਿਜੇਂਦਰ ਸਿੰਘ ਨਾਰਾ ਨੂੰ ਸਿੰਚਾਈ ਮੈਂਬਰ ਵਜੋਂ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਨਿਯੁਕਤੀਆਂ ਕਮੇਟੀ ਵੱਲੋਂ ਬਿਜਲੀ ਵਿਭਾਗ ਦੇ ਸੁਝਾਅ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਕੀਤੀ ਗਈ ਹੈ। ਨਾਰਾ ਹੁਣ ਬੀਬੀਐਮਬੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

BBMB ਚ ਹਰਿਆਣਾ ਹੋਇਆ ਮਜ਼ਬੂਤ, ਬਿਜੇਂਦਰ ਨਾਰਾ ਨੂੰ ਮਿਲਿਆ ਸਿੰਚਾਈ ਮੈਂਬਰ ਦਾ ਵਾਧੂ ਚਾਰਜ
Follow Us On

ਕੇਂਦਰ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਵਿੱਚ ਇੱਕ ਮਹੱਤਵਪੂਰਨ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਬਨਿਟ ਦੀ ਨਿਯੁਕਤੀਆਂ ਕਮੇਟੀ ਨੇ ਬਿਜਲੀ ਮੰਤਰਾਲੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੰਦੇ ਹੋਏ, ਬੀਬੀਐਮਬੀ ਦੇ ਮੁੱਖ ਇੰਜੀਨੀਅਰ ਬਿਜੇਂਦਰ ਸਿੰਘ ਨਾਰਾ ਨੂੰ ਮੈਂਬਰ (ਸਿੰਚਾਈ) ਦੇ ਅਹੁਦੇ ਦਾ ਵਾਧੂ ਚਾਰਜ ਦਿੱਤਾ ਹੈ।

ਇਹ ਚਾਰਜ ਛੇ ਮਹੀਨਿਆਂ ਦੀ ਮਿਆਦ ਲਈ ਜਾਂ ਨਿਯਮਤ ਨਿਯੁਕਤੀ ਹੋਣ ਤੱਕ ਜਾਂ ਅਗਲੇ ਨਿਰਦੇਸ਼ਾਂ ਤੱਕ ਪ੍ਰਭਾਵੀ ਰਹੇਗਾ। ਬੀਐਸ ਨਾਰਾ ਦੇ ਇਸ ਜ਼ਿੰਮੇਵਾਰੀ ਸੰਭਾਲਣ ਨਾਲ ਬੀਬੀਐਮਬੀ ਦੇ ਸਿੰਚਾਈ ਕਾਰਜਾਂ ਵਿੱਚ ਤਜਰਬੇ ਅਤੇ ਅਗਵਾਈ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਨਾਰਾ ਹਰਿਆਣਾ ਦੇ ਇੱਕ ਸੀਨੀਅਰ ਅਤੇ ਤਜਰਬੇਕਾਰ ਇੰਜੀਨੀਅਰ ਹਨ ਅਤੇ ਉਨ੍ਹਾਂ ਨੇ ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾਇਆ ਹੈ।

ਨੀਤੀ ਆਯੋਗ ਦੀ ਮੀਟਿੰਗ ਵਿੱਚ ਚੁੱਕਿਆ ਮੁੱਦਾ

ਪਿਛਲੇ ਦਿਨੀਂ ਦਿੱਲੀ ਵਿੱਚ ਹੋਈ ਨੀਤੀ ਆਯੋਗ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਬੀਐਮਬੀ ਦਾ ਮਸਲਾ ਚੁੱਕਿਆ ਸੀ। ਸੀਐਮ ਮਾਨ ਨੇ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ, ਦੋ ਰਾਜਾਂ ਵਿਚਕਾਰ ਕੋਈ ਵੀ ਜਲ ਸਮਝੌਤਾ 25 ਸਾਲਾਂ ਬਾਅਦ ਸਮੀਖਿਆਯੋਗ ਹੁੰਦਾ ਹੈ। ਉਹ ਹੁਣ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚਕਾਰ ਪਾਣੀ ਦੀ ਵੰਡ ਲਈ ਨਵੇਂ ਮਾਪਦੰਡ ਨਿਰਧਾਰਤ ਕਰਨ ਦੀ ਮੰਗ ਕਰਨਗੇ। ਉਨ੍ਹਾਂ ਇਹ ਵੀ ਦਲੀਲ ਦਿੱਤੀ ਕਿ ਪੰਜਾਬ ਹਰ ਸਾਲ ਦੇਸ਼ ਲਈ ਲੱਖਾਂ ਟਨ ਅਨਾਜ ਜਿਵੇਂ ਕਿ ਝੋਨਾ, ਕਣਕ, ਦਾਲਾਂ, ਕਪਾਹ ਆਦਿ ਪੈਦਾ ਕਰਦੇ ਹਨ, ਇਥੇ ਪਾਣੀ ਦਾ ਵੱਡਾ ਸਰੋਤ ਹੈ।

ਅੱਜ, ਰਾਜ ਦੇ 117 ਬਲਾਕ “ਡਾਰਕ ਜ਼ੋਨ” ਵਿੱਚ ਪਹੁੰਚ ਗਏ ਹਨ, ਯਾਨੀ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਡਿੱਗ ਗਿਆ ਹੈ। ਇਸ ਸਥਿਤੀ ਵਿੱਚ ਪੰਜਾਬ ਨੂੰ ਪਾਣੀ ‘ਤੇ ਵਿਸ਼ੇਸ਼ ਅਧਿਕਾਰ ਮਿਲਣੇ ਚਾਹੀਦੇ ਹਨ।