Positive Story: 15 ਸਾਲ ਕੀਤੇ ਨਸ਼ੇ, ਫੇਰ ਖੁਦਕੁਸ਼ੀ ਦੀ ਕੋਸ਼ਿਸ, ਅੰਮ੍ਰਿਤ ਛਕਣ ਤੋਂ ਬਾਅਦ ਬਦਲੀ ਜ਼ਿੰਦਗੀ
Manpreet's Journey of Hope: ਮਨਪ੍ਰੀਤ ਸਿੰਘ ਨੇ 15 ਸਾਲ ਨਸ਼ਿਆਂ ਦੀ ਗੁਲਾਮੀ ਕੀਤੀ, ਜਿਸ ਕਾਰਨ ਉਸਨੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ। ਪਰ ਅੰਮ੍ਰਿਤ ਛਕਣ ਤੋਂ ਬਾਅਦ ਉਸਦੀ ਜ਼ਿੰਦਗੀ ਬਦਲ ਗਈ। ਹੁਣ ਉਹ ਕਿਰਤ ਕਰਦਾ ਹੈ ਅਤੇ ਨਸ਼ਾ ਛੱਡਣ ਵਾਲਿਆਂ ਲਈ ਪ੍ਰੇਰਣਾ ਸਰੋਤ ਬਣਿਆ ਹੈ। ਪੰਜਾਬ ਸਰਕਾਰ ਵੀ ਉਸਨੂੰ ਨਸ਼ਾ ਵਿਰੋਧੀ ਮੁਹਿੰਮ ਵਿੱਚ ਸ਼ਾਮਲ ਕਰ ਰਹੀ ਹੈ।

ਨਸ਼ਾ… ਜਦੋਂ ਇਹ ਸ਼ਬਦ ਸਾਡੇ ਸਾਹਮਣੇ ਆਉਂਦਾ ਹੈ ਤਾਂ ਇੰਝ ਲੱਗਦਾ ਹੈ ਕਿ ਕੋਈ ਮੱਥੇ ਲੱਗਿਆ ਕਲੰਕ ਹੋਵੇ, ਇਸ ਨਸ਼ੇ ਨੇ ਪਤਾ ਹੀ ਨਹੀਂ ਕਿੰਨੇ ਕੁ ਲੋਕਾਂ ਦੀ ਜਿੰਦਗੀ ਬਰਬਾਦ ਕਰ ਦਿੱਤੀ, ਕਿੰਨੀਆਂ ਕੁੜੀਆਂ, ਕਿੰਨੇ ਹੀ ਮੁੰਡੇ ਇਸ ਨਸ਼ਿਆਂ ਦੇ ਦਲ-ਦਲ ਵਿੱਚ ਹਮੇਸ਼ਾ ਹਮੇਸ਼ਾ ਹੀ ਫਸ ਕੇ ਰਹਿ ਗਏ, ਪਰ ਕੁੱਝ ਲੋਕ ਅਜਿਹੇ ਹੀ ਹਨ ਜਿੰਨ੍ਹਾਂ ਨੇ ਹਿੰਮਤ ਨੂੰ ਆਪਣਾ ਯਾਰ ਬਣਾਇਆ। ਹੌਂਸਲੇ ਨਾਲ ਉਸ ਸਥਿਤੀ ਦਾ ਮੁਕਾਬਲਾ ਕੀਤਾ ਅਤੇ ਆਪਣੇ ਜਿੰਦਗੀ ਬਦਲ ਲਈ।
ਬਰਨਾਲਾ ਜਿਲ੍ਹੇ ਦੇ ਕਸਬਾ ਧਨੌਲਾ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਹੁਣ ਹੋਰਨਾਂ ਲੋਕਾਂ ਲਈ ਪ੍ਰੇਰਣਾਦਾਇਕ ਬਣ ਗਿਆ ਹੈ। ਕੁੱਝ ਕੁ ਸਾਲ ਪਹਿਲਾਂ ਜਿਹੜੇ ਲੋਕ ਉਸ ਨੂੰ ਬੁਲਾਉਣਾ ਪਸੰਦ ਨਹੀਂ ਸੀ ਕਰਦੇ ਹੁਣ ਉਸ ਦੀਆਂ ਗੱਲਾਂ ਨੂੰ ਸੁਣ ਰਹੇ ਹਨ ਅਤੇ ਬਹੁਤ ਲੋਕ ਹੌਂਸਲਾ ਅਫ਼ਜਾਈ ਵੀ ਕਰ ਰਹੇ ਹਨ।
ਨਸ਼ੇ ਨੇ ਜਕੜਿਆ ਮਨਪ੍ਰੀਤ
ਮਨਪ੍ਰੀਤ 15 ਕੁ ਸਾਲ ਪਹਿਲਾਂ ਮਾੜੀ ਸੰਗਤ ਵਿੱਚ ਪੈ ਗਿਆ ਸੀ। ਜਿਸ ਦਾ ਨਤੀਜ਼ਾ ਇਹ ਹੋਇਆ ਕਿ ਉਹ ਨਸ਼ੇ ਕਰਨ ਲੱਗ ਪਿਆ, ਉਸ ਨੂੰ ਵੀ ਪਤਾ ਨਹੀਂ ਲੱਗਿਆ ਕਿ ਕਦੋਂ ਉਹ ਸਵਾਦ ਸਵਾਦ ਵਿੱਚ ਨਸ਼ੇੜੀ ਬਣ ਗਿਆ। ਕਦੋਂ ਉਹ ਸਮੈਕ ਤੋਂ ਲੈਕੇ ਮੈਡੀਕਲ ਨਸ਼ੇ ਕਰਨ ਲੱਗ ਪਿਆ।
ਨਸ਼ਿਆਂ ਨੇ ਮਨਪ੍ਰੀਤ ਦੀ ਜਿੰਦਗੀ ਵਿੱਚ ਅਜਿਹੀ ਚੋਟ ਕੀਤੀ ਕਿ ਰਿਸ਼ਤੇਦਾਰਾਂ ਤੋਂ ਲੈਕੇ ਪਿੰਡ ਦੇ ਲੋਕ ਉਸ ਕੋਲੋਂ ਦੂਰੀ ਵੱਟਣ ਲੱਗ ਪਏ। ਪਰਿਵਾਰ ਵੀ ਦੁਖੀ ਰਹਿਣ ਲੱਗਿਆ। ਮਨਪ੍ਰੀਤ ਨੇ ਨਸ਼ਿਆਂ ਲਈ ਲੱਖਾਂ ਰੁਪਏ ਬਰਬਾਦ ਕਰ ਦਿੱਤੇ ਅਤੇ ਕਈ ਕਈ ਵਾਰ ਆਪਣੇ ਸਰੀਰ ਨੂੰ ਵੀ ਨੁਕਸਾਨ ਪਹੁੰਚਾਇਆ।
ਖੁਦਕੁਸ਼ੀ ਦੀ ਕੀਤੀ ਕੋਸ਼ਿਸ
ਨਸ਼ਿਆਂ ਦੇ ਦਲ ਦਲ ਵਿੱਚ ਫ਼ਸ ਕੇ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਮਨਪ੍ਰੀਤ ਨੂੰ ਲੱਗਣ ਲੱਗਿਆ ਕਿ ਹੁਣ ਉਸ ਦੀ ਜ਼ਿੰਦਗੀ ਦਾ ਕੋਈ ਅਰਥ ਨਹੀਂ, ਹੁਣ ਆਪਣੇ ਆਪ ਤੋਂ ਦੁਖੀ ਰਹਿਣ ਲੱਗਿਆ। ਇੱਕ ਦਿਨ ਉਹਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਖੁਦ ਨੂੰ ਮਾਰ ਲਿਆ ਜਾਵੇ। ਜਿਸ ਤੋਂ ਬਾਅਦ ਮਨਪ੍ਰੀਤ ਨੇ ਖੁਦਕੁਸ਼ੀ ਦੀ ਕੋਸ਼ਿਸ ਕੀਤੀ ਪਰ ਜ਼ਿੰਦਗੀ ਨੇ ਮਨਪ੍ਰੀਤ ਤੋਂ ਕੁੱਝ ਹੋਰ ਕੰਮ ਕਰਵਾਉਣੇ ਸਨ, ਅਖੀਰ ਉਹ ਖੁਦਕੁਸ਼ੀ ਕਰਨ ਵਿੱਚ ਅਫ਼ਸਲ ਰਿਹਾ।
ਇਹ ਵੀ ਪੜ੍ਹੋ
ਅੰਮ੍ਰਿਤ ਬਣ ਗਿਆ ਵਰਦਾਨ
ਇੱਕ ਸਮਾਂ ਅਜਿਹਾ ਆਇਆ ਜਦੋਂ ਮਨਪ੍ਰੀਤ ਨੇ ਆਪਣੇ ਮਨ ਦੀ ਗੱਲ ਸੁਣੀ ਅਤੇ ਰੱਬ ਦਾ ਆਸਰਾ ਲੈਣ ਦਾ ਫੈਸਲਾ ਕੀਤਾ, ਮਨਪ੍ਰੀਤ ਨੇ ਅੰਮ੍ਰਿਤ ਛਕ ਲਿਆ ਅਤੇ ਬਾਬੇ ਨਾਨਕ ਦੇ ਦਿਖਾਏ ਕਿਰਤ ਕਰਨ ਦੇ ਰਾਹ ਤੇ ਚੱਲਣ ਲੱਗਿਆ, ਦੇਖਦਿਆਂ ਦੇਖਦਿਆਂ ਮਨਪ੍ਰੀਤ ਦੀ ਜਿੰਦਗੀ ਬਦਲਣ ਲੱਗੀ, ਮਨਪ੍ਰੀਤ ਦਾ ਨਸ਼ਿਆ ਤੋਂ ਮੂੰਹ ਮੁੜ ਗਿਆ ਅਤੇ ਗੁਰਬਾਣੀ ਨਾਲ ਮਨ ਜੁੜ ਗਿਆ।
ਹੁਣ ਨਸ਼ਾ ਨਹੀਂ, ਖੇਤੀ ਕਰਦਾ ਹੈ ਮਨਪ੍ਰੀਤ
ਪਿਛਲੇ 2 ਸਾਲ ਤੋਂ ਮਨਪ੍ਰੀਤ ਨਸ਼ਿਆਂ ਤੋਂ ਦੂਰ ਹੋ ਗਿਆ ਹੈ ਅਤੇ ਪਰਿਵਾਰ ਨਾਲ ਖੇਤੀ ਅਤੇ ਉਸ ਦੇ ਸਹਾਇਕ ਧੰਦਿਆਂ ਵਿੱਚ ਮਦਦ ਕਰਦਾ ਹੈ। ਮਨਪ੍ਰੀਤ ਨੇ ਕਿਰਤ ਨੂੰ ਆਪਣੀ ਜਿੰਦਗੀ ਵਿੱਚ ਅਹਿਮ ਬਣਾ ਲਿਆ ਹੈ।
ਨਸ਼ੇ ਛੱਡਣ ਲਈ ਪ੍ਰੇਰਨਾ ਬਣੇਗਾ ਮਨਪ੍ਰੀਤ
ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ਼ ਮੁਹਿੰਮ ਚਲਾ ਰਹੀ ਹੈ ਅਤੇ ਬਰਨਾਲਾ ਪ੍ਰਸ਼ਾਸਨ ਨੇ ਹੁਣ ਮਨਪ੍ਰੀਤ ਨੂੰ ਆਪਣੀ ਮੁਹਿੰਮ ਦਾ ਚਿਹਰਾ ਬਣਾਉਣ ਦਾ ਫੈਸਲਾ ਲਿਆ ਹੈ। ਬੀਤੇ ਦਿਨ ਹੀ ਮਨਪ੍ਰੀਤ ਸਿੰਘ ਨੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਟੀ ਬੈਨਿਥ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਜਿੰਦਗੀ ਦੇ ਉਤਾਰ ਚੜਾਵਾਂ ਬਾਰੇ ਦੱਸਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਨਪ੍ਰੀਤ ਨੂੰ ਸੂਬਾ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਸੌਂਪੀ ਜਾਵੇਗੀ। ਉਹ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਦਾ ਦੌਰਾ ਕਰਨਗੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕਰਨਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਵਿਅਕਤੀ ਜੋ ਖੁਦ ਨਸ਼ੇ ਦੇ ਕੋਹੜ ਦਾ ਸਾਹਮਣਾ ਕਰ ਚੁੱਕਾ ਹੈ, ਉਹ ਦੂਜਿਆਂ ਨੂੰ ਇਸ ਤੋਂ ਬਚਣ ਲਈ ਸਭ ਤੋਂ ਵਧੀਆ ਮਾਰਗਦਰਸ਼ਨ ਦੇ ਸਕਦਾ ਹੈ। ਉਹਨਾਂ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਹੋਰ ਕਿਸੇ ਵਿਅਕਤੀ ਨੇ ਵੀ ਨਸ਼ੇ ਛੱਡ ਆਪਣੀ ਜਿੰਦਗੀ ਨੂੰ ਸੰਵਾਰਿਆ ਹੈ ਤਾਂ ਉਹਗ ਆਪਣੇ ਕਹਾਣੀ ਸਾਂਝੀ ਕਰਨ ਤਾਂ ਜੋ ਨਸ਼ੇ ਵਿੱਚ ਡੁੱਬੇ ਲੋਕਾਂ ਨੂੰ ਇੱਕ ਉਮੀਦ ਦੀ ਕਿਰਨ ਮਿਲ ਸਕੇ।
TV9 ਪੰਜਾਬੀ ਵੀ ਆਪਣੇ ਪਾਠਕਾਂ ਅਤੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਹੈ ਕਿ ਇਸ ਨਸ਼ਿਆਂ ਦੇ ਆਲਮ ਨੂੰ ਖ਼ਤਮ ਕਰਨ ਵਿੱਚ ਆਪਣਾ ਸਹਿਯੋਗ ਦਿਓ ਅਤੇ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਵੀ ਵਿਅਕਤੀ ਜਾਂ ਔਰਤ ਨਸ਼ਿਆਂ ਤੋਂ ਪੀੜਤ ਹੈ ਤਾਂ ਉਸ ਨੂੰ ਹੌਂਸਲਾ ਦਿਓ ਅਤੇ ਉਸ ਨੂੰ ਨਸ਼ਾ ਵਿਰੋਧੀ ਮੁਹਿੰਮ ਨਾਲ ਜੋੜ ਕੇ ਨੇੜਲੇ ਸਰਕਾਰੀ ਹਸਪਤਾਲ ਤੋਂ ਉਸ ਦਾ ਇਲਾਜ ਕਰਵਾਓ। ਪੰਜਾਬ ਸਰਕਾਰ ਤੁਹਾਡੀ ਮਦਦ ਕਰ ਰਹੀ ਹੈ।