NIA Raid: ਬਠਿੰਡਾ ਵਿੱਚ NIA ਨੇ ਮਾਰਿਆ ਛਾਪਾ, ਇਮੀਗ੍ਰੇਸ਼ਨ ਏਜੰਟ ਤੋਂ ਹੋਈ ਪੁੱਛਗਿੱਛ
NIA ਦੇ ਅਫ਼ਸਰਾਂ ਵੱਲੋਂ ਤੜਕਸਾਰ ਪ੍ਰਤਾਪ ਨਗਰ ਵਿੱਚ ਇਮੀਗ੍ਰੇਸ਼ਨ ਏਜੰਟ ਗੁਰਪ੍ਰੀਤ ਸਿੰਘ ਜੋੜਾ ਉਰਫ਼ ਸੰਨੀ ਦੇ ਘਰ ਛਾਪਾ ਮਾਰਿਆ ਅਤੇ ਇੱਕ ਦਰਜ਼ਨ ਤੋਂ ਵਧੇਰੇ ਅਧਿਕਾਰੀਆਂ ਅਤੇ ਬਠਿੰਡਾ ਪੁਲਿਸ ਦੀ ਟੀਮ ਨੇ ਘਰ ਦੀ ਤਲਾਸ਼ੀ ਲਈ। ਜਾਂਚ ਦੌਰਾਨ, ਏਜੰਸੀ ਨੇ ਪਰਿਵਾਰ ਦੇ ਮੋਬਾਈਲ ਫੋਨ ਜ਼ਬਤ ਕੀਤੇ।
ਕੌਮੀ ਜਾਂਚ ਏਜੰਸੀ (NIA) ਨੇ ਪੰਜਾਬ ਦੇ ਬਠਿੰਡਾ ਵਿੱਚ ਛਾਪਮਾਰੀ ਕੀਤੀ ਹੈ। NIA ਦੇ ਅਫ਼ਸਰਾਂ ਵੱਲੋਂ ਤੜਕਸਾਰ ਪ੍ਰਤਾਪ ਨਗਰ ਵਿੱਚ ਇਮੀਗ੍ਰੇਸ਼ਨ ਏਜੰਟ ਗੁਰਪ੍ਰੀਤ ਸਿੰਘ ਜੋੜਾ ਉਰਫ਼ ਸੰਨੀ ਦੇ ਘਰ ਛਾਪਾ ਮਾਰਿਆ ਅਤੇ ਇੱਕ ਦਰਜ਼ਨ ਤੋਂ ਵਧੇਰੇ ਅਧਿਕਾਰੀਆਂ ਅਤੇ ਬਠਿੰਡਾ ਪੁਲਿਸ ਦੀ ਟੀਮ ਨੇ ਘਰ ਦੀ ਤਲਾਸ਼ੀ ਲਈ। ਜਾਣਕਾਰੀ ਅਨੁਸਾਰ ਇਹ ਤਲਾਸ਼ੀ ਕਰੀਬ 4 ਘੰਟਿਆਂ ਤੱਕ ਚੱਲੀ।
ਜਾਂਚ ਦੌਰਾਨ, ਏਜੰਸੀ ਨੇ ਪਰਿਵਾਰ ਦੇ ਮੋਬਾਈਲ ਫੋਨ ਜ਼ਬਤ ਕੀਤੇ ਅਤੇ ਘਰ ਦੀ ਤਲਾਸ਼ੀ ਲਈ। ਗੁਰਪ੍ਰੀਤ ਦੇ ਭਰਾ ਮਨਪ੍ਰੀਤ ਸਿੰਘ ਦੇ ਅਨੁਸਾਰ, ਐਨਆਈਏ ਨੇ ਉਹਨਾਂ ਤੋਂ ਇੱਕ ਖਾਸ ਅੰਤਰਰਾਸ਼ਟਰੀ ਕਾਲ ਬਾਰੇ ਪੁੱਛਗਿੱਛ ਕੀਤੀ। ਏਜੰਸੀ ਦਾ ਕਹਿਣਾ ਹੈ ਕਿ ਇਹ ਕਾਲ ਕੁਝ ਅਪਰਾਧਿਕ ਤੱਤਾਂ ਨਾਲ ਜੁੜੀ ਹੋ ਸਕਦੀ ਹੈ।
ਇਮੀਗ੍ਰੇਸ਼ਨ ਏਜੰਟ ਦੇ ਘਰ ਪਿਆ ਛਾਪਾ
ਮਨਪ੍ਰੀਤ ਨੇ ਕਿਹਾ ਕਿ ਵਿਦੇਸ਼ਾਂ ਤੋਂ ਕਾਲਾਂ ਆਉਣਾ ਆਮ ਗੱਲ ਹੈ ਕਿਉਂਕਿ ਉਹਨਾਂ ਦਾ ਭਰਾ ਇਮੀਗ੍ਰੇਸ਼ਨ ਕਾਰੋਬਾਰ ਵਿੱਚ ਹਨ, ਪਰ ਕੌਮੀ ਜਾਂਚ ਏਜੰਸੀ ਨੇ ਸ਼ੱਕੀ ਕਾਲਾਂ ਬਾਰੇ ਵੇਰਵੇ ਨਹੀਂ ਦਿੱਤੇ। ਜਾਂਚ ਤੋਂ ਬਾਅਦ, ਏਜੰਸੀ ਨੇ ਗੁਰਪ੍ਰੀਤ ਸਿੰਘ ਨੂੰ 27 ਜਨਵਰੀ ਨੂੰ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਸਵੇਰੇ ਸਵੇਰੇ ਦਿੱਤੀ ਦਬਿਸ਼
ਮਨਪ੍ਰੀਤ ਨੇ ਦੱਸਿਆ ਕਿ ਉਹ ਸਵੇਰ ਸਮੇਂ ਅਜੇ ਸੁੱਤੇ ਹੀ ਪਏ ਸਨ ਕਿ ਘਰ ਦੀਆਂ ਕਈ ਵੈੱਲਾਂ (ਘੰਟੀਆਂ) ਵੱਜੀਆਂ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਤੁਰੰਤ ਮੁਲਾਜ਼ਮ ਘਰ ਦੇ ਅੰਦਰ ਦਾਖਿਲ ਹੋ ਗਏ। ਮਨਪ੍ਰੀਤ ਨੇ ਕਿਹਾ ਕਿ ਪਹਿਲਾਂ ਤਾਂ ਟੀਮ ਨੇ ਆਪਣੇ ਬਾਰੇ ਕੁੱਝ ਦੱਸਿਆ ਨਹੀਂ ਪਰ ਬਾਅਦ ਵਿੱਚ ਫੋਨ ਚੈੱਕ ਕਰਨ ਮਗਰੋਂ ਉਹਨਾਂ ਨੂੰ ਦੱਸਿਆ ਗਿਆ ਕਿ NIA ਵੱਲੋਂ ਇਹ ਰੇਡ ਕੀਤੀ ਗਈ ਹੈ।
ਮਨਪ੍ਰੀਤ ਨੇ ਦਾਅਵਾ ਕੀਤਾ ਕਿ ਜਾਂਚ ਕਰਨ ਆਈ ਟੀਮ ਨੂੰ ਘਰ ਵੱਲੋਂ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਜਿਸ ਮਗਰੋਂ ਉਹ ਅਧਿਕਾਰੀ ਵਾਪਿਸ ਚਲੇ ਗਏ। ਮਨਪ੍ਰੀਤ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਦੇ ਫੋਨ ਤੇ ਕਿਸੇ ਖ਼ਤਰਨਾਕ ਬੰਦੇ ਦਾ ਫੋਨ ਆਇਆ ਹੈ। ਜਿਸ ਤੋਂ ਬਾਅਦ ਟੀਮ ਨੇ ਉਹਨਾਂ ਦੀ ਫੋਨ ਦੀ ਜਾਂਚ ਕੀਤੀ। ਉਹਨਾਂ ਦੱਸਿਆ ਕਿ ਜਾਂਦੇ ਸਮੇਂ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਪੁੱਛ ਗਿੱਛ ਲਈ ਚੰਡੀਗੜ੍ਹ ਆਉਣਾ ਪਵੇਗਾ।